ਹੁਣ ਫਾਈਨਲ ਟਾਈ ਰਿਹਾ ਤਾਂ ਦੋਵੇਂ ਟੀਮਾਂ ਹੋਣਗੀਆਂ ਸਾਂਝੀਆਂ ਜੇਤੂ

Monday, Jul 29, 2019 - 08:31 PM (IST)

ਹੁਣ ਫਾਈਨਲ ਟਾਈ ਰਿਹਾ ਤਾਂ ਦੋਵੇਂ ਟੀਮਾਂ ਹੋਣਗੀਆਂ ਸਾਂਝੀਆਂ ਜੇਤੂ

ਨਵੀਂ ਦਿੱਲੀ— ਇੰਗਲੈਂਡ ਦੇ ਲਾਰਡਸ ਮੈਦਾਨ ਵਿਚ ਵਨ ਡੇ ਵਿਸ਼ਵ ਕੱਪ ਦੇ ਫਾਈਨਲ ਦਾ ਫੈਸਲਾ ਨਿਰਧਾਰਿਤ ਤੇ ਸੁਪਰ ਓਵਰ ਦੇ ਟਾਈ ਰਹਿਣ ਤੋਂ ਬਾਅਦ ਬਾਊਂਡਰੀ ਕਾਊਂਟ ਦੇ ਆਧਾਰ 'ਤੇ ਕੀਤਾ ਗਿਆ ਸੀ ਪਰ 1 ਅਗਸਤ ਤੋਂ ਸ਼ੁਰੂ ਹੋ ਰਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਜੇਕਰ ਟਾਈ ਜਾਂ ਡਰਾਅ ਰਹਿੰਦਾ ਹੈ ਤਾਂ ਦੋਵਾਂ ਟੀਮਾਂ ਨੂੰ ਸਾਂਝੇ ਤੌਰ 'ਤੇ ਜੇਤੂ ਐਲਾਨਿਆ ਜਾਵੇਗਾ। ਟੈਸਟ ਕ੍ਰਿਕਟ ਨੂੰ ਹੋਰ ਪ੍ਰਸਿੱਧ ਬਣਾਉਣ ਲਈ ਆਈ. ਸੀ. ਸੀ. ਨੇ ਅਧਿਕਾਰਤ ਤੌਰ 'ਤੇ ਸੋਮਵਾਰ ਪਹਿਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਨੂੰ ਲਾਂਚ ਕਰ ਦਿੱਤਾ ਤੇ ਇਸ ਦੀ ਸ਼ੁਰੂਆਤ 1 ਅਗਸਤ ਨੂੰ ਪਹਿਲੇ ਏਸ਼ੇਜ਼ ਟੈਸਟ ਨਾਲ ਹੋਵੇਗੀ। ਵਿਸ਼ਵ ਚੈਂਪੀਅਨਸ਼ਿਪ ਦੁਨੀਆ ਭਰ ਵਿਚ ਚੱਲ ਰਹੀ ਟੀ-20 ਲੀਗ ਦੀ ਤਰ੍ਹਾਂ ਹੀ ਹੋਵੇਗੀ ਪਰ ਇਹ ਟੈਸਟ ਕ੍ਰਿਕਟ ਦੀ ਲੀਗ ਹੋਵੇਗੀ।
ਵਨ ਡੇ ਵਿਸ਼ਵ ਕੱਪ ਦੇ ਨਾਟਕੀ ਫੈਸਲੇ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ ਨੂੰ ਲੈ ਕੇ ਵੀ ਇਹ ਸਵਾਲ ਉਠਾਇਆ ਗਿਆ ਸੀ ਕਿ ਜੇਕਰ ਇਹ ਡਰਾਅ ਜਾਂ ਟਾਈ ਰਿਹਾ ਤਾਂ ਜੇਤੂ ਦਾ ਫੈਸਲਾ ਕਿਵੇਂ ਹੋਵੇਗਾ। ਇਸ ਸੂਰਤ ਵਿਚ ਦੋਵਾਂ ਟੀਮਾਂ ਨੂੰ ਸਾਂਝੇ ਤੌਰ 'ਤੇ ਜੇਤੂ ਐਲਾਨ ਕੀਤਾ ਜਾਵੇਗਾ। ਹਾਲਾਂਕਿ ਖੇਡਣ ਦੀਆਂ ਸ਼ਰਤਾਂ ਦੇ ਆਧਾਰ 'ਤੇ ਰਿਜ਼ਰਵ ਦਿਨ ਵੀ ਰੱਖਿਆ ਗਿਆ ਹੈ ਪਰ ਇਸ ਦਾ ਇਸਤੇਮਾਲ ਉਦੋਂ ਹੋਵੇਗਾ, ਜਦੋਂ ਫਾਈਨਲ ਦੇ ਨਿਰਧਾਰਿਤ 5 ਦਿਨਾਂ ਦੌਰਾਨ ਨਿਰਧਾਰਿਤ ਖੇਡਣ ਦੇ ਸਮੇਂ ਵਿਚ ਕੋਈ ਨੁਕਸਾਨ ਹੁੰਦਾ ਹੈ।
ਟੈਸਟ ਚੈਂਪੀਅਨਸ਼ਿਪ 31 ਮਾਰਚ 2021 ਤਕ ਚੱਲੇਗੀ 
ਵਿਸ਼ਵ ਟੈਸਟ ਚੈਂਪੀਅਨਸ਼ਿਪ 2 ਸਾਲ ਦੀ ਮਿਆਦ ਵਿਚ ਖੇਡੀ ਜਾਵੇਗੀ ਤੇ ਇਸਦਾ ਪਹਿਲਾ ਮੈਚ ਐਜਬਸਟਨ ਵਿਚ 1 ਅਗਸਤ ਤੋਂ ਆਸਟਰੇਲੀਆ ਤੇ ਇੰਗਲੈਂਡ ਵਿਚਾਲੇ ਹੋਵੇਗਾ।  ਇਹ ਚੈਂਪੀਅਨਸ਼ਿਪ 31 ਮਾਰਚ 2021 ਤਕ ਖੇਡੀ ਜਾਵੇਗੀ ਤੇ ਚੋਟੀ ਦੀਆਂ ਦੋ ਟੀਮਾਂ 10 ਤੋਂ 14 ਜੂਨ 2021 ਤਕ ਹੋਣ ਵਾਲੇ ਫਾਈਨਲ ਵਿਚ ਭਿੜਨਗੀਆਂ। ਇਸ ਦੌਰਾਨ 12 ਮੈਂਬਰ ਟੀਮਾਂ ਵਿਚੋਂ 9 ਦੇਸ਼ 27 ਲੜੀਆਂ ਵਿਚ ਮੁਕਾਬਲਾ ਕਰਨਗੀਆਂ। ਇਨ੍ਹਾਂ  9 ਟੀਮਾਂ ਵਿਚ  ਆਸਟਰੇਲੀਆ, ਬੰਗਲਾਦੇਸ਼, ਇੰਗਲੈਂਡ, ਭਾਰਤ, ਨਿਊਜ਼ੀਲੈਂਡ, ਪਾਕਿਸਤਾਨ, ਦੱਖਣੀ ਅਫਰੀਕਾ, ਸ਼੍ਰੀਲੰਕਾ ਤੇ ਵੈਸਟਇੰਡੀਜ਼  ਹਨ, ਜਿਹੜੀਆਂ ਡਬਲਯੂ. ਟੀ. ਸੀ. ਵਿਚ ਚੋਟੀ 'ਤੇ ਆਉਣ ਲਈ ਅਗਲੇ ਦੋ ਸਾਲਾਂ ਵਿਚ ਸੰਘਰਸ਼ ਕਰਨਗੀਆਂ। 
ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਸਾਲ 2009 ਵਿਚ ਇਸ ਚੈਂਪੀਅਨਸ਼ਿਪ ਲਈ ਯੋਜਨਾ ਤਿਆਰ ਕੀਤੀ ਸੀ, ਜਿਸ ਨੂੰ 2010 ਵਿਚ ਮਨਜ਼ੂਰੀ ਦਿੱਤੀ ਗਈ ਸੀ। ਇਸ ਦੇ ਪਹਿਲੇ ਸੈਸ਼ਨ ਨੂੰ ਸਾਲ 2013 'ਚ ਸ਼ੁਰੂ ਕੀਤਾ ਜਾਣਾ ਸੀ ਪਰ 2017 ਤੱਕ ਟਲਣ ਤੋਂ ਬਾਅਦ ਇਹ ਰੱਦ ਹੋ ਗਿਆ। ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ 1 ਅਗਸਤ 2019 ਤੋਂ 30 ਅਪ੍ਰੈਲ 2021 ਤੱਕ ਇਸ ਦੇ ਪਹਿਲੇ ਸੈਸ਼ਨ ਨੂੰ ਆਯੋਜਿਤ ਕੀਤਾ ਜਾਵੇਗਾ।
ਖੇਡਣ ਦਾ ਸਮਾਂ ਰੋਜ਼ਾਨਾ 6 ਘੰਟੇ ਦੇ ਹਿਸਾਬ ਨਾਲ ਕੁਲ 30 ਘੰਟੇ ਹੋਵੇਗਾ 
ਨਿਰਧਾਰਿਤ ਖੇਡਣ ਦਾ ਸਮਾਂ ਰੋਜ਼ਾਨਾ 6 ਘੰਟੇ ਦੇ ਹਿਸਾਬ ਨਾਲ ਕੁਲ 30 ਘੰਟੇ ਹੈ। ਰਿਜ਼ਰਵ ਦਿਨ ਦਾ ਇਸਤੇਮਾਲ ਵੀ ਉਦੋਂ ਹੋਵੇਗਾ, ਜਦੋਂ ਹਰੇਕ ਦਿਨ ਖੇਡ ਵਿਚ ਹੋਣ ਵਾਲੇ ਨੁਕਸਾਨ ਦੀ ਭਰਪਾਈ ਉਸ ਦਿਨ ਨਹੀਂ ਹੁੰਦੀ। ਉਦਾਹਰਣ ਲਈ ਜੇਕਰ ਮੀਂਹ ਕਾਰਣ ਦਿਨ ਵਿਚ ਇਕ ਘੰਟੇ ਦੀ ਖੇਡ ਖਰਾਬ ਹੁੰਦੀ ਹੈ ਤੇ ਜੇਕਰ ਉਸ ਦੀ ਭਰਪਾਈ ਉਸੇ ਦਿਨ ਹੋ ਜਾਂਦੀ ਹੈ ਤਾਂ ਇਹ ਮੰਨਿਆ ਜਾਵੇਗਾ ਕਿ ਕੋਈ ਨੁਕਸਾਨ ਨਹੀਂ ਹੋਇਆ। ਜੇਕਰ ਪੂਰੇ ਦਿਨ ਦੀ ਖੇਡ ਖਰਾਬ ਹੁੰਦੀ ਹੈ ਤੇ ਅਗਲੇ ਚਾਰ ਦਿਨਾਂ ਵਿਚ ਤਿੰਨ ਘੰਟਿਆਂ ਦੀ ਭਰਪਾਈ ਹੋ ਜਾਂਦੀ ਹੈ ਤਾਂ ਬਚੇ ਸਮੇਂ ਦੀ ਭਰਪਾਈ ਲਈ ਰਿਜ਼ਰਵ ਦਿਨ ਦਾ ਇਸਤੇਮਾਲ ਕੀਤਾ ਜਾਵੇਗਾ। 
ਹਰ ਲੜੀ ਵਿਚ ਅੰਕਾਂ ਦਾ ਬਟਵਾਰਾ ਕੁਝ ਵੱਖਰੇ ਅੰਦਾਜ਼ ਵਿਚ ਹੋਵੇਗਾ
ਇਸ ਚੈਂਪੀਅਨਸ਼ਿਪ ਦੌਰਾਨ ਟੀਮਾਂ ਘਰੇਲੂ ਤੇ ਬਾਹਰੀ ਆਧਾਰ 'ਤੇ 3-3 ਲੜੀਆਂ ਖੇਡਣਗੀਆਂ। ਹਰੇਕ ਲੜੀ ਵਿਚ ਘੱਟ ਤੋਂ ਘੱਟ 2 ਤੇ ਵੱਧ ਤੋਂ ਵੱਧ 5 ਟੈਸਟ ਹੋਣਗੇ। ਹਰ ਲੜੀ ਦੇ ਆਧਾਰ 'ਤੇ ਟੀਮਾਂ ਨੂੰ ਅੰਕ ਦਿੱਤੇ ਜਾਣਗੇ ਪਰ ਲੜੀ ਵਿਚ ਅੰਕਾਂ ਦਾ ਬਟਵਾਰਾ ਕੁਝ ਵੱਖਰੇ ਅੰਦਾਜ਼ ਵਿਚ ਹੋਵੇਗਾ। ਪੰਜ ਟੈਸਟਾਂ ਦੀ ਏਸ਼ੇਜ਼ ਸੀਰੀਜ਼ ਲਈ ਹਰ ਜਿੱਤ 'ਤੇ 24 ਅੰਕ ਦਿੱਤੇ ਜਾਣਗੇ ਤੇ ਦੋ ਟੈਸਟਾਂ ਦੀ ਸੀਰੀਜ਼ ਲਈ ਹਰ ਜਿੱਤ 'ਤੇ 60 ਅੰਕ ਦਿੱਤੇ ਜਾਣਗੇ। 3 ਟੈਸਟਾਂ ਦੀ ਸੀਰੀਜ਼ ਵਿਚ ਹਰ ਜਿੱਤ 'ਤੇ 40 ਅੰਕ ਤੇ 4 ਟੈਸਟਾਂ ਦੀ ਸੀਰੀਜ਼ ਵਿਚ ਹਰ ਜਿੱਤ 'ਤੇ 30 ਅੰਕ ਦਿੱਤੇ ਜਾਣਗੇ। ਇਸੇ ਤਰ੍ਹਾਂ ਦੋ, ਤਿੰਨ, ਚਾਰ ਤੇ ਪੰਜ ਮੈਚਾਂ ਦੀ ਸੀਰੀਜ਼ ਵਿਚ ਡਰਾਅ ਤੇ ਟਾਈ 'ਤੇ ਵੱਖ-ਵੱਖ ਅੰਕ ਰੱਖੇ ਗਏ ਹਨ। ਹਾਰ ਜਾਣ 'ਤੇ ਕੋਈ ਅੰਕ ਨਹੀਂ ਹੈ। ਹਰ ਸੀਰੀਜ਼ ਵਿਚ ਕੁਲ 120 ਅੰਕ ਹੋਣਗੇ। ਲੀਗ ਗੇੜ ਦੀ ਸਮਾਪਤੀ ਤੋਂ ਬਾਅਦ ਅੰਕ ਸੂਚੀ ਵਿਚ ਚੋਟੀ 'ਤੇ ਅੰਕ ਰਹਿਣਗੇ ਤੇ ਲੀਗ ਗੇੜ ਦੀ ਸਮਾਪਤੀ ਤੋਂ ਬਾਅਦ ਅੰਕ ਸੂਚੀ ਵਿਚ ਚੋਟੀ 'ਤੇ ਰਹਿਣ ਵਾਲੀਆਂ ਦੋ ਟੀਮਾਂ ਫਾਈਨਲ ਖੇਡਣਗੀਆਂ।


author

Gurdeep Singh

Content Editor

Related News