8 ਸੋਨ ਸਮੇਤ 26 ਤਮਗਿਆਂ ਨਾਲ ਭਾਰਤ ਦੂਜੇ ਸਥਾਨ ''ਤੇ ਰਿਹਾ
Monday, Mar 18, 2019 - 03:52 AM (IST)

ਨਵੀਂ ਦਿੱਲੀ— ਭਾਰਤ ਨੇ ਹਾਂਗਕਾਂਗ 'ਚ ਐਤਵਾਰ ਨੂੰ ਖਤਮ ਹੋਈ ਏਸ਼ੀਆਈ ਯੂਥ ਐਥਲੈਟਿਕਸ ਚੈਂਪੀਅਨਸ਼ਿਪ 'ਚ 8 ਸੋਨ, 9 ਚਾਂਦੀ ਤੇ 9 ਕਾਂਸੀ ਸਮੇਤ ਕੁਲ 26 ਤਮਗੇ ਜਿੱਤ ਕੇ ਤਮਗਾ ਅੰਕ ਸੂਚੀ ਵਿਚ ਚੀਨ ਤੋਂ ਬਾਅਦ ਦੂਜਾ ਸਥਾਨ ਹਾਸਲ ਕੀਤਾ। ਚੀਨ 12 ਸੋਨ, 11 ਚਾਂਦੀ ਤੇ 8 ਕਾਂਸੀ ਸਮੇਤ 31 ਤਮਗੇ ਜਿੱਤ ਕੇ ਅੰਕ ਸੂਚੀ ਵਿਚ ਚੋਟੀ ਦੇ ਸਥਾਨ 'ਤੇ ਰਿਹਾ।
ਭਾਰਤ ਨੇ ਪ੍ਰਤੀਯੋਗਿਤਾ ਦੇ ਆਖਰੀ ਦਿਨ ਲੜਕਿਆਂ ਦੀ ਮੈਡਲੇ ਰਿਲੇਅ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਹਾਸਲ ਕੀਤਾ। ਭਾਰਤੀ ਚੌਕੜੀ ਨੇ 1:54.04 ਦਾ ਸਮਾਂ ਲਿਆ। ਸ਼੍ਰੀਲੰਕਾ ਨੂੰ ਚਾਂਦੀ ਤੇ ਚੀਨ ਨੂੰ ਕਾਂਸੀ ਤਮਗਾ ਮਿਲਿਆ। ਭਾਰਤੀ ਲੜਕੀਆਂ ਦੀ ਟੀਮ ਨੇ 2 :10.87 ਦਾ ਸਮਾਂ ਲੈ ਕੇ ਚਾਂਦੀ ਤਮਗਾ ਜਿੱਤਿਆ। ਚੀਨ ਨੇ ਸੋਨ ਤੇ ਕਜ਼ਾਕਿਸਤਾਨ ਨੇ ਕਾਂਸੀ ਤਮਗਾ ਜਿੱਤਿਆ। ਅਵੰਤਿਕਾ ਸੰਤੋਸ਼ ਨਰਾਲੇ ਨੇ ਲੜਕਿਆਂ ਦੇ 200 ਮੀਟਰ ਫਾਈਨਲ ਵਿਚ 24.20 ਸੈਕੰਡ ਦਾ ਸਮਾਂ ਲੈ ਕੇ ਚਾਂਦੀ ਤਮਗਾ ਜਿੱਤਿਆ। ਅਵੰਤਿਕਾ ਇਸ ਤੋਂ ਪਹਿਲਾਂ 100 ਮੀਟਰ ਵਿਚ ਸੋਨ ਤਮਗਾ ਜਿੱਤ ਚੁੱਕੀ ਹੈ। ਦੀਪਤੀ ਨੂੰ 200 ਮੀਟਰ ਵਿਚ 24.78 ਸੈਕੰਡ ਵਿਚ ਕਾਂਸੀ ਮਿਲਿਆ।