ਮਹਿਲਾ ਕੰਪਾਊਂਡ ਨੂੰ ਚਾਂਦੀ ਅਤੇ ਮਿਕਸਡ ਟੀਮ ਨੇ ਹਾਸਲ ਕੀਤਾ ਕਾਂਸੀ ਤਮਗਾ
Saturday, Jul 21, 2018 - 08:17 PM (IST)

ਨਵੀਂ ਦਿੱਲੀ : ਭਾਰਤੀ ਮਹਿਲਾ ਕੰਪਾਊਂਡ ਟੀਮ ਜਰਮਨੀ ਦੇ ਬਰਲਿਨ 'ਚ ਤੀਰਅੰਦਾਜ਼ੀ ਵਿਸ਼ਵ ਕੱਪ ਚਰਣ-4 ਦੇ ਫਾਈਨਲ 'ਚ ਫ੍ਰਾਂਸ ਨਾਲ ਸਿਰਫ ਇਕ ਅੰਕ ਤੋਂ ਪੱਛੜ ਗਈ ਅਤੇ ਉਸ ਨੂੰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ, ਜਦਕਿ ਮਿਕਸਡ ਕੰਪਾਊਂਡ ਟੀਮ ਨੇ ਕਾਂਸੀ ਤਮਗਾ ਹਾਸਲ ਕੀਤਾ। ਭਾਰਤੀ ਮਹਿਲਾ ਟੀਮ 'ਚ ਮੱਧ ਪ੍ਰਦੇਸ਼ ਰਾਜ ਤੀਰਅੰਦਾਜ਼ ਅਕੈਡਮੀ ਜਬਲਪੁਰ ਦੀ ਪ੍ਰਤੀਭਾਵਾਨ ਖਿਡਾਰਨ ਮੁਸਕਾਨ ਕਿਰਾਰ, ਪੈਟ੍ਰੋਲਿਅਮ ਸਪੋਰਟਸ ਪ੍ਰਮੋਸ਼ਨ ਬੋਰਡ ਦੀ ਜਿਉਤੀ ਸੁਰੇਖਾ ਅਤੇ ਰੇਲਵੇ ਦੀ ਤ੍ਰਿਸ਼ਾ ਦੇਵ ਸ਼ਾਮਲ ਸੀ ਅਤੇ ਸੋਨ ਤਮਗੇ ਮੁਕਾਬਲੇ 'ਚ ਫ੍ਰਾਂਸ ਨਾਲ 228-229 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅਭਿਸ਼ੇਕ ਵਰਮਾ ਅਤੇ ਜਿਓਤੀ ਸੁਰੇਖਾ ਦੀ ਮਿਕਸਡ ਟੀਮ ਨੇ ਤੁਰਕੀ ਦੀ ਟੀਮ ਨੂੰ 156-153 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ। ਫਾਈਨਲ ਦੇ ਪਹਿਲੇ ਰਾਊਂਡ 'ਚ ਭਾਰਤੀ ਮਹਿਲਾ ਟੀਮ ਨੇ 59-57 ਨਾਲ ਬੜ੍ਹਤ ਬਣਾਈ ਪਰ ਦੂਜੇ ਰਾਊਂਡ 'ਚ ਫ੍ਰਾਂਸ ਨੇ 59-57 ਨਾਲ ਜਿੱਤ ਹਾਸਲ ਕਰ ਸਕੋਰ 116-116 ਨਾਲ ਬਰਾਬਰ ਕਰ ਦਿੱਤਾ। ਤੀਜੇ ਰਾਊਂਡ 'ਚ ਭਾਰਤੀ ਤਿਕੜੀ ਨੇ ਬੇਹਦ ਖਰਾਬ ਪ੍ਰਦਰਸ਼ਨ ਕੀਤਾ ਅਤੇ ਇਸ ਰਾਊਂਡ 'ਚ ਉਹ 53 ਦਾ ਸਕੋਰ ਹੀ ਕਰ ਸਕੀ ਜਦਕਿ ਫ੍ਰਾਂਸ ਦੀ ਟੀਮ ਨੇ 58 ਦਾ ਸਕੋਰ ਕਰ ਮੁਕਾਬਲੇ 'ਚ 174-169 ਦੀ ਬੜ੍ਹਤ ਬਣਾ ਲਈ। ਇਸ ਰਾਊਂਡ 'ਚ ਪੰਜ ਅੰਕਾਂ ਦੇ ਫਾਸਲੇ ਨੇ ਭਾਰਤ ਦੇ ਹੱਥੋਂ ਸੋਨ ਤਮਗਾ ਖੋਹ ਲਿਆ। ਭਾਰਤੀ ਟੀਮ ਨੇ ਤੀਜੇ ਰਾਊਂਡ ਦੇ ਪਹਿਲੇ ਏਰੋ 'ਚ 6 ਅਤੇ ਤੀਜੇ ਏਰੋ 'ਚ 8 ਦਾ ਸਕੋਰ ਕੀਤਾ ਜੋ ਉਸਦੇ ਲਈ ਖਤਰਨਾਕ ਸਾਬਤ ਹੋਇਆ।