ਮਹਿਲਾ ਏਸ਼ੀਆ ਕੱਪ : ਭਾਰਤ-ਪਾਕਿ ਵਿਚਾਲੇ ਮਹਾਮੁਕਾਬਲਾ ਅੱਜ, ਜਾਣੋ ਕਿਸ ਦਾ ਪਲੜਾ ਹੈ ਭਾਰੀ

Saturday, Sep 05, 2026 - 10:56 AM (IST)

ਮਹਿਲਾ ਏਸ਼ੀਆ ਕੱਪ : ਭਾਰਤ-ਪਾਕਿ ਵਿਚਾਲੇ ਮਹਾਮੁਕਾਬਲਾ ਅੱਜ, ਜਾਣੋ ਕਿਸ ਦਾ ਪਲੜਾ ਹੈ ਭਾਰੀ

ਦੁਬਈ– ਮਹਿਲਾ ਏਸ਼ੀਆ ਕੱਪ ਦੇ ਸੈਮੀਫਾਈਨਲ ’ਚ ਜਗ੍ਹਾ ਪੱਕੀ ਕਰ ਚੁੱਕੀ ਭਾਰਤੀ ਟੀਮ ਦੀਆਂ ਨਜ਼ਰਾਂ ਹੁਣ ਸ਼ਨੀਵਾਰ ਨੂੰ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ ਜਿੱਤ ਨਾਲ ਲੀਗ ਗੇੜ ਦਾ ਸ਼ਾਨਦਾਰ ਅੰਤ ਕਰਨ ’ਤੇ ਹਨ। ਪੁਰਸ਼ ਹੋਣ ਜਾਂ ਮਹਿਲਾ, ਬਹੁ-ਟੀਮਾਂ ਦੇ ਟੂਰਨਾਮੈਂਟਾਂ ’ਚ ਭਾਰਤ-ਪਾਕਿਸਤਾਨ ਮੁਕਾਬਲਿਆਂ ਨੂੰ ਲੈ ਕੇ ਮੈਦਾਨ ਦੇ ਬਾਹਰ ਕਾਫੀ ਰੋਮਾਂਚ ਰਹਿੰਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਮੈਦਾਨ ’ਤੇ ਮੁਕਾਬਲੇ ਓਨੇ ਪ੍ਰਤੀਯੋਗੀ ਨਹੀਂ ਰਹੇ ਹਨ।

ਦੁਬਈ ਕੌਮਾਂਤਰੀ ਸਟੇਡੀਅਮ ’ਚ ਹੋਣ ਵਾਲੇ ਮੁਕਾਬਲੇ ’ਚ ਭਾਰਤ ਦਾ ਪੱਲੜਾ ਕਾਫੀ ਮਜ਼ਬੂਤ ਦਿਸ ਰਿਹਾ ਹੈ। ਭਾਰਤ ਲਈ ਇਹ ਮੈਚ ਸਿਰਫ ਰਸਮੀ ਨਹੀਂ ਹੋਵੇਗਾ। ਵਿਸ਼ਵ ਕੱਪ ’ਚ ਪਿਛਲੇ ਕੁਝ ਮੌਕਿਆਂ ’ਚ ਸਮੇਂ ਤੋਂ ਪਹਿਲਾਂ ਬਾਹਰ ਹੋਣ ਤੋਂ ਬਾਅਦ ਭਾਰਤੀ ਟੀਮ ਨੂੰ ਟੀ-20 ਫਾਰਮੈੱਟ ’ਚ ਕੁਝ ਖੇਤਰਾਂ ’ਚ ਸੁਧਾਰ ਦੀ ਲੋੜ ਹੈ। ਆਸਟ੍ਰੇਲੀਆ ਵਰਗੀ ਟੀਮ ਦੇ ਦਬਦਬੇ ਨੂੰ ਚੁਣੌਤੀ ਦੇਣ ਲਈ ਭਾਰਤ ਨੂੰ ਬਿਹਤਰ ਪਾਵਰ-ਹਿੱਟਰ ਅਤੇ ਤੇਜ਼ ਗੇਂਦਬਾਜ਼ਾਂ ਦਾ ਮਜ਼ਬੂਤ ਪੂਲ ਤਿਆਰ ਕਰਨਾ ਪਵੇਗਾ। ਏਸ਼ੀਆਈ ਪੱਧਰ ’ਤੇ ਹਾਲਾਂਕਿ ਭਾਰਤ ਦੇ ਨੇੜੇ-ਤੇੜੇ ਵੀ ਕੋਈ ਟੀਮ ਨਜ਼ਰ ਨਹੀਂ ਆਉਂਦੀ। ਪਿਛਲੀ ਵਾਰ ਭਾਰਤ ਕੁਝ ਗਲਤੀਆਂ ਕਾਰਨ ਸ਼੍ਰੀਲੰਕਾ ਵਿਰੁੱਧ ਫਾਈਨਲ ’ਚ ਉਪ ਜੇਤੂ ਰਿਹਾ ਸੀ।

ਦੂਜੇ ਪਾਸੇ, ਪਾਕਿਸਤਾਨ ਨੇ ਆਪਣੇ ਸ਼ੁਰੂਆਤੀ ਮੁਕਾਬਲੇ ’ਚ ਥਾਈਲੈਂਡ ਨੂੰ ਹਰਾਇਆ ਹੈ ਅਤੇ ਅਜੇ ਵੀ ਸੈਮੀਫਾਈਨਲ ਦੀ ਦੌੜ ’ਚ ਬਣਿਆ ਹੋਇਆ ਹੈ। ਭਾਰਤ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਵੀ ਸ਼ਾਨਦਾਰ ਫਾਰਮ ’ਚ ਹਨ। ਮੰਧਾਨਾ ਨੇ ਹਾਂਗਕਾਂਗ ਵਿਰੁੱਧ ਯਾਦਗਾਰ ਸੈਂਕੜਾ ਲਾਉਂਦੇ ਹੋਏ ਕਈ ਰਿਕਾਰਡ ਆਪਣੇ ਨਾਂ ਕੀਤੇ ਤੇ ਹੋਰਨਾਂ ਟੀਮਾਂ ਨੂੰ ਆਪਣੀ ਬੱਲੇਬਾਜ਼ੀ ਸਮਰੱਥਾ ਦਾ ਸੰਕੇਤ ਦੇ ਦਿੱਤਾ।

ਦੁਬਈ ਦੀਆਂ ਪਿੱਚਾਂ ’ਤੇ ਬੱਲੇਬਾਜ਼ੀ ਆਸਾਨ ਨਹੀਂ ਰਹੀ ਹੈ। ਬੱਲੇਬਾਜ਼ਾਂ ਨੂੰ ਆਮ ਤੌਰ ’ਤੇ ਪਿੱਚ ਦੀ ਗਤੀ ਤੇ ਉਛਾਲ ਨੂੰ ਸਮਝਣ ’ਚ ਲੱਗਭਗ 10 ਗੇਂਦਾਂ ਲੱਗਦੀਆਂ ਹਨ ਅਤੇ ਉਸੇ ਦੇ ਅਨੁਸਾਰ ਪਾਰੀ ਦੀ ਯੋਜਨਾ ਬਣਾਉਣੀ ਪੈਂਦੀ ਹੈ। ਮੰਧਾਨਾ ਅਤੇ ਸ਼ੈਫਾਲੀ ਨੇ ਵੀ ਵੀਰਵਾਰ ਰਾਤ ਇਸੇ ਰਣਨੀਤੀ ਨੂੰ ਅਪਣਾਇਆ ਸੀ। ਮੱਧਕ੍ਰਮ ’ਚ ਪ੍ਰਤਿਕਾ ਰਾਵਲ, ਰਿਚਾ ਘੋਸ਼ ਤੇ ਕਪਤਾਨ ਹਰਮਨਪ੍ਰੀਤ ਕੌਰ ਦੀ ਭੂਮਿਕਾ ਅਹਿਮ ਹੋਵੇਗੀ। ਤਿੰਨੋਂ ਚੰਗੀ ਸ਼ੁਰੂਆਤ ਨੂੰ ਵੱਡੀਆਂ ਪਾਰੀਆਂ ’ਚ ਬਦਲ ਨਹੀਂ ਕਰ ਸਕੀਆਂ ਹਨ। ਖਾਸ ਤੌਰ ’ਤੇ ਨੰਬਰ-3 ’ਤੇ ਬੱਲੇਬਾਜ਼ੀ ਕਰ ਰਹੀ ਰਾਵਲ ’ਤੇ ਦਬਾਅ ਵਧ ਰਿਹਾ ਹੈ। ਵਨ ਡੇ ’ਚ ਸਫਲ ਰਹੀ ਰਾਵਲ ਟੀ-20 ਫਾਰਮੈੱਟ ਦੀਆਂ ਲੋੜਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੀ ਹੈ।

ਗੇਂਦਬਾਜ਼ੀ ’ਚ ਨੰਦਨੀ ਸ਼ਰਮਾ ਦਾ ਸ਼ਾਮਲ ਹੋਣਾ ਭਾਰਤ ਲਈ ਹਾਂ-ਪੱਖੀ ਕਦਮ ਰਿਹਾ ਹੈ। ਉਹ ਪ੍ਰਮੁੱਖ ਤੇਜ਼ ਗੇਂਦਬਾਜ਼ ਕ੍ਰਾਂਤੀ ਗੌੜ ਦੇ ਨਾਲ ਨਵੀਂ ਗੇਂਦ ਸੰਭਾਲਦੇ ਹੋਏ ਆਪਣੀ ਸਮਰੱਥਾ ਦੇ ਅਨੁਸਾਰ ਪ੍ਰਦਰਸ਼ਨ ਕਰ ਰਹੀ ਹੈ। ਪਾਕਿਸਤਾਨ ਨੂੰ ਭਾਰਤ ਨੂੰ ਚੁਣੌਤੀ ਦੇਣ ਲਈ ਆਪਣੀ ਬੱਲੇਬਾਜ਼ੀ ’ਚ ਵੱਡੇ ਸੁਧਾਰ ਦੀ ਲੋੜ ਹੈ। ਬੱਲੇਬਾਜ਼ੀ ਦੀ ਕਮਜ਼ੋਰੀ ਲੰਬੇ ਸਮੇਂ ਤੋਂ ਟੀਮ ਦੀ ਪ੍ਰੇਸ਼ਾਨੀ ਰਹੀ ਹੈ। ਥਾਈਲੈਂਡ ਵਿਰੁੱਧ ਪਿਛਲੇ ਮੈਚ ’ਚ ਵੀ ਪਾਕਿਸਤਾਨ ਨੇ ਪਾਵਰਪਲੇਅ ’ਚ 3 ਵਿਕਟਾਂ ਗੁਆ ਕੇ ਖੁਦ ਨੂੰ ਮੁਸ਼ਕਿਲ ’ਚ ਪਾ ਲਿਆ ਸੀ, ਹਾਲਾਂਕਿ ਬਾਅਦ ’ਚ ਉਸ ਨੇ 119 ਦੌੜਾਂ ਦੇ ਮਾਮੂਲੀ ਟੀਚੇ ਦਾ ਸਫਲਤਾਪੂਰਵਕ ਬਚਾਅ ਕਰ ਲਿਆ।

ਟੀਮ ਅਜੇ ਵੀ ਸਲਾਮੀ ਬੱਲੇਬਾਜ਼ ਮੁਨੀਬਾ ਅਲੀ ਅਤੇ ਕਪਤਾਨ ਤੇ ਗੇਂਦਬਾਜ਼ ਆਲਰਾਊਂਡਰ ਫਾਤਿਮਾ ਸਨਾ ’ਤੇ ਕਾਫੀ ਨਿਰਭਰ ਹੈ। ਭਾਰਤ ਵਰਗੀ ਮਜ਼ਬੂਤ ਟੀਮ ਨੂੰ ਚੁਣੌਤੀ ਦੇਣ ਲਈ ਪਾਕਿਸਤਾਨ ਨੂੰ ਇਸ ਨਿਰਭਰਤਾ ਤੋਂ ਬਾਹਰ ਨਿਕਲਣਾ ਪਵੇਗਾ।

ਟੀਮਾਂ : 
ਭਾਰਤ - ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਭਾਰਤੀ ਫੁਲਮਾਲੀ, ਰਿਚਾ ਘੋਸ਼ (ਵਿਕਟਕੀਪਰ), ਗੁਨਾਲਨ ਕਮਲਿਨੀ (ਵਿਕਟਕੀਪਰ), ਪ੍ਰਤਿਕਾ ਰਾਵਲ, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਕ੍ਰਾਂਤੀ ਗੌੜ, ਪ੍ਰੇਮਾ ਰਾਵਤ, ਅਰੁੰਧਤੀ ਰੈੱਡੀ, ਰੇਣੁਕਾ ਸਿੰਘ ਠਾਕੁਰ, ਨੰਦਨੀ ਸ਼ਰਮਾ, ਸ਼੍ਰੀ ਚਰਣੀ, ਰਾਧਾ ਯਾਦਵ।

ਪਾਕਿਸਤਾਨ - ਫਾਤਿਮਾ ਸਨਾ (ਕਪਤਾਨ), ਆਇਸ਼ਾ ਜ਼ਫਰ, ਈਮਾਨ ਨਸੀਰ, ਇਮਾਨ ਫਾਤਿਮਾ, ਗੁਲ ਫਿਰੋਜ਼ਾ, ਮੋਮਿਨਾ ਰਿਆਸਤ, ਮੁਨੀਬਾ ਅਲੀ ਸਿੱਦੀਕੀ (ਵਿਕਟਕੀਪਰ), ਸਦਫ ਸ਼ਮਾਸ, ਨਸ਼ਰਾ ਸੰਧੂ, ਸਾਦੀਆ ਇਕਬਾਲ, ਸਾਇਰਾ ਜ਼ਾਬੀਨ, ਸ਼ਵਾਲ ਜ਼ੁਲਫਿਕਾਰ, ਤੂਬਾ ਹਸਨ, ਉਮ-ਏ-ਹਾਨੀ ਅਤੇ ਵਹੀਦਾ ਅਖ਼ਤਰ।


author

Tarsem Singh

Content Editor

Related News