ਜਦੋਂ ਤਕ ਆਸਟਰੇਲੀਆ ਲਈ ਖੇਡਾਂਗਾ, BBL ''ਚ ਨਹੀਂ ਪਰਤਾਂਗਾ : ਵਾਰਨਰ
Tuesday, Nov 24, 2020 - 12:50 AM (IST)
ਕੈਨਬਰਾ– ਆਸਟਰੇਲੀਆ ਦੇ ਖੱਬੇ ਹੱਥ ਦੇ ਧਾਕੜ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਜਦੋਂ ਤਕ ਉਹ ਆਸਟਰੇਲੀਆ ਲਈ ਖੇਡੇਗਾ, ਤਦ ਤਕ ਉਹ ਦੇਸ਼ ਦੀ ਮਸ਼ਹੂਰ ਬਿੱਗ ਬੈਸ਼ ਲੀਗ (ਬੀ. ਬੀ. ਐੱਲ.) ਵਿਚ ਨਹੀਂ ਪਰਤੇਗਾ। ਵਾਰਨਰ ਨੇ ਕਿਹਾ ਕਿ ਖੇਡ ਦੇ ਨਿਯਮਾਂ ਦੇ ਨਾਲ ਗੈਰ-ਜ਼ਰੂਰੀ ਛੇੜਖਾਨੀ ਦੀ ਬਜਾਏ ਖੇਡ ਵਿਚ ਸਟਾਰ ਖਿਡਾਰੀਆਂ ਦੀ ਮੌਜੂਦਗੀ ਦੀ ਲੋੜ ਹੈ। ਆਸਟਰੇਲੀਆਈ ਟੀਮ ਦਾ ਉਪ ਕਪਤਾਨ ਵਾਰਨਰ ਬੀ. ਬੀ. ਐੱਲ. ਦੇ ਸ਼ੁਰੂਆਤੀ ਸੈਸ਼ਨਾਂ ਵਿਚ ਲੀਗ ਦੇ ਸਟਾਰ ਖਿਡਾਰੀਆਂ ਵਿਚੋਂ ਇਕ ਸੀ ਪਰ ਉਸ ਨੇ ਆਪਣੇ ਕਰੀਅਰ ਵਿਚ ਉਛਾਲ ਤੋਂ ਬਾਅਦ ਬੀ. ਬੀ. ਐੱਲ. ਤੋਂ ਦੂਰੀ ਬਣਾ ਲਈ ਤੇ ਕੌਮਾਂਤਰੀ ਕ੍ਰਿਕਟ 'ਤੇ ਹੀ ਧਿਆਨ ਦਿੱਤਾ।
ਵਿਸ਼ਵ ਪੱਧਰੀ ਮਹਾਮਾਰੀ ਕੋਰੋਨਾ ਵਾਇਰਸ ਦੇ ਕਾਰਣ ਇਸ ਸਾਲ ਜ਼ਿਆਦਾਤਰ ਕ੍ਰਿਕਟ ਨਹੀਂ ਖੇਡੀ ਜਾ ਸਕੀ ਹੈ ਤੇ ਇਸ ਦੇ ਬਾਵਜੂਦ ਵਾਰਨਰ ਨੇ ਕਿਹਾ ਕਿ ਉਹ ਖਾਲੀ ਸਮੇਂ ਦਾ ਇਸਤੇਮਾਲ ਪਰਿਵਾਰ ਦੇ ਨਾਲ ਬਿਤਾਉਣ 'ਤੇ ਹੀ ਕਰਨਾ ਚਾਹੇਗਾ। ਵਾਰਨਰ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜੇਕਰ ਤੁਸੀਂ ਆਸਟਰੇਲੀਆਈ ਖਿਡਾਰੀਆਂ ਤੇ ਸਰਵਸ੍ਰੇਸ਼ਠ ਕੌਮਾਂਤਰੀ ਖਿਡਾਰੀਆਂ ਨੂੰ ਲੀਗ ਵਿਚ ਖੇਡਣ ਲਈ ਲਿਆ ਸਕਦੇ ਹੋ ਤਾਂ ਲੀਗ ਦੇ ਆਯੋਜਨ ਵਿਚ ਆਉਣ ਵਾਲੀ ਪ੍ਰੇਸ਼ਾਨੀ ਦੂਰ ਹੋ ਜਾਵੇਗੀ ਤੇ ਨਿਯਮਾਂ ਦੇ ਨਾਲ ਛੇੜਖਾਨੀ ਵੀ ਨਹੀਂ ਕਰਨੀ ਪਵੇਗੀ।''
ਉਸ ਨੇ ਕਿਹਾ, ''ਖਿਡਾਰੀਆਂ ਲਈ ਕ੍ਰਿਕਟ ਦੇ ਤਿੰਨੇ ਸਵਰੂਪਾਂ ਵਿਚ ਖੇਡਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਤੇ ਜਦੋਂ ਵੀ ਲੰਬੇ ਸਮੇਂ ਲਈ ਕੋਈ ਮੁਕਾਬਲਾ ਨਹੀਂ ਹੁੰਦਾ ਹੈ ਤਾਂ ਤੁਹਾਨੂੰ ਬ੍ਰੇਕ ਲੈਣੀ ਵੀ ਪੈਂਦੀ ਹੈ ਕਿਉਂਕਿ ਸਾਨੂੰ ਗਰਮੀਆਂ ਦੇ ਪੂਰੇ ਸੀਜ਼ਨ ਵਿਚ ਖੇਡਣਾ ਪੈਂਦਾ ਹੈ ਤੇ ਸਾਡੇ ਲਈ ਕੋਈ ਅਜਿਹਾ ਸੀਜ਼ਨ ਜਾਂ ਸਮਾਂ ਨਹੀਂ ਹੁੰਦਾ ਜਦੋਂ ਬ੍ਰੇਕ ਹੋਵੇ। ਮੇਰੇ 3 ਬੱਚੇ ਤੇ ਪਤਨੀ ਹਨ ਤੇ ਉਨ੍ਹਾਂ ਨੂੰ ਸਮਾਂ ਦੇਣਾ ਵੀ ਮੇਰੀ ਜ਼ਿੰਮੇਵਾਰੀ ਹੈ। ਤਿੰਨੇ ਸਵਰੂਪ ਖੇਡਣਾ ਬਹੁਤ ਮੁਸ਼ਕਿਲ ਕੰਮ ਹੈ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਤਕ ਮੈਂ ਆਸਟਰੇਲੀਆ ਲਈ ਖੇਡ ਰਿਹਾ ਤਾਂ ਤਦ ਤਕ ਬਿੱਗ ਬੈਸ਼ ਲੀਗ ਨਹੀਂ ਖੇਡ ਸਕਾਂਗਾ।''
ਜ਼ਿਕਰਯੋਗ ਹੈ ਕਿ ਆਸਟਰੇਲੀਆ ਦਾ ਇਕ ਹੋਰ ਸਟਾਰ ਖਿਡਾਰੀ ਸਟੀਵ ਸਮਿਥ ਵੀ ਇਸ ਵਾਰ ਦੇ ਬੀ. ਬੀ. ਐੱਲ. ਸੈਸ਼ਨ ਵਿਚ ਨਹੀਂ ਖੇਡੇਗਾ ਤੇ ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਕੋਰੋਨਾ ਦੇ ਕਾਰਣ ਬਣਾਏ ਗਏ ਇਕਾਂਤਵਾਸ ਸਮੇਂ ਦੇ ਨਿਯਮਾਂ ਨੂੰ ਲੈ ਕੇ ਇਤਰਾਜ਼ ਪ੍ਰਗਟਾਇਆ ਸੀ, ਜਿਸ ਵਿਚ ਮੈਚ ਤੋਂ ਬਾਅਦ ਹੋਟਲ ਵਿਚ ਰਹਿਣ ਤੇ ਪਰਿਵਾਰ ਨਾਲ ਨਾ ਮਿਲਣ ਦਾ ਨਿਯਮ ਹੈ।