WI vs IND : ਭਾਰਤ ਲਈ ਕਰੋ ਜਾਂ ਮਰੋ ਦਾ ਮੁਕਾਬਲਾ, ਪੂਰਨ ਦੇ ਬੱਲੇ 'ਤੇ ਲਗਾਉਣੀ ਪਵੇਗੀ ਲਗਾਮ

Monday, Aug 07, 2023 - 07:30 PM (IST)

ਸਪੋਰਟਸ ਡੈਸਕ- ਵੈਸਟਇੰਡੀਜ਼ ਖਿਲਾਫ ਲਗਾਤਾਰ ਤੀਜੀ ਹਾਰ ਅਤੇ ਸੀਰੀਜ਼ ਗੁਆਉਣ ਤੋਂ ਬਚਣ ਲਈ ਭਾਰਤੀ ਬੱਲੇਬਾਜ਼ਾਂ ਨੂੰ ਮੰਗਲਵਾਰ ਨੂੰ ਤੀਜੇ ਟੀ-20 ਮੈਚ 'ਚ ਨਿਡਰ ਹੋ ਕੇ ਪ੍ਰਦਰਸ਼ਨ ਕਰਨਾ ਹੋਵੇਗਾ। ਧੀਮੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਨਹੀਂ ਰਹੀ ਹੈ ਪਰ ਜਿਵੇਂ ਕਿ ਕਪਤਾਨ ਹਾਰਦਿਕ ਪੰਡਯਾ ਨੇ ਐਤਵਾਰ ਨੂੰ ਕਿਹਾ, ਭਾਰਤ ਨੂੰ 10-20 ਵਾਧੂ ਦੌੜਾਂ ਬਣਾਉਣ ਦੇ ਤਰੀਕੇ ਲੱਭਣੇ ਪੈਣਗੇ।

ਭਾਰਤ ਨੂੰ ਆਖਰੀ ਵਾਰ 2016 'ਚ ਵੈਸਟਇੰਡੀਜ਼ ਤੋਂ ਦੁਵੱਲੀ ਟੀ-20 ਸੀਰੀਜ਼ 'ਚ ਹਾਰ ਮਿਲੀ ਸੀ। ਭਾਰਤ ਇੱਥੇ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਦੋ ਮੈਚ ਹਾਰਨ ਤੋਂ ਬਾਅਦ 0-2 ਨਾਲ ਪਿੱਛੇ ਹੈ। ਇਸ ਫਾਰਮੈਟ 'ਚ ਬੱਲੇਬਾਜ਼ਾਂ ਨੂੰ ਪਹਿਲੀ ਗੇਂਦ ਤੋਂ ਹੀ ਹਮਲਾਵਰ ਤਰੀਕੇ ਨਾਲ ਖੇਡਣਾ ਪੈਂਦਾ ਹੈ ਪਰ ਹੁਣ ਤੱਕ ਭਾਰਤ ਦੇ ਟਾਪ ਦੇ ਬੱਲੇਬਾਜ਼ ਈਸ਼ਾਨ ਕਿਸ਼ਨ, ਸ਼ੁਭਮਨ ਗਿੱਲ ਅਤੇ ਸੂਰਯਕੁਮਾਰ ਯਾਦਵ ਅਜਿਹਾ ਨਹੀਂ ਕਰ ਸਕੇ ਹਨ। ਇਸ ਨਾਲ ਸੰਜੂ ਸੈਮਸਨ ਅਤੇ ਤਿਲਕ ਵਰਮਾ ਵਰਗੇ ਮੱਧਕ੍ਰਮ ਦੇ ਬੱਲੇਬਾਜ਼ਾਂ 'ਤੇ ਦਬਾਅ ਬਣਿਆ ਹੋਇਆ ਹੈ। ਵਰਮਾ ਨੇ ਹਾਲਾਂਕਿ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਿਛਲੇ ਦੋ ਮੈਚਾਂ ਵਿੱਚ ਸ਼ਾਨਦਾਰ ਪਾਰੀਆਂ ਖੇਡੀਆਂ।

ਇਸ ਸਾਲ ਵਨਡੇ ਵਿਸ਼ਵ ਕੱਪ 'ਤੇ ਫੋਕਸ ਹੋਣ ਕਾਰਨ ਗਿੱਲ, ਈਸ਼ਾਨ ਅਤੇ ਸੂਰਯਕੁਮਾਰ ਨੂੰ 31 ਅਗਸਤ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਤੋਂ ਪਹਿਲਾਂ ਦੌੜਾਂ ਬਣਾਉਣੀਆਂ ਪੈਣਗੀਆਂ। ਐਤਵਾਰ ਨੂੰ ਦੋ ਵਿਕਟਾਂ ਦੀ ਹਾਰ ਤੋਂ ਬਾਅਦ ਹਾਰਦਿਕ ਨੇ ਕਿਹਾ ਕਿ ਬੱਲੇਬਾਜ਼ਾਂ ਨੂੰ ਜ਼ਿਆਦਾ ਜ਼ਿੰਮੇਵਾਰੀ ਨਾਲ ਖੇਡਣਾ ਹੋਵੇਗਾ।

ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰਿਕਟ ਟੀਮ ਨੂੰ ਮਿਲੀ ਮਨਜ਼ੂਰੀ, ਭਾਰਤ 'ਚ ਕ੍ਰਿਕਟ ਵਿਸ਼ਵ ਕੱਪ ਲਈ ਆਉਣਾ ਯਕੀਨੀ  

ਭਾਰਤ ਦਾ ਬੱਲੇਬਾਜ਼ੀ ਕ੍ਰਮ ਸਿਰਫ਼ ਛੇਵੇਂ ਨੰਬਰ 'ਤੇ ਹੈ ਅਤੇ ਹਰਫ਼ਨਮੌਲਾ ਅਕਸ਼ਰ ਪਟੇਲ ਸੱਤਵੇਂ ਨੰਬਰ 'ਤੇ ਉਤਰ ਰਹੇ ਹਨ। ਫਾਰਮ ਵਿਚ ਚੱਲ ਰਹੇ ਸਪਿਨਰ ਕੁਲਦੀਪ ਯਾਦਵ ਐਤਵਾਰ ਨੂੰ ਅੰਗੂਠੇ ਵਿਚ ਸੋਜ ਕਾਰਨ ਨਹੀਂ ਖੇਡ ਸਕੇ ਸਨ ਅਤੇ ਇਹ ਦੇਖਣਾ ਬਾਕੀ ਹੈ ਕਿ ਉਹ ਭਲਕੇ ਫਿੱਟ ਹੁੰਦੇ ਹਨ ਜਾਂ ਨਹੀਂ। ਗੇਂਦਬਾਜ਼ਾਂ 'ਚ ਖਾਸ ਕਰਕੇ ਸਪਿਨਰਾਂ ਨੂੰ ਨਿਕੋਲਸ ਪੂਰਨ ਦੇ ਬੱਲੇ 'ਤੇ ਲਗਾਮ ਲਗਾਉਣੀ ਪਵੇਗੀ। ਪੂਰਨ ਨੇ ਯੁਜਵੇਂਦਰ ਚਾਹਲ ਅਤੇ ਰਵੀ ਬਿਸ਼ਨੋਈ ਦਾ ਆਸਾਨੀ ਨਾਲ ਸਾਹਮਣਾ ਕੀਤਾ। ਅਕਸ਼ਰ ਨੂੰ ਪਿਛਲੇ ਮੈਚ 'ਚ ਗੇਂਦਬਾਜ਼ੀ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ ਸੀ।

ਹਾਰਦਿਕ ਅਤੇ ਅਰਸ਼ਦੀਪ ਨੂੰ ਦੂਜੇ ਮੈਚ ਵਿੱਚ ਸਵਿੰਗ ਮਿਲੀ ਅਤੇ ਇੱਥੇ ਦੋਵੇਂ ਗੇਂਦਬਾਜ਼ੀ ਦੀ ਸ਼ੁਰੂਆਤ ਕਰਨਗੇ। ਦੋ ਮਹੀਨਿਆਂ ਬਾਅਦ ਖੇਡ ਰਹੇ ਚਾਹਲ ਪ੍ਰਭਾਵਸ਼ਾਲੀ ਰਹੇ ਪਰ ਬਿਸ਼ਨੋਈ ਕੁਝ ਕਮਾਲ ਨਹੀਂ ਕਰ ਸਕੇ। ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੇ ਕਾਫੀ ਦੌੜਾਂ ਦਿੱਤੀਆਂ, ਜਿਨ੍ਹਾਂ ਦੀ ਜਗ੍ਹਾ ਅਵੇਸ਼ ਖਾਨ ਜਾਂ ਉਮਰਾਨ ਮਲਿਕ ਨੂੰ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ।

ਦੂਜੇ ਪਾਸੇ ਵੈਸਟਇੰਡੀਜ਼ ਸੀਰੀਜ਼ ਜਿੱਤਣ ਤੋਂ ਇਕ ਮੈਚ ਦੂਰ ਹੈ। ਪੂਰਨ ਨੇ ਆਪਣੇ ਸਿਖਰਲੇ ਕ੍ਰਮ ਦੇ ਬੱਲੇਬਾਜ਼ਾਂ ਦੀ ਅਸਫਲਤਾ ਦੀ ਭਰਪਾਈ ਕੀਤੀ ਹੈ ਤੇ ਉਸ ਦੇ ਬੱਲੇ 'ਤੇ ਲਗਾਮ ਲਗਾਉਣੀ ਪਵੇਗੀ। ਪੂਰਨ ਅਤੇ ਸ਼ਿਮਰੋਨ ਹੇਟਮਾਇਰ ਇਕ ਵਾਰ ਫਿਰ ਭਾਰਤੀ ਸਪਿਨਰਾਂ 'ਤੇ ਦਬਾਅ ਬਣਾਉਣਾ ਚਾਹੁਣਗੇ। ਵੈਸਟਇੰਡੀਜ਼ ਦੇ ਕਪਤਾਨ ਰੋਵਮੈਨ ਪਾਵੇਲ ਨੇ ਕਿਹਾ ਕਿ ਅਸੀਂ 2016 ਤੋਂ ਬਾਅਦ ਟੀ-20 ਸੀਰੀਜ਼ 'ਚ ਭਾਰਤ ਨੂੰ ਨਹੀਂ ਹਰਾਇਆ ਹੈ ਅਤੇ ਇਸ ਵਾਰ ਵੀ ਇਸ ਕਮੀ ਨੂੰ ਪੂਰੀ ਕਰਾਂਗੇ।

ਸੰਭਾਵਿਤ ਪਲੇਇੰਗ ਇਲੈਵਨ

ਵੈਸਟਇੰਡੀਜ਼ : ਬ੍ਰੈਂਡਨ ਕਿੰਗ, ਕਾਇਲ ਮੇਅਰਸ, ਜੌਹਨਸਨ ਚਾਰਲਸ, ਨਿਕੋਲਸ ਪੂਰਨ (ਵਿਕਟਕੀਪਰ), ਰੋਵਮੈਨ ਪਾਵੇਲ (ਕਪਤਾਨ), ਸ਼ਿਮਰੋਨ ਹੇਟਮਾਇਰ, ਰੋਮਰਿਓ ਸ਼ੈਫਰਡ, ਜੇਸਨ ਹੋਲਡਰ, ਅਕੇਲ ਹੋਸੀਨ, ਅਲਜ਼ਾਰੀ ਜੋਸੇਫ, ਓਬੇਦ ਮੈਕਕੋਏ

ਭਾਰਤ  : ਈਸ਼ਾਨ ਕਿਸ਼ਨ (ਵਿਕਟਕੀਪਰ), ਸ਼ੁਭਮਨ ਗਿੱਲ, ਸੂਰਯਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਸੰਜੂ ਸੈਮਸਨ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ, ਮੁਕੇਸ਼ ਕੁਮਾਰ, ਰਵੀ ਬਿਸ਼ਨੋਈ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News