ਵਿੰਬਲਡਨ : ਫੈਡਰਰ ਦੀ 350ਵੀਂ ਗ੍ਰੈਂਡ ਸਲੈਮ ਜਿੱਤ
Sunday, Jul 07, 2019 - 01:29 AM (IST)

ਲੰਡਨ— 20 ਗ੍ਰੈਂਡ ਸਲੈਮ ਖਿਤਾਬਾਂ ਦੇ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ, ਫ੍ਰੈਂਚ ਓਪਨ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ, ਵਿਸ਼ਵ ਦੀ ਨੰਬਰ ਇਕ ਖਿਡਾਰਨ ਤੇ ਟਾਪ ਸੀਡ ਆਸਟਰੇਲੀਆ ਦੀ ਐਸ਼ਲੇ ਬਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਸਥਾਨ ਬਣਾ ਲਿਆ। ਦੂਜੀ ਸੀਡ ਫੈਡਰਰ ਨੇ 27ਵੀਂ ਸੀਡ ਫਰਾਂਸ ਦੇ ਲੁਕਾਸ ਪੋਈਲੀ ਨੂੰ 7-5, 6-2, 7-6 ਨਾਲ ਹਰਾਇਆ। ਫੈਡਰਰ ਦੀ ਇਹ 350ਵੀਂ ਗ੍ਰੈਂਡ ਸਲੈਮ ਜਿੱਤ ਹੈ । ਤੀਜੀ ਸੀਡ ਨਡਾਲ ਨੇ ਫਰਾਂਸ ਦੇ ਜੋ ਵਿਲਫ੍ਰੈੱਡ ਸੋਂਗਾ ਨੂੰ 6-2, 6-3, 6-2 ਨਾਲ ਹਰਾਇਆ ।
ਮਹਿਲਾਵਾਂ ਵਿਚ ਐਸ਼ਲੇ ਨੇ ਇੰਗਲੈਂਡ ਦੀ ਹੈਰੀਅਟ ਡਾਰਟ ਨੂੰ ਸ਼ਨੀਵਾਰ ਇਕਪਾਸੜ ਅੰਦਾਜ਼ ਵਿਚ 6-1, 6-1 ਨਾਲ ਹਰਾਇਆ। ਬਾਰਟੀ ਨੇ ਇਹ ਮੁਕਾਬਲਾ 53 ਮਿੰਟ ਵਿਚ ਖਤਮ ਕੀਤਾ ਤੇ ਪਹਿਲੀ ਵਾਰ ਵਿੰਬਲਡਨ ਦੇ ਆਖਰੀ-16 ਵਿਚ ਪਹੁੰਚੀ। ਫ੍ਰੈਂਚ ਓਪਨ ਚੈਂਪੀਅਨ ਇਸ ਸਾਲ ਦੇ ਸ਼ੁਰੂ ਵਿਚ ਆਸਟਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਵਿਚ ਪਹੁੰਚੀ ਸੀ ਤੇ ਹੁਣ ਉਸ ਨੇ ਵਿੰਬਲਡਨ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਉਹ ਪਿਛਲੇ ਸਾਲ ਵਿੰਬਲਡਨ ਵਿਚ ਤੀਜੇ ਦੌਰ ਵਿਚ ਪਹੁੰਚੀ ਸੀ।
ਫ੍ਰੈਂਚ ਓਪਨ ਚੈਂਪੀਅਨ ਬਾਰਟੀ ਦਾ ਆਖਰੀ-16 ਵਿਚ ਅਮਰੀਕਾ ਦੇ ਐਲਿਸਨ ਰਿਸਕੇ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਇਕ ਹੋਰ ਮੈਚ ਵਿਚ 13ਵੀਂ ਸੀਡ ਸਵਿਟਜ਼ਰਲੈਂਡ ਦੀ ਬੇਲਿੰਡਾ ਬੇਨਸਿਚ ਨੂੰ 2 ਘੰਟੇ 9 ਮਿੰਟ ਵਿਚ 4-6, 6-4, 6-4 ਨਾਲ ਹਰਾਇਆ। 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਤੇ 11ਵੀਂ ਸੀਡ ਸੇਰੇਨਾ ਨੇ ਜਰਮਨੀ ਦੀ ਜੂਲੀਆ ਜੋਰਜਿਸ ਨੂੰ 6-3, 6-4 ਨਾਲ ਹਰਾਇਆ। ਸੇਰੇਨਾ ਦਾ ਆਖਰੀ 16 ਵਿਚ ਸਪੇਨ ਦੀ ਕਰਾਲੋ ਸੁਆਰੇਜ ਨਵਾਰੋ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਅਮਰੀਕਾ ਦੀ ਲਾਰੇਨ ਡੇਵਿਸ ਨੂੰ ਇਕ ਘੰਟਾ 8 ਮਿੰਟ ਵਿਚ 6-3, 6-3 ਨਾਲ ਹਰਾਇਆ।
ਛੇਵੀਂ ਸੀਡ ਚੈੱਕ ਗਣਰਾਜ ਦੀ ਪੇਤ੍ਰਾ ਕਵੀਤੋਵਾ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਪੋਲੈਂਡ ਦੀ ਮੇਗਦਾ ਲਿਨੇਟ ਨੂੰ 6-3, 6-2 ਨਾਲ, ਜਦਕਿ ਬੈਲਜੀਅਮ ਦੀ ਐਲਿਸ ਮਾਰਟਨਸ ਨੇ ਚੀਨ ਦੀ ਕਿਯਾਂਗ ਵਾਂਗ ਨੂੰ 6-2, 6-7, 6-4 ਨਾਲ ਹਰਾਇਆ। ਪੁਰਸ਼ਾਂ ਵਿਚ 8ਵੀਂ ਸੀਡ ਜਾਪਾਨ ਦੇ ਕੇਈ ਨਿਸ਼ੀਕੋਰੀ ਤੇ ਅਮਰੀਕਾ ਦੇ ਸੈਮ ਕਵੇਰੀ ਨੇ ਵੀ ਆਖਰੀ-16 ਵਿਚ ਜਗ੍ਹਾ ਬਣਾ ਲਈ ਹੈ। ਨਿਸ਼ੀਕੋਰੀ ਨੇ ਅਮਰੀਕਾ ਦੇ ਸਟੀਵ ਜਾਨਸਨ ਨੂੰ 6-4, 6-3, 6-2 ਨਾਲ ਤੇ ਕਵੇਰੀ ਨੇ ਆਸਟਰੇਲੀਆ ਦੇ ਜਾਨ ਮਿਲਮੈਨ ਨੂੰ 7-6, 7-6, 6-3 ਨਾਲ ਹਰਾਇਆ।