ਭਾਂਬਰੀ ਅਤੇ ਗੋਰਾਨਸਨ ਦਾ ਸਫਰ ਸੈਮੀਫਾਈਨਲ ’ਚ ਥੰਮਿਆ

Sunday, Mar 15, 2026 - 10:46 AM (IST)

ਭਾਂਬਰੀ ਅਤੇ ਗੋਰਾਨਸਨ ਦਾ ਸਫਰ ਸੈਮੀਫਾਈਨਲ ’ਚ ਥੰਮਿਆ

ਇੰਡੀਅਨ ਵੇਲਸ (ਅਮਰੀਕਾ)– ਭਾਰਤ ਦੇ ਯੂਕੀ ਭਾਂਬਰੀ ਅਤੇ ਸਵੀਡਨ ਦੇ ਉਸ ਦੇ ਸਾਥੀ ਆਂਦ੍ਰੇ ਗੋਰਾਨਸਨ ਦੀ ਕੈਲੀਫੋਰਨੀਆ ’ਚ ਖੇਡੇ ਜਾ ਰਹੇ ਇੰਡੀਅਨ ਵੇਲਸ ਮਾਸਟਰਸ ਟੈਨਿਸ ਟੂਰਨਾਮੈਂਟ ’ਚ ਸ਼ਾਨਦਾਰ ਮੁਹਿੰਮ ਸੈਮੀਫਾਈਨਲ ’ਚ ਹਾਰ ਜਾਣ ਦੇ ਨਾਲ ਸਮਾਪਤ ਹੋ ਗਈ। ਭਾਂਬਰੀ ਅਤੇ ਗੋਰਾਨਸਨ ਦੀ ਗੈਰ ਦਰਜਾ ਪ੍ਰਾਪਤ ਜੋੜੀ ਫਰਾਂਸ ਦੇ ਆਰਥਰ ਰਿੰਡਰਕਨੇਚ ਅਤੇ ਮੋਨਾਕੋ ਦੇ ਵੈਲੇਂਟੀਨ ਵਾਚੇਰੋਟ ਹੱਥੋਂ 5-7, 7-6 (7), 5-10 ਨਾਲ ਹਾਰ ਗਈ। ਇਹ ਇਕ ਸਖਤ ਮੁਕਾਬਲਾ ਸੀ ਜਿਸਦਾ ਫੈਸਲਾ ਟਾਈਬ੍ਰੇਕਰ ਨਾਲ ਹੋਇਆ।

ਭਾਂਬਰੀ ਅਤੇ ਗੋਰਾਨਸਨ ਪਹਿਲੇ ਸੈੱਟ ’ਚ ਚੰਗਾ ਪ੍ਰਦਰਸ਼ਨ ਕਰਨ ਦੇ ਬਾਵਜੂਦ ਹਾਰ ਗਏ। ਉਨ੍ਹਾਂ ਨੇ ਦੂਜੇ ਸੈੱਟ ’ਚ ਚੰਗੀ ਖੇਡ ਦਿਖਾਈ ਅਤੇ ਟਾਈਬ੍ਰੇਕਰ ’ਚ ਜਿੱਤ ਦਰਜ ਕਰਕੇ ਮੁਕਾਬਲੇ ਨੂੰ ਫੈਸਲਾਕੁੰਨ ਮੋੜ ’ਤੇ ਪਹੁੰਚਾ ਦਿੱਤਾ ਪਰ ਫੈਸਲਾਕੁੰਨ ਟਾਈਬ੍ਰੇਕਰ ’ਚ ਰਿੰਡਰਕਨੇਚ ਅਤੇ ਵਾਚੇਰੋਟ ਨੇ ਆਪਣਾ ਸਬਰ ਬਣਾਈ ਰੱਖਿਆ ਅਤੇ ਜਿੱਤ ਹਾਸਲ ਕਰ ਲਈ। ਇਸ ਮੈਚ ’ਚ ਹਾਰ ਦੇ ਬਾਵਜੂਦ ਇਸ ਟੂਰਨਾਮੈਂਟ ’ਚ 33 ਸਾਲਾ ਭਾਰਤੀ ਖਿਡਾਰੀ ਨੇ ਇਕ ਮਹੱਤਵਪੂਰਨ ਉਪਲੱਬਧੀ ਹਾਸਲ ਕੀਤੀ। ਉਹ ਪਹਿਲੀ ਵਾਰ ਕਿਸੇ ਏ.ਟੀ.ਪੀ. ਮਾਸਟਰਸ 1000 ਪ੍ਰਤੀਯੋਗਿਤਾ ਦੇ ਸੈਮੀਫਾਈਨਲ ’ਚ ਪਹੁੰਚਿਅਾ ਸੀ। ਭਾਂਬਰੀ ਅਤੇ ਗੋਰਾਨਸਨ ਨੇ ਕੁਆਰਟਰ ਫਾਈਨਲ ’ਚ ਅਲੈਗਜ਼ੈਂਡਰ ਅਰਲਰ ਅਤੇ ਐਂਡਰੀਆ ਵਾਵਾਸੋਰੀ ਨੂੰ 6-3, 7-6(7) ਨਾਲ ਹਰਾਇਆ ਸੀ। ਇਹ ਦੋ ਸਾਲ ਤੋਂ ਬਾਅਦ ਪਹਿਲਾ ਮੌਕਾ ਸੀ ਜਦੋਂ ਕਿਸੇ ਭਾਰਤੀ ਖਿਡਾਰੀ ਨੇ ਮਾਸਟਰਸ 1000 ਟੂਰਨਾਮੈਂਟ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਈ। ਇਸ ਤੋਂ ਪਹਿਲਾਂ ਰੋਹਨ ਬੋਪੰਨਾ ਨੇ 2024 ’ਚ ਮਿਆਮੀ ਓਪਨ ’ਚ ਮਾਸਟਰਸ 1000 ਖਿਤਾਬ ਜਿੱਤਿਆ ਸੀ।


author

Tarsem Singh

Content Editor

Related News