ਰੋਹਿਤ ਤੇ ਕੋਹਲੀ ਦੀ ਟੀ-20 ਟੀਮ ’ਚ ਚੋਣ ਕੀ ਵਿਸ਼ਵ ਕੱਪ ’ਚ ਭਾਰਤ ਨੂੰ ਭਾਰੀ ਪਵੇਗੀ?

Monday, Jan 08, 2024 - 07:07 PM (IST)

ਰੋਹਿਤ ਤੇ ਕੋਹਲੀ ਦੀ ਟੀ-20 ਟੀਮ ’ਚ ਚੋਣ ਕੀ ਵਿਸ਼ਵ ਕੱਪ ’ਚ ਭਾਰਤ ਨੂੰ ਭਾਰੀ ਪਵੇਗੀ?

ਨਵੀਂ ਦਿੱਲੀ, (ਭਾਸ਼ਾ)– ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੂੰ 14 ਮਹੀਨਿਆਂ ’ਚ ਪਹਿਲੀ ਵਾਰ ਟੀ-20 ਟੀਮ ਵਿਚ ਜਗ੍ਹਾ ਦੇ ਕੇ ਚੋਣਕਾਰਾਂ ਨੇ ਸੁਰੱਖਿਅਤ ਰਵੱਈਆ ਅਪਣਾਇਆ ਹੈ ਪਰ ਕੀ ਉਨ੍ਹਾਂ ਦਾ ਇਹ ਫੈਸਲਾ ਟੀ-20 ਵਿਸ਼ਵ ਕੱਪ ਵਿਚ ਭਾਰਤ ਨੂੰ ਭਾਰੀ ਪਵੇਗਾ? ਇਸਦਾ ਪਤਾ ਸਮਾਂ ਆਉਣ ’ਤੇ ਹੀ ਲੱਗੇਗਾ। ਪਿਛਲੇ ਦੋ ਟੀ-20 ਵਿਸ਼ਵ ਕੱਪ ਵਿਚ ਖਿਤਾਬ ਜਿੱਤਣ ਵਿਚ ਅਸਫਲ ਰਹਿਣ ਤੋਂ ਬਾਅਦ ਰੋਹਿਤ ਤੇ ਕੋਹਲੀ ਨੇ ਜੇਕਰ ਇਕ ਹੋਰ ਮੌਕਾ ਦੇਣ ਦੀ ਇੱਛਾ ਜਤਾਈ ਤਾਂ ਇਸਦੇ ਲਈ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਪਰ ਚੋਣਕਾਰਾਂ ਦੇ ਮਾਮਲੇ ਵਿਚ ਅਜਿਹਾ ਨਹੀਂ ਕਿਹਾ ਜਾ ਸਕਦਾ, ਜਿਨ੍ਹਾਂ ਨੇ ਨਵੰਬਰ-2022 ਵਿਚ ਸੈਮੀਫਾਈਨਲ ਵਿਚ ਇੰਗਲੈਂਡ ਹੱਥੋਂ ਮਿਲੀ ਹਾਰ ਤੋਂ ਬਾਅਦ ਕਈ ਨਵੇਂ ਖਿਡਾਰੀਆਂ ਨੂੰ ਟੀਮ ਵਿਚ ਚੁਣਿਆ ਸੀ।

ਰੋਹਿਤ ਤੇ ਕੋਹਲੀ ਨੂੰ ਹੁਣ ਅਫਗਾਨਿਸਤਾਨ ਵਿਰੁੱਧ 11 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਤਿੰਨ ਟੀ-20 ਮੈਚਾਂ ਦੀ ਲੜੀ ਲਈ ਟੀਮ ਵਿਚ ਚੁਣਿਆ ਗਿਆ ਹੈ ਜਿਹੜਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਇਹ ਦੋਵੇਂ ਧਾਕੜ ਅਮਰੀਕਾ ਤੇ ਵੈਸਟਇੰਡੀਜ਼ ਵਿਚ ਜੂਨ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਭਾਰਤੀ ਟੀਮ ਦਾ ਹਿੱਸਾ ਹੋਣਗੇ। ਇਨ੍ਹਾਂ ਦੋਵਾਂ ਧਾਕੜ ਖਿਡਾਰੀਆਂ ਨੇ ਭਾਰਤ ਨੂੰ ਵਨ ਡੇ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ ਪਰ ਕੀ ਉਹ ਖੇਡ ਦੇ ਸਭ ਤੋਂ ਛੋਟੇ ਸਵਰੂਪ ਦੀ ਲੋੜ ਨਾਲ ਤਾਲਮੇਲ ਬਿਠਾ ਸਕਣਗੇ। ਰੋਹਿਤ ਨੇ ਵਨ ਡੇ ਵਿਸ਼ਵ ਕੱਪ ਵਿਚ ਸ਼ੁਰੂ ਤੋਂ ਹੀ ਹਮਲਾਵਰ ਰਵੱਈਆ ਅਪਣਾਇਆ ਸੀ ਤੇ ਅਫਗਾਨਿਸਤਾਨ ਵਿਰੁੱਧ ਮੋਹਾਲੀ ਵਿਚ ਸ਼ੁਰੂ ਹੋਣ ਵਾਲੀ ਲੜੀ ਵਿਚ ਵੀ ਉਹ ਇਸੇ ਅੰਦਾਜ਼ ਵਿਚ ਖੇਡ ਸਕਦਾ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ ਦੀ ਕ੍ਰਿਕਟ ਟੀਮ ਪਹੁੰਚੀ ਚੰਡੀਗੜ੍ਹ, 11 ਜਨਵਰੀ ਨੂੰ ਮੋਹਾਲੀ ‘ਚ ਭਾਰਤ ਨਾਲ ਹੋਵੇਗਾ ਟੀ-20 ਮੈਚ

ਦੂਜੇ ਪਾਸੇ ਕੋਹਲੀ ਦੀ ਖੇਡ 50 ਓਵਰਾਂ ਦੇ ਸਵਰੂਪ ਦੇ ਜ਼ਿਆਦਾ ਅਨੁਕੂਲ ਹੈ ਪਰ ਉਸ ਨੇ ਜਿਹੜਾ 148 ਟੀ-20 ਮੈਚ ਖੇਡੇ ਹਨ, ਉਨ੍ਹਾਂ ਵਿਚ 137.96 ਦੀ ਚੰਗੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ। ਇਸਦੇ ਉਲਟ ਉਸਦੇ ਸਾਥੀ ਤੇ ਵਿਸ਼ਵ ਦੇ ਸਰਵਸ੍ਰੇਸ਼ਠ ਟੀ-20 ਬੱਲੇਬਾਜ਼ ਸੂਰਯਕੁਮਾਰ ਯਾਦਵ ਦੀ ਸਟ੍ਰਾਈਕ ਰੇਟ 170 ਤੋਂ ਵੱਧ ਹੈ। ਯਸ਼ਸਵੀ ਜਾਇਸਵਾਲ ਤੇ ਰਿਤੂਰਾਜ ਗਾਇਕਵਾੜ ਨੂੰ ਜਿਹੜੇ ਵੀ ਮੌਕੇ ਮਿਲੇ ਹਨ, ਉਨ੍ਹਾਂ ਵਿਚ ਉਸ ਨੇ ਆਪਣੀ ਸਮਰੱਥਾ ਦਿਖਾਈ ਹੈ ਪਰ ਆਈ. ਸੀ. ਸੀ. ਪ੍ਰਤੀਯੋਗਿਤਾਵਾਂ ਵਿਚ ਤਜਰਬੇ ਦਾ ਕੋਈ ਬਦਲ ਨਹੀਂ ਹੁੰਦਾ। ਸੁਨੀਲ ਗਾਵਸਕਰ ਤੇ ਸੌਰਭ ਗਾਂਗੁਲੀ ਨੇ ਵੀ ਇਸ ਨੂੰ ਮਹੱਤਵ ਦਿੰਦੇ ਹੋਏ ਰੋਹਿਤ ਤੇ ਕੋਹਲੀ ਨੂੰ ਟੀ-20 ਵਿਸ਼ਵ ਕੱਪ ਦੀ ਟੀਮ ਵਿਚ ਸ਼ਾਮਲ ਕਰਨ ਦੀ ਵਕਾਲਤ ਕੀਤੀ ਸੀ। ਭਾਰਤ ਦੇ ਸਾਬਕਾ ਚੋਣਕਾਰ ਸ਼ਰਣਦੀਪ ਸਿੰਘ ਨੇ ਵੀ ਰੋਹਿਤ ਤੇ ਕੋਹਲੀ ਨੂੰ ਟੀਮ ਵਿਚ ਸ਼ਾਮਲ ਕਰਨ ਦਾ ਫੈਸਲਾ ਸਹੀ ਕਰਾਰ ਦਿੱਤਾ।

ਰੋਹਿਤ ਤੇ ਕੋਹਲੀ ਦੀ ਚੋਣ ਕਰਕੇ ਚੋਣਕਾਰਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਤਰ੍ਹਾਂ ਦਾ ਜ਼ੋਖਿਮ ਨਹੀਂ ਲੈਣਾ ਚਾਹੁੰਦੇ। ਭਾਰਤ ਦੇ ਸਾਾਬਕਾ ਸਲਾਮ ਬੱਲੇਬਾਜ਼ ਆਕਾਸ਼ ਚੋਪੜਾ ਨੂੰ ਲੱਗਦਾ ਹੈ ਕਿ ਚੋਣਕਾਰਾਂ ਨੂੰ ਦੋਵੇਂ ਖਿਡਾਰੀਆਂ ਦੀ ਚੋਣ ਕਰਨੀ ਸੀ ਤੇ ਉਹ ਇਸ ਵਿਚੋਂ ਕਿਸੇ ਇਕ ਨੂੰ ਬਾਹਰ ਨਹੀਂ ਰੱਖ ਸਕਦੇ ਸਨ। ਚੋਪੜਾ ਨੇ ਕਿਹਾ,‘‘ਅਜਿਹਾ ਲੱਗ ਰਿਹਾ ਸੀ ਕਿ ਉਹ ਅਗਲੇ ਟੀ-20 ਵਿਸ਼ਵ ਕੱਪ ਵਿਚ ਨਹੀਂ ਖੇਡਣਗੇ ਕਿਉਂਕਿ ਉਨ੍ਹਾਂ ਨੇ ਪਿਛਲੇ ਵਿਸ਼ਵ ਕੱਪ ਤੋਂ ਬਾਅਦ ਇਸ ਸਵਰੂਪ ਵਿਚ ਕੋਈ ਮੈਚ ਨਹੀਂ ਖੇਡਿਆ ਸੀ। ਉਨ੍ਹਾਂ ਦੋਵਾਂ ਦੀ ਸਥਿਤੀ ਅਜੇ ਇਕੋ ਜਿਹੀ ਹੈ। ਜੇਕਰ ਚੋਣਕਾਰ ਕਿਸੇ ਇਕ ਨੂੰ ਬਾਹਰ ਵੀ ਰੱਖਣ ਦੇ ਬਾਰੇ ਵਿਚ ਸੋਚਦੇ ਤਾਂ ਤਦ ਵੀ ਉਹ ਅਜਿਹਾ ਨਹੀਂ ਕਰ ਸਕਦੇ ਸਨ। ਉਨ੍ਹਾਂ ਨੇ ਇਨ੍ਹਾਂ ਦੋਵਾਂ ਦੀ ਹੀ ਚੋਣ ਕਰਨੀ ਸੀ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Tarsem Singh

Content Editor

Related News