ਰਸੇਲ ਪਾਵਰ ਨਾਲ ਰਾਜਸਥਾਨ ਨੂੰ ਚਿੱਤ ਕਰਨ ਉਤਰੇਗੀ ਕੇ. ਕੇ. ਆਰ.
Sunday, Apr 07, 2019 - 01:51 AM (IST)

ਜੈਪੁਰ— ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਆਂਦ੍ਰੇ ਰਸੇਲ ਦੀ ਧਮਾਕੇਦਾਰ ਪਾਰੀ ਨਾਲ ਮਿਲੀ ਜ਼ਬਰਦਸਤ ਜਿੱਤ ਤੋਂ ਉਤਸ਼ਾਹਿਤ ਕੋਲਕਾਤਾ ਨਾਈਟ ਰਾਈਡਰਜ਼ ਐਤਵਾਰ ਨੂੰ ਵਿਰੋਧੀ ਟੀਮ ਰਾਜਸਥਾਨ ਰਾਇਲਜ਼ ਦਾ ਮੁਕਾਬਲਾ ਉਸ ਦੇ ਘਰੇਲੂ ਮੈਦਾਨ 'ਤੇ ਕਰੇਗੀ, ਜਿਥੇ ਇਕ ਵਾਰ ਫਿਰ ਦਰਸ਼ਕਾਂ ਨੂੰ ਇਸੇ ਰੋਮਾਂਚ ਦੀ ਉਮੀਦ ਹੋਵੇਗੀ, ਜਦਕਿ ਮੇਜ਼ਬਾਨ ਟੀਮ 'ਤੇ ਆਪਣੀ ਮੁਸ਼ਕਿਲ ਨਾਲ ਹਾਸਲ ਕੀਤੀ ਲੈਅ ਨੂੰ ਬਰਕਰਾਰ ਰੱਖਣ ਦੀ ਚੁਣੌਤੀ ਹੋਵੇਗੀ।
ਦਿਲਚਸਪ ਹੈ ਕਿ ਰਾਜਸਥਾਨ ਤੇ ਕੇ. ਕੇ. ਆਰ. ਆਪਣੇ-ਆਪਣੇ ਪਿਛਲੇ ਮੈਚਾਂ ਵਿਚ ਆਰ. ਸੀ. ਬੀ. ਨੂੰ ਹਰਾ ਚੁੱਕੀਆਂ ਹਨ। ਕੋਲਕਾਤਾ ਨੇ ਬੈਂਗਲੁਰੂ ਨੂੰ ਮੈਚ ਵਿਚ 5 ਵਿਕਟਾਂ ਨਾਲ ਹਰਾਇਆ ਸੀ ਪਰ ਖਾਸ ਇਹ ਰਿਹਾ ਕਿ ਇਸ ਮੈਚ ਵਿਚ ਟੀਮ ਨੇ 206 ਦੌੜਾਂ ਦੇ ਵੱਡੇ ਸਕੋਰ ਦਾ ਵੀ ਪੰਜ ਗੇਂਦਾਂ ਬਾਕੀ ਰਹਿੰਦਿਆਂ ਹੀ ਬਚਾਅ ਕਰ ਲਿਆ। ਇਸ ਮੈਚ ਵਿਚ ਕੈਰੇਬੀਆਈ ਖਿਡਾਰੀ ਆਂਦ੍ਰੇ ਰਸੇਲ ਟੀਮ ਦਾ ਸਟਾਰ ਰਿਹਾ ਸੀ, ਜਿਸ ਨੇ 13 ਗੇਂਦਾਂ ਵਿਚ 7 ਛੱਕੇ ਤੇ 1 ਚੌਕਾ ਲਾ ਕੇ ਅਜੇਤੂ 48 ਦੌੜਾਂ ਦੀ ਪਾਰੀ ਨਾਲ ਪੂਰਾ ਮੈਚ ਬਦਲ ਕੇ ਰੱਖ ਦਿੱਤਾ।
ਉਥੇ ਹੀ ਰਾਜਸਥਾਨ ਵੀ ਪਿਛਲੇ ਮੈਚ ਵਿਚ ਆਰ. ਸੀ. ਬੀ. ਨੂੰ 7 ਵਿਕਟਾਂ ਨਾਲ ਹਰਾ ਚੁੱਕੀ ਹੈ। 'ਪਿੰਕ ਬ੍ਰਿਗੇਡ' ਨੇ ਸੰਤੁਲਿਤ ਬੱਲੇਬਾਜ਼ੀ ਤੇ ਗੇਂਦਬਾਜ਼ੀ ਨਾਲ ਇਹ ਮੈਚ ਆਪਣੀ ਗੁਲਾਬੀ ਨਗਰੀ ਜੈਪੁਰ ਵਿਚ ਜਿੱਤਿਆ ਸੀ, ਜਿਹੜੀ ਆਈ. ਪੀ. ਐੱਲ. ਦੇ ਚਾਰ ਮੈਚਾਂ ਵਿਚ ਉਸ ਦੀ ਪਹਿਲੀ ਜਿੱਤ ਵੀ ਸੀ। ਰਾਜਸਥਾਨ ਸ਼ੁਰੂਆਤੀ ਤਿੰਨ ਮੈਚ ਹਾਰ ਚੁੱਕੀ ਹੈ ਤੇ ਸੱਤਵੇਂ ਨੰਬਰ 'ਤੇ ਹੈ, ਅਜਿਹੀ ਹਾਲਤ ਵਿਚ ਉਸ ਦੀ ਕੋਸ਼ਿਸ਼ ਦੂਜੇ ਨੰਬਰ ਦੀ ਕੇ. ਕੇ. ਆਰ. ਦੀ ਸਖਤ ਚੁਣੌਤੀ ਤੋੜਦੇ ਹੋਏ ਆਪਣੀ ਲੈਅ ਬਰਕਰਾਰ ਰੱਖਣ ਦੀ ਹੋਵੇਗੀ।