ਵਿੰਬਲਡਨ : ਅਲਕਾਰਾਜ਼ ਤੇ ਸਬਾਲੇਂਕਾ ਕੁਆਰਟਰ ਫਾਈਨਲ ’ਚ ਪੁੱਜੇ
Tuesday, Jul 08, 2025 - 10:32 AM (IST)

ਲੰਡਨ– ਸਾਬਕਾ ਚੈਂਪੀਅਨ ਕਾਰਲੋਸ ਅਲਕਾਰਾਜ਼ ਨੇ ਐਂਡ੍ਰੀ ਰੂਬਲੇਵ ਤੇ ਮਹਿਲਾ ਵਰਗ ਵਿਚ ਚੋਟੀ ਦਰਜਾ ਪ੍ਰਾਪਤ ਆਰੀਅਨਾ ਸਬਾਲੇਂਕਾ ਨੇ ਐਲਿਸ ਮਟਰੇਨਸ ’ਤੇ ਜਿੱਤ ਦਰਜ ਕਰ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ।
ਇੱਥੇ ਖੇਡੇ ਗਏ ਮੁਕਾਬਲੇ ਵਿਚ ਸਪੇਨ ਦੇ ਧਾਕੜ ਟੈਨਿਸ ਖਿਡਾਰੀ ਅਲਕਾਰਾਜ਼ ਨੇ 14ਵਾਂ ਦਰਜਾ ਪ੍ਰਾਪਤ ਰੂਬਲੇਵ ਵਿਰੁੱਧ ਪਹਿਲਾ ਸੈੱਟ ਗਵਾਉਣ ਤੋਂ ਬਾਅਦ ਵਾਪਸੀ ਕਰਦੇ ਹੋਏ 6-7 (5), 6-3, 6-4, 6-4 ਨਾਲ ਜਿੱਤ ਦਰਜ ਕੀਤੀ। ਹੁਣ ਅਗਲੇ ਦੌਰ ਵਿਚ ਅਲਕਾਰਾਜ਼ ਦਾ ਮੁਕਾਬਲਾ ਬ੍ਰਿਟੇਨ ਦੇ ਕੈਮਰੂਨ ਨੋਰੀ ਨਾਲ ਹੋਵੇਗੀ। ਨੋਰੀ ਨੇ ਪੰਜ ਸੈੱਟਾਂ ਦੇ ਮੈਰਾਥਨ ਵਿਚ ਚਿਲੀ ਦੇ ਨਿਕੋਲਸ ਜੈਰੀ ਨੂੰ 6-3, 7-6 (4), 6-7 (7), 6-7 (5), 6-3 ਨਾਲ ਹਰਾਇਆ।
ਉੱਥੇ ਹੀ, ਪੰਜਵਾਂ ਦਰਜਾ ਪ੍ਰਾਪਤ ਟੇਲਰ ਫ੍ਰਿਟਜ਼ ਨੇ ਆਪਣੇ ਸਰਵੋਤਮ ਵਿਬੰਲਡਨ ਪ੍ਰਦਰਸ਼ਨ ਦੀ ਬਰਾਬਰੀ ਕਰਦੇ ਹੋਏ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ ਜਦੋਂ ਵਿਰੋਧੀ ਖਿਡਾਰੀ ਜੌਰਡਨ ਥਾਂਪਸਨ ਸੱਟ ਕਾਰਨ 6-1, 3-0 ਨਾਲ ਪਿੱਛੜ ਰਿਹਾ ਸੀ। ਅਗਲੇ ਦੌਰ ਵਿਚ ਫ੍ਰਿਟਜ਼ ਦਾ ਮੁਕਾਬਲਾ ਰੂਸ ਦੇ ਕਾਰੇਨ ਖਾਚਾਨੋਵ ਨਾਲ ਹੋਵੇਗਾ। ਖਾਚਾਨੋਵ ਨੇ ਪੋਲੈਂਡ ਦੇ ਕਾਮਿਲ ਮਾਜਚ੍ਰਜਕ ਨੂੰ 6-4, 6-2, 6-3 ਨਾਲ ਆਸਾਨੀ ਨਾਲ ਹਰਾ ਦਿੱਤਾ।
ਮਹਿਲਾ ਵਰਗ ਵਿਚ ਦੁਨੀਆ ਦੀ ਨੰਬਰ ਇਕ ਖਿਡਾਰਨ ਸਬਾਲੇਂਕਾ ਨੇ ਮਟਰੇਨਸ ਦੀ ਸਖਤ ਚੁਣੌਤੀ ਨੂੰ ਪਾਰ ਕਰਦੇ ਹੋਏ 6-4, 7-6 (4) ਨਾਲ ਜਿੱਤ ਦਰਜ ਕਰ ਕੇ ਆਖਰੀ-8 ਵਿਚ ਜਗ੍ਹਾ ਬਣਾਈ। ਛੇਵਾਂ ਦਰਜਾ ਪ੍ਰਾਪਤ ਬੇਲਾਰੂਸ ਦੀ ਸਬਾਲੇਂਕਾ ਦਾ ਅਗਲਾ ਮੁਕਾਬਲਾ ਜਰਮਨੀ ਦੀ ਲੌਰਾ ਸੀਜਮੰਡ ਨਾਲ ਹੋਵੇਗਾ। 37 ਸਾਲਾ ਜਰਮਨ ਖਿਡਾਰਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਰਜਨਟੀਨਾ ਦੀ ਸੋਲਾਨਾ ਸਿਏਰਾ ਨੂੰ 6-3, 6-2 ਨਾਲ ਹਰਾਇਆ।
ਅਮਰੀਕਾ ਦੀ ਅਮਾਂਡਾ ਅਨਿਸਿਮੋਵਾ ਨੇ ਚੈੱਕ ਗਣਰਾਜ ਦੀ ਲਿੰਡਾ ਨੋਸਕੋਵਾ ’ਤੇ 6-2, 5-7, 6-4 ਨਾਲ ਸਖਤ ਟੱਕਰ ਤੋਂ ਬਾਅਦ ਜਿੱਤ ਦਰਜ ਕੀਤੀ। 13ਵਾਂ ਦਰਜਾ ਪ੍ਰਾਪਤ ਅਨਿਸਿਮੋਵਾ ਦਾ ਅਗਲਾ ਮੁਕਾਬਲਾ ਅਨਾਸਤਾਸੀਆ ਪਾਵਲੂਚੇਨਕੋਵਾ ਨਾਲ ਹੋਵੇਗਾ।