ਭਾਰਤ ਤੀਸਰੇ ਦੌਰ ’ਚ ਪਹੁੰਚ ’ਚ ਨਾਕਾਮ ਰਿਹਾ ਤਾਂ ਅਸਤੀਫਾ ਦੇ ਦਿਆਂਗਾ : ਸਟਿਮੈਕ
Tuesday, Mar 26, 2024 - 09:57 PM (IST)
ਗੁਵਾਹਟੀ- ਭਾਰਤ ਦੇ ਮੁੱਖ ਕੋਚ ਇਗੋਰ ਸਟਿਮੈਕ ਨੇ ਕਿਹਾ ਕਿ ਜੇਕਰ ਭਾਰਤੀ ਫੁੱਟਬਾਲ ਟੀਮ ਫੀਫਾ ਵਿਸ਼ਵ ਕੱਪ 2026 ਦੇ ਕੁਆਲੀਫਾਇਰਸ ਦੇ ਤੀਸਰੇ ਦੌਰ ’ਚ ਪਹੁੰਚਣ ’ਚ ਨਾਕਾਮ ਰਹਿੰਦੀ ਹੈ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਵੇਗਾ। ਸਟਿਮੈਕ ਦੀ ਪਹਿਲ ਭਾਰਤ ਨੂੰ ਵਿਸ਼ਵ ਕੱਪ ਕੁਆਲੀਫਾਇਰ ਦੇ ਤੀਸਰੇ ਦੌਰ ’ਚ ਪਹੁੰਚਾਉਣਾ ਅਤੇ ਏ. ਐੱਫ. ਸੀ. ਏਸ਼ੀਆ ਕੱਪ 2027 ’ਚ ਸਿੱਧਾ ਪ੍ਰਵੇਸ਼ ਦੁਆਉਣਾ ਹੈ।
ਸਟਿਮੈਕ ਨੇ ਅਫਗਾਨਿਸਤਾਨ ਖਿਲਾਫ ਮੰਗਲਵਾਰ ਨੂੰ ਇਥੇ ਹੋਣ ਵਾਲੇ ਭਾਰਤ ਦੇ ਘਰੇਲੂ ਪੜਾਅ ਦੇ ਮੈਚ ਦੀ ਪੂਰਵਲੀ ਸ਼ਾਮ ਕਿਹਾ ਕਿ ਜੇਕਰ ਮੈਂ ਭਾਰਤ ਨੂੰ ਤੀਸਰੇ ਦੌਰ ’ਚ ਪਹੁੰਚਾਉਣ ’ਚ ਨਾਕਾਮ ਰਹਿੰਦਾ ਹਾਂ ਤਾਂ ਮੈਂ ਆਪਣਾ ਅਹੁਦਾ ਛੱਡ ਦਿਆਂਗਾ। ਮੈਂ ਪਿਛਲੇ 5 ਸਾਲਾਂ ’ਚ ਜੋ ਵੀ ਕੰਮ ਕੀਤਾ, ਉਸ ਦੇ ਸਨਮਾਨ ਨਾਲ ਮੈਂ ਇਹ ਅਹੁਦਾ ਹੋਰ ਕਿਸੇ ਲਈ ਛੱਡ ਦਿਆਂਗਾ।
ਭਾਰਤ ਅਜੇ ਗਰੁੱਪ-ਏ ਵਿਚ 3 ਮੈਚਾਂ ’ਚ 4 ਅੰਕ ਲੈ ਕੇ ਦੂਸਰੇ ਸਥਾਨ ’ਤੇ ਹੈ। ਉਹ ਕੁਵੈਤ ਤੋਂ 1 ਅੰਕ ਅੱਗੇ ਹੈ, ਜਿਸ ਦੇ 3 ਮੈਚਾਂ ’ਚ 3 ਅੰਕ ਹਨ। ਭਾਰਤ ਹੁਣ ਵੀ ਤੀਸਰੇ ਦੌਰ ’ਚ ਜਗ੍ਹਾ ਬਣਾ ਸਕਦਾ ਹੈ ਪਰ ਪਿਛਲੇ ਮੈਚ ’ਚ ਅਫਗਨਿਸਤਾਨ ਖਿਲਾਫ ਅੰਕ ਵੰਡਣ ਨਾਲ ਉਸ ਦੀਆਂ ਸੰਭਾਵਨਾਵਾਂ ਨੂੰ ਕਰਾਰਾ ਝਟਕਾ ਲੱਗ ਹੈ। ਸਟਿਮੈਕ ਨੇ 2019 ’ਚ ਭਾਰਤ ਦੇ ਮੁੱਖ ਕੋਚ ਦਾ ਅਹੁਦਾ ਸੰਭਾਲਿਆ ਸੀ। ਪਿਛਲੇ ਸਾਲ ਉਸ ਦਾ ਕਰਾਰ ਜੂਨ 2026 ਤੱਕ ਵਧਾਇਆ ਗਿਆ ਸੀ।