ਫੁੱਟਬਾਲ ਦੀ ਨੈਸ਼ਨਲ ਖਿਡਾਰਣ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਇੰਸਟਾਗ੍ਰਾਮ ’ਤੇ ਲਿਖਿਆ ਭਾਵੁਕ ਸੁਨੇਹਾ
Friday, Jul 30, 2021 - 11:13 AM (IST)
ਖਰਖੋਨ (ਵਾਰਤਾ) : ਮੱਧ ਪ੍ਰਦੇਸ਼ ਦੇ ਖਰਖੋਨ ਜ਼ਿਲ੍ਹਾ ਹੈੱਡਕੁਆਟਰ ’ਤੇ ਸਾਬਕਾ ਸੂਬਾ ਪੱਧਰੀ ਮਹਿਲਾ ਫੁੱਟਬਾਲ ਖਿਡਾਰੀ ਨੇ ਇੰਸਟਾਗ੍ਰਾਮ ’ਤੇ ਸੰਦੇਸ਼ ਪਾ ਕੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਹੈ। ਪੁਲਸ ਦੇ ਸਬ-ਡਵੀਜ਼ਨਲ ਅਧਿਕਾਰੀ ਰੋਹਿਤ ਅਲਾਵਾ ਨੇ ਦੱਸਿਆ ਕਿ ਵੀਰਵਾਰ ਨੂੰ ਖਰਗੋਨ ਤੋਂ 4 ਕਿਲੋਮੀਟਰ ਦੂਰ ਡਾਬਰੀਆ ਰੋਡ ’ਤੇ ਸਥਿਤ ਖੇਤਾਂ ਵਿਚ 26 ਸਾਲਾ ਮਹਿਲਾ ਦੀ ਸੜ੍ਹੀ ਹੋਈ ਲਾਸ਼ ਮਿਲੀ ਸੀ। ਉਸ ਦੀ ਪਛਾਣ ਫੁੱਟਬਾਲ ਖਿਡਾਰੀ ਭਾਵਨਾ ਧਨਗਰ ਦੇ ਰੂਪ ਵਿਚ ਹੋਈ। ਉਨ੍ਹਾਂ ਦੱਸਿਆ ਭਾਵਨਾ ਨੇ ਘਟਨਾ ਤੋਂ ਪਹਿਲਾਂ ਆਪਣੇ ਇੰਸਟਾਗ੍ਰਾਮ ’ਤੇ ਖ਼ੁਦਕੁਸ਼ੀ ਕਰਨ ਦੀ ਗੱਲ ਵੀ ਸਾਂਝੀ ਕੀਤੀ ਸੀ, ਜਿਸ ਵਿਚ ਉਸ ਨੇ ਲਿਖਿਆ, ‘ਮੈਂ ਜ਼ਿੰਦਗੀ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਰਹੀ ਹਾਂ। ਮੇਰੇ ਕਾਰਨ ਕਿਸੇ ਨੂੰ ਪਰੇਸ਼ਾਨ ਨਾ ਕੀਤਾ ਜਾਵੇ, ਅਲਵਿਦਾ ਜ਼ਿੰਦਗੀ।' ਉਸ ਕੋਲੋਂ ਇਕ ਸੁਸਾਇਡ ਨੋਟ ਵੀ ਮਿਲਿਆ ਹੈ, ਜਿਸ ਵਿਚ ਉਸ ਨੇ ਜ਼ਿੰਦਗੀ ਤੋਂ ਪਰੇਸ਼ਾਨ ਹੋ ਕੇ ਆਪਣੀ ਮਰਜ਼ੀ ਨਾਲ ਖ਼ੁਦਕੁਸ਼ੀ ਕਰਨ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ: ਮੁੱਕੇਬਾਜ਼ੀ ’ਚ ਭਾਰਤ ਨੂੰ ਵੱਡਾ ਝਟਕਾ, ਟੋਕੀਓ ਓਲੰਪਿਕ ’ਚੋਂ ਬਾਹਰ ਹੋਈ ਮੈਰੀਕਾਮ
ਖ਼ੁਦਕੁਸ਼ੀ ਕਰਨ ਦੌਰਾਨ ਭਾਵਨਾ ਨੇ ਆਪਣੀ ਮਹਿਲਾ ਮਿੱਤਰ ਨੂੰ ਮੋਬਾਇਲ ਰਾਹੀਂ ਫੋਨ ਕਰਕੇ ਕਿ ਕਿਹਾ ਸੀ ਕਿ ਉਸ ਨੇ ਆਪਣੇ ਸਰੀਰ ’ਤੇ ਪੈਟਰੋਲ ਪਾ ਲਿਆ ਹੈ ਅਤੇ ਉਹ ਖੇਤਾਂ ’ਚ ਆ ਜਾਏ। ਭਾਵਨਾ ਨੂੰ ਫੁੱਟਬਾਲ ਦੇ ਮੈਦਾਨ ਵਿਚ ਲਿਆਉਣ ਵਾਲੇ ਸਰਕਾਰੀ ਅਧਿਆਪਕ ਅਤੇ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੇ ਸਕੱਤਰ ਸਚਿਨ ਮੋਰੇ ਨੇ ਦੱਸਿਆ ਕਿ ਭਾਵਨਾ ਨੇ 2017 ਵਿਚ ਪੰਜਾਬ ਵਿਚ ਹੋਏ ਰਾਸ਼ਟਰ ਪੱਧਰ ਦੇ ਮਹਿਲਾ ਫੁੱਟਬਾਲ ਮੁਕਾਬਲੇ ਵਿਚ ਮੱਧ ਪ੍ਰਦੇਸ਼ ਦੀ ਨੁਮਾਇੰਦਗੀ ਕੀਤੀ ਸੀ। ਇਸ ਤੋਂ ਇਲਾਵਾ ਉਹ ਸਕੂਲੀ ਜੀਵਨ ਵਿਚ ਸੂਬਾ ਪੱਧਰ ’ਤੇ 7 ਵਾਰ ਖੇਡ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਉਹ ਇਕ ਨਿੱਜੀ ਸਕੂਲ ਵਿਚ ਖੇਡ ਕੋਚ ਦੇ ਰੂਪ ਵਿਚ ਤਾਇਨਾਤ ਸੀ ਅਤੇ ਹਾਲ ਹੀ ਵਿਚ ਸਰਕਾਰੀ ਨੌਕਰੀ ਪਾਉਣ ਲਈ ਉਸ ਨੇ ਬੀ.ਪੀ.ਐੱਡ. ਦਾ ਫਾਰਮ ਭਰਿਆ ਸੀ।