ਮਹਿਲਾ ਐਮਰਜਿੰਗ ਏਸ਼ੀਆ ਕੱਪ: ਸ਼੍ਰੇਅੰਕਾ ਦੀਆਂ 5 ਵਿਕਟਾਂ ਦੀ ਮਦਦ ਨਾਲ ਭਾਰਤ ਨੇ ਹਾਂਗਕਾਂਗ ਨੂੰ ਹਰਾਇਆ

Tuesday, Jun 13, 2023 - 04:26 PM (IST)

ਮਹਿਲਾ ਐਮਰਜਿੰਗ ਏਸ਼ੀਆ ਕੱਪ: ਸ਼੍ਰੇਅੰਕਾ ਦੀਆਂ 5 ਵਿਕਟਾਂ ਦੀ ਮਦਦ ਨਾਲ ਭਾਰਤ ਨੇ ਹਾਂਗਕਾਂਗ ਨੂੰ ਹਰਾਇਆ

ਮਾਂਗਕਾਕ/ਹਾਂਗਕਾਂਗ (ਭਾਸ਼ਾ) : ਉਭਰਦੀ ਆਲਰਾਊਂਡਰ ਸ਼੍ਰੇਅੰਕਾ ਪਾਟਿਲ ਨੇ 2 ਦੌੜਾਂ ਦੇ ਕੇ 5 ਵਿਕਟਾਂ ਲਈਆਂ, ਜਿਸ ਨਾਲ ਭਾਰਤ ਦੀ ਅੰਡਰ-23 ਮਹਿਲਾ ਟੀਮ ਨੇ ਮਹਿਲਾ ਐਮਰਜਿੰਗ ਏਸ਼ੀਆ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਹਾਂਗਕਾਂਗ ਦੀ ਟੀਮ ਖ਼ਿਲਾਫ਼ 9 ਵਿਕਟਾਂ ਦੀ ਆਸਾਨ ਜਿੱਤ ਨਾਲ ਕੀਤੀ। ਪਹਿਲੀ ਮਹਿਲਾ ਪ੍ਰੀਮੀਅਰ ਲੀਗ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਵੱਲੋਂ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਨਾਂ ਵਿਚ ਸ਼ਾਮਲ ਰਹੀ 20 ਸਾਲਾ ਸ਼੍ਰੇਅੰਕਾ ਦੀ ਆਫ ਸਪਿਨ ਗੇਂਦਬਾਜ਼ੀ ਦੇ ਸਾਹਮਣੇ ਹਾਂਗਕਾਂਗ ਦੀ ਟੀਮ 14 ਓਵਰਾਂ ਵਿੱਚ ਸਿਰਫ਼ 34 ਦੌੜਾਂ 'ਤੇ ਸਿਮਟ ਗਈ।

ਹਾਂਗਕਾਂਗ ਵੱਲੋਂ ਸਲਾਮੀ ਬੱਲੇਬਾਜ਼ ਮਾਰੀਕੋ ਹਿੱਲ ਨੇ 19 ਗੇਂਦਾਂ 'ਚ 14 ਦੌੜਾਂ ਬਣਾਈਆਂ। ਅੰਡਰ-19 ਵਿਸ਼ਵ ਕੱਪ ਭਾਰਤ ਦੀ ਸਟਾਰ ਖਿਡਾਰਨ ਖੱਬੇ ਹੱਥ ਦੀ ਸਪਿਨਰ ਮੰਨਤ ਕਸ਼ਯਪ ਅਤੇ ਲੈੱਗ ਸਪਿਨਰ ਪਾਰਸ਼ਵੀ ਚੋਪੜਾ ਨੇ ਵੀ 2-2 ਵਿਕਟਾਂ ਲਈਆਂ। ਜੀ ਤ੍ਰਿਸ਼ਾ ਦੀ ਅਜੇਤੂ 19 ਦੌੜਾਂ ਦੀ ਪਾਰੀ ਦੀ ਮਦਦ ਨਾਲ ਭਾਰਤ ਨੇ 5.2 ਓਵਰਾਂ 'ਚ 38 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ।


author

cherry

Content Editor

Related News