ਵਿੰਬਲਡਨ : ਜੋਕੋਵਿਚ ਧਮਾਕੇਦਾਰ ਜਿੱਤ ਨਾਲ ਤੀਜੇ ਦੌਰ ''ਚ
Thursday, Jul 04, 2019 - 03:50 AM (IST)

ਲੰਡਨ— ਵਿਸ਼ਵ ਦੇ ਨੰਬਰ ਇਕ ਖਿਡਾਰੀ ਤੇ ਚੋਟੀ ਦਰਜਾ ਪ੍ਰਾਪਤ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਬੁੱਧਵਾਰ ਨੂੰ ਦੂਜੇ ਦੌਰ 'ਚ ਅਮਰੀਕਾ ਦੇ ਡੇਵਿਸ ਕੁਡਲਾ ਨੂੰ ਲਗਾਤਾਰ ਸੈੱਟਾਂ 'ਚ 6-3, 6-2, 6-2 ਨਾਲ ਹਰਾ ਕੇ ਚੋਟੀ ਦੇ ਤੀਜੇ ਗ੍ਰੈਂਡ ਸਲੇਮ ਵਿੰਬਲਡਨ ਦੇ ਤੀਜੇ ਦੌਰ 'ਚ ਜਗ੍ਹਾ ਪੱਕੀ ਕਰ ਲਈ। ਜੋਕੋਵਿਚ ਨੇ ਇਹ ਮੁਕਾਬਲਾ ਇਕ ਘੰਟੇ 32 ਮਿੰਟ 'ਚ ਜਿੱਤਿਆ। ਜੋਕੋਵਿਚ ਦੇ ਤੀਜੇ ਦੌਰ 'ਚ ਪੋਲੈਂਡ ਦੇ ਹਯੂਬਟਰ ਹਰਕਾਜ ਨਾਲ ਮੁਕਾਬਲਾ ਹੋਵੇਗਾ ਜੋ ਪਹਿਲੀ ਵਾਰ ਵਿੰਬਲਡਨ ਦੇ ਤੀਜੇ ਦੌਰ 'ਚ ਪਹੁੰਚੇ ਹਨ। ਪਿਛਲੇ ਚੈਂਪੀਅਨ ਜੋਕੋਵਿਚ ਨੇ ਮੈਚ 'ਚ 7 ਵਾਰ ਕੁਡਲਾ ਦੀ ਸਰਵਿਸ ਤੋੜੀ। ਚੌਥੀ ਸੀਡ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ, 15ਵੀਂ ਸੀਡ ਕੈਨੇਡਾ ਦੇ ਮਿਲੋਸ ਰਾਓਨਿਕ ਤੇ ਮਹਿਲਾਵਾਂ 'ਚ ਰੋਮਾਨੀਆ ਦੀ ਸਿਮੋਨਾ ਹਾਲੇਪ ਤੀਜੇ ਦੌਰ 'ਚ ਪਹੁੰਚ ਗਈ ਹੈ ਜਦਕਿ ਸਵਿਟਜ਼ਰੈਂਡ ਦੇ 22ਵੇਂ ਰੈਂਕਿੰਗ ਸਟਾਨ ਵਾਵਰਿੰਕਾ ਨੂੰ ਦੂਜੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਦੌਰ 'ਚ ਮੁਕਾਬਲਿਆਂ 'ਚ 8ਵੀਂ ਸੀਡ ਯੂਕ੍ਰੇਨ ਦੀ ਐਲਿਨਾ ਸਵੀਤੋਲਿਨਾ , ਸਾਬਕਾ ਨੰਬਰ ਇਕ ਬੇਲਾਰੂਸ ਦੀ ਵਿਟੋਰੀਆ ਅਜਾਰੇਂਕਾ ਤੇ ਚੀਨੀ ਤਾਈਪੇ ਦੀ ਸੂ ਵੇਈ ਸੀਹ ਨੇ ਜਿੱਤ ਹਾਸਲ ਕਰ ਤੀਜੇ ਰਾਊਂਡ 'ਚ ਜਗ੍ਹਾ ਬਣਾ ਲਈ ਹੈ। ਸਵੀਤੋਲਿਨਾ ਨੇ ਰੂਸ ਦੀ ਮਾਰਗਰੀਟਾ ਗੈਸਪੇਰਿਨ ਨੂੰ ਇਕ ਘੰਟੇ 53 ਮਿੰਟ 'ਚ 5-7, 6-5 ਨਾਲ ਹਰਾਇਆ। ਗੈਸਪੇਰਿਨ ਨੇ ਦੂਜੇ ਸੈੱਟ 'ਚ ਮੁਕਾਬਲਾ ਛੱਡ ਦਿੱਤਾ। ਅਜਾਰੇਂਕਾ ਨੇ ਆਸਟਰੇਲੀਆ ਦੀ ਏਜਲਾ ਟਾਮ ਜਾਨੋਵਿਚ ਨੂੰ ਇਕ ਘੰਟੇ ਤਿੰਨ ਮਿੰਟ 'ਚ 6-2, 6-0 ਨਾਲ ਹਰਾਇਆ। ਸੀਹ ਨੇ ਬੈਲਜ਼ੀਅਮ ਦੀ ਕਰਸਟੇਨ ਫਿਲਪਕੇਨਸ ਨੂੰ ਇਕ ਘੰਟੇ 16 ਮਿੰਟ 'ਚ 7-6, 6-3 ਨਾਲ ਹਰਾਇਆ।