ਲੇਡੀਜ਼ ਡੈਨ ਬਾਸ਼ ਤੋਂ 1-3 ਨਾਲ ਹਾਰੀ ਮਹਿਲਾ ਹਾਕੀ ਟੀਮ

09/16/2017 1:22:19 AM

ਡੈਨ ਬਾਸ਼— ਯੂਰਪ ਦੌਰੇ 'ਤੇ ਗਈ ਭਾਰਤੀ ਮਹਿਲਾ ਹਾਕੀ ਟੀਮ ਨੂੰ ਆਪਣੇ ਤੀਜੇ ਮੈਚ 'ਚ ਲੇਡੀਜ਼ ਡੈਨ ਬਾਸ਼ ਹੱਥੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਪਹਿਲੇ ਕੁਆਰਟਰ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਲੇਡੀਜ਼ ਡੈਨ ਬਾਸ਼ ਦੀ ਟੀਮ ਨੇ 12ਵੇਂ ਮਿੰਟ 'ਚ ਮਿਲੇ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲ ਕੇ ਸਕੋਰ 1-0 ਕਰ ਦਿੱਤਾ। ਦੂਜੇ ਕੁਆਰਟਰ ਵਿਚ ਦੋਵਾਂ ਟੀਮਾਂ ਨੇ ਗੋਲ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆ।
ਭਾਰਤੀ ਫਾਰਵਰਡ ਲਾਲਰੇਮਿਸਆਮੀ 22ਵੇਂ ਮਿੰਟ 'ਚ ਗੋਲ ਕਰਨ ਦੇ ਬਿਲਕੁਲ ਨੇੜੇ ਸੀ ਪਰ ਉਹ ਇਸ 'ਚ ਅਸਫਲ ਰਹੀ। ਭਾਰਤੀ ਗੋਲਕੀਪਰ ਸਵਿਤਾ ਨੇ ਇਸ ਮਿੰਟ 'ਚ ਇਕ ਗੋਲ ਵੀ ਬਚਾਇਆ ਪਰ ਡੇਨ ਅਸਿਮ ਨੇ 45ਵੇਂ ਮਿੰਟ ਵਿਚ ਇਕ ਹੋਰ ਗੋਲ ਕਰ ਕੇ ਲੇਡੀਜ਼ ਡੈਨ ਬਾਸ਼ ਦਾ ਸਕੋਰ 2-0 ਕਰ ਦਿੱਤਾ। ਤੀਜੇ ਕੁਆਰਟਰ 'ਚ ਭਾਰਤ ਨੇ ਸਵਿਤਾ ਦੀ ਜਗ੍ਹਾ ਰਜਨੀ ਨੂੰ ਗੋਲਕੀਪਰ ਦੇ ਰੂਪ 'ਚ ਉਤਾਰਿਆ, ਜਿਸ ਨੇ 33ਵੇਂ ਮਿੰਟ 'ਚ ਸ਼ਾਨਦਾਰ ਡਾਈਵ ਲਾ ਕੇ ਗੋਲ ਬਚਾਇਆ ਪਰ ਦੂਜੇ ਪਾਸੇ 36ਵੇਂ ਮਿੰਟ 'ਚ ਕਪਤਾਨ ਰਾਣੀ ਦਾ ਇਕ ਸ਼ਾਨਦਾਰ ਗੋਲ ਡੱਚ ਗੋਲਕੀਪਰ ਨੇ ਬਚਾ ਲਿਆ।
ਚੌਥੇ ਕੁਆਰਟਰ ਦੇ 47ਵੇਂ ਮਿੰਟ 'ਚ ਡਿਫੈਂਡਰ ਨਵਦੀਪ ਕੌਰ ਨੇ ਗੋਲ ਕਰ ਕੇ ਸਕੋਰ 1-2 ਕਰ ਦਿੱਤਾ। ਇਸ ਤੋਂ ਤਿੰਨ ਮਿੰਟ ਬਾਅਦ ਹੀ ਭਾਰਤ ਨੂੰ ਇਕ ਹੋਰ ਮੌਕਾ ਮਿਲਿਆ ਪਰ ਡੱਚ ਗੋਲਕੀਪਰ ਨੇ ਉਸ ਨੂੰ ਨਾਕਾਮ ਕਰ ਦਿੱਤਾ। 57ਵੇਂ ਮਿੰਟ 'ਚ ਇਮਕੇ ਹੋਈਕ ਨੇ ਇਕ ਹੋਰ ਗੋਲ ਕਰ ਕੇ ਲੇਡੀਜ਼ ਡੈਨ ਬਾਸ਼ ਦੀ ਟੀਮ ਦਾ ਸਕੋਰ 3-1 ਕਰ ਦਿੱਤਾ। ਮੁਕਾਬਲੇ 'ਚ ਹੋਰ ਕੋਈ ਗੋਲ ਨਹੀਂ ਹੋ ਸਕਿਆ ਤੇ ਲੇਡੀਜ਼ ਡੈਨ ਬਾਸ਼ ਟੀਮ ਨੇ 3-1 ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ। ਭਾਰਤੀ ਟੀਮ 18 ਸਤੰਬਰ ਨੂੰ ਬੈਲਜੀਅਮ ਜੂਨੀਅਰ ਪੁਰਸ਼ ਟੀਮ ਵਿਰੁੱਧ ਯੂਰਪ ਦੌਰ 'ਤੇ ਆਪਣਾ ਚੌਥਾ ਤੇ ਆਖਰੀ ਮੈਚ ਖੇਡੇਗੀ।


Related News