...ਜਦੋਂ ਓਲੰਪਿਕ ਤਮਗੇ ਦੇ ਨੇੜੇ ਪਹੁੰਚ ਕੇ ਭਾਰਤੀ ਖਿਡਾਰੀਆਂ ਨੂੰ ਮਿਲੀ ਨਿਰਾਸ਼ਾ
Saturday, Jul 20, 2024 - 11:01 AM (IST)

ਨਵੀਂ ਦਿੱਲੀ– ਅਕਸਰ ਕਿਹਾ ਜਾਂਦਾ ਹੈ ਕਿ ਓਲੰਪਿਕ ਵਿਚ ਚੌਥਾ ਸਥਾਨ ਹਾਸਲ ਕਰਨਾ ਕਿਸੇ ਖਿਡਾਰੀ ਲਈ ਸਭ ਤੋਂ ਵੱਡੀ ਨਿਰਾਸ਼ਾ ਹੁੰਦੀ ਹੈ। ਕਿਸੇ ਪ੍ਰਤੀਯੋਗਿਤਾ ਵਿਚ ਆਖਰੀ ਸਥਾਨ ’ਤੇ ਰਹਿਣ ਵਾਲੇ ਖਿਡਾਰੀ ਨੂੰ ਜੇਕਰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਚੌਥੇ ਸਥਾਨ ’ਤੇ ਰਹਿਣ ਵਾਲੇ ਖਿਡਾਰੀ ਨੂੰ ਤਮਗਾ ਖੁੰਝਣ ਦੀ ਨਿਰਾਸ਼ਾ ਰਹਿੰਦੀ ਹੈ।
ਖੇਡ ਦੇ ਸਭ ਤੋਂ ਵੱਡੇ ਵਿਸ਼ਵ ਪੱਧਰੀ ਮੰਚ ’ਤੇ ਭਾਰਤੀ ਖਿਡਾਰੀ ਕਈ ਵਾਰ ਬੇਹੱਦ ਨੇੜੇ ਤੋਂ ਓਲੰਪਿਕ ਤਮਗਾ ਜਿੱਤਣ ਤੋਂ ਖੁੰਝ ਗਏ। ਇਸਦੀ ਸ਼ੁਰੂਆਤ 1956 ਮੈਲਬੋਰਨ ਓਲੰਪਿਕ ਵਿਚ ਹੋਈ ਸੀ ਤੇ ਇਹ ਟੋਕੀਓ ਵਿਚ ਹੋਈਆਂ ਪਿਛਲੀਆਂ ਓਲੰਪਿਕ ਤਕ ਜਾਰੀ ਰਹੀ।
ਮੈਲਬੋਰਨ ਓਲੰਪਿਕ, 1956
ਭਾਰਤੀ ਫੁੱਟਬਾਲ ਟੀਮ ਨੇ ਕੁਆਰਟਰ ਫਾਈਨਲ ਵਿਚ ਮੇਜ਼ਬਾਨ ਆਸਟ੍ਰੇਲੀਆ ਨੂੰ 4-2 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਇਸ ਮੈਚ ਵਿਚ ਹੀ ਨੇਵਿਲ ਡਿਸੂਜਾ ਓਲੰਪਿਕ ਵਿਚ ਹੈਟ੍ਰਿਕ ਗੋਲ ਕਰਨ ਵਾਲਾ ਪਹਿਲਾ ਏਸ਼ੀਆਈ ਬਣਿਆ ਸੀ। ਨੇਵਿਲ ਨੇ ਸੈਮੀਫਾਈਨਲ ਵਿਚ ਯੂਗੋਸਲਾਵੀਆ ਵਿਰੁੱ ਟੀਮ ਨੂੰ ਬੜ੍ਹਤ ਦਿਵਾ ਕੇ ਆਪਣੇ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਕੋਸ਼ਿਸ਼ ਕੀਤੀ ਪਰ ਯੂਗੋਸਲਾਵੀਆ ਨੇ ਦੂਜੇ ਹਾਫ ਵਿਚ ਜ਼ੋਰਦਾਰ ਵਾਪਸੀ ਕਰਦੇ ਹੋਏ ਮੁਕਾਬਲੇ ਨੂੰ ਆਪਣੇ ਪੱਖ ਵਿਚ ਕਰ ਲਿਆ। ਕਾਂਸੀ ਤਮਗਾ ਮੁਕਾਬਲੇ ਵਿਚ ਭਾਰਤ ਬੁਲਗਾਰੀਆ ਹੱਥੋਂ 0-3 ਨਾਲ ਹਾਰ ਗਿਆ। ਭਾਰਤ ਦਾ ਮਹਾਨ ਖਿਡਾਰੀ ਪੀ. ਕੇ. ਬੈਨਰਜੀ ਅਕਸਰ ਆਪਣੀ ਇਸ ਨਿਰਾਸ਼ਾ ਨੂੰ ਸਾਂਝਾ ਕਰਦਾ ਸੀ।
ਰੋਮ ਓਲੰਪਿਕ, 1960
ਮਹਾਨ ਮਿਲਖਾ ਸਿੰਘ 400 ਮੀਟਰ ਫਾਈਨਲ ਵਿਚ ਤਮਗੇ ਦਾ ਦਾਅਵੇਦਾਰ ਸੀ ਪਰ ਉਹ ਸੈਕੰਡ ਦੇ 10ਵੇਂ ਹਿੱਸੇ ਨਾਲ ਕਾਂਸੀ ਤਮਗਾ ਜਿੱਤਣ ਤੋਂ ਖੁੰਝ ਗਿਆ। ਦੇਸ਼ ਦੀ ਵੰਡ ਤੋਂ ਬਾਅਦ ਆਪਣੇ ਮਾਤਾ-ਪਿਤਾ ਨੂੰ ਗੁਆਉਣ ਤੋਂ ਬਾਅਦ ਇਸ ਨੂੰ ਉਸਦੀ ਸਭ ਤੋਂ ਬੁਰੀ ਯਾਦ ਦੇ ਰੂਪ ਵਿਚ ਯਾਦ ਕੀਤਾ ਜਾਂਦਾ ਹੈ। ਇਸ ਹਾਰ ਤੋਂ ਬਾਅਦ ‘ਫਲਾਇੰਗ ਸਿੱਖ’ ਨੇ ਖੇਡ ਲੱਗਭਗ ਛੱਡ ਹੀ ਦਿੱਤੀ ਸੀ। ਉਸ ਨੇ ਇਸ ਤੋਂ ਬਾਅਦ 1962 ਏਸ਼ੀਆਈ ਖੇਡਾਂ ਵਿਚ 2 ਸੋਨ ਤਮਗੇ ਜਿੱਤੇ ਪਰ ਓਲੰਪਿਕ ਤਮਗਾ ਖੁੰਝਣ ਦੀ ਨਿਰਾਸ਼ਾ ਹਮੇਸ਼ਾ ਬਰਕਰਾਰ ਰਹੀ।
ਮਾਸਕੋ ਓਲੰਪਿਕ, 1980
ਨੀਦਰਲੈਂਡ, ਆਸਟ੍ਰੇਲੀਆ ਤੇ ਗ੍ਰੇਟ ਬ੍ਰਿਟੇਨ ਵਰਗੇ ਚੋਟੀ ਦੇ ਹਾਕੀ ਦੇਸ਼ਾਂ ਨੇ ਅਫਗਾਨਿਸਤਾਨ ’ਤੇ ਤਤਕਾਲੀਨ ਸੋਵੀਅਤ ਸੰਘ ਦੇ ਹਮਲੇ ’ਤੇ ਮਾਸਕੋ ਖੇਡਾਂ ਦਾ ਬਾਈਕਾਟ ਕੀਤਾ ਸੀ। ਭਾਰਤੀ ਮਹਿਲਾ ਹਾਕੀ ਟੀਮ ਕੋਲ ਆਪਣੀ ਪਹਿਲੀ ਹੀ ਕੋਸ਼ਿਸ਼ ਵਿਚ ਤਮਗਾ ਜਿੱਤਣ ਦਾ ਵੱਡਾ ਮੌਕਾ ਸੀ। ਟੀਮ ਨੂੰ ਹਾਲਾਂਕਿ ਤਮਗੇ ਤੋਂ ਖੁੰਝਣ ਦੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਟੀਮ ਆਪਣੇ ਆਖਰੀ ਮੈਚ ਵਿਚ ਸੋਵੀਅਤ ਸੰਘ ਹੱਥੋਂ 1-3 ਨਾਲ ਹਾਰ ਕੇ ਚੌਥੇ ਸਥਾਨ ’ਤੇ ਰਹੀ।
ਲਾਸ ਏਂਜਲਸ, 1984
ਲਾਸ ਏਂਜਲਸ ਓਲੰਪਿਕ ਨੇ ਮਿਲਖਾ ਦੀ ਰੋਮ ਓਲੰਪਿਕ ਦੀ ਯਾਦ ਫਿਰ ਤੋਂ ਤਾਜ਼ਾ ਕਰ ਦਿੱਤੀ ਜਦੋਂ ਪੀ. ਟੀ. ਊਸ਼ਾ 400 ਮੀਟਰ ਅੜਿੱਕਾ ਦੌੜ ਵਿਚ ਸੈਕੰਡ ਦੇ 100ਵੇਂ ਹਿੱਸੇ ਨਾਲ ਕਾਂਸੀ ਤਮਗੇ ਤੋਂ ਖੁੰਝ ਗਈ, ਜਿਸ ਨਾਲ ਇਹ ਕਿਸੇ ਵੀ ਪ੍ਰਤੀਯੋਗਿਤਾ ਵਿਚ ਕਿਸੇ ਭਾਰਤੀ ਐਥਲੀਟ ਦੇ ਲਈ ਹੁਣ ਤਕ ਦੀ ਸਭ ਤੋਂ ਨੇੜਲੀ ਖੁੰਝ ਬਣ ਗਈ। ‘ਪਯੋਲੀ ਐਕਸਪ੍ਰੈੱਸ’ ਦੇ ਨਾਂ ਨਾਲ ਮਸ਼ਹੂਰ ਊਸ਼ਾ ਰੋਮਾਨੀਆ ਦੀ ਕ੍ਰਿਸਟੀਨਾ ਕੋਜੋਕਾਰੂ ਤੋਂ ਬਾਅਦ ਚੌਥੇ ਸਥਾਨ ’ਤੇ ਰਹੀ। ਉਹ ਹਾਲਾਂਕਿ ਆਪਣੀ ਇਸ ਸਾਹਸੀ ਕੋਸ਼ਿਸ਼ ਤੋਂ ਬਾਅਦ ਘਰੇਲੂ ਨਾਂ ਬਣ ਗਈ।
ਏਥਨਜ਼ ਓਲੰਪਿਕ-2024
ਧਾਕੜ ਲੀਏਂਡਰ ਪੇਸ ਤੇ ਮਹੇਸ਼ ਭੂਪਤੀ ਦੀ ਟੈਨਿਸ ਵਿਚ ਭਾਰਤ ਦੀ ਸੰਭਾਵਿਤ ਸਭ ਤੋਂ ਮਹਾਨ ਡਬਲਜ਼ ਜੋੜੀ ਏਥਨਜ਼ ਓਲੰਪਿਕ ਖੇਡਾਂ ਦੀ ਡਬਲਜ਼ ਪੁਰਸ਼ ਪ੍ਰਤੀਯੋਗਿਤਾ ਵਿਚ ਪੋਡੀਅਮ ’ਤੇ ਪਹੁੰਚਣ ਤੋਂ ਖੁੰਝ ਗਈ। ਪੇਸ ਤੇ ਭੂਪਤੀ ਕ੍ਰੋਏਸ਼ੀਆ ਦੇ ਮਾਰੀਓ ਐਨਸਿਕ ਤੇ ਇਵਾਨ ਲਿਊਬਿਸਿਕ ਹੱਥੋਂ ਮੈਰਾਥਨ ਮੈਚ ਵਿਚ 6-7, 6-4, 14-16 ਨਾਲ ਹਾਰ ਕੇ ਕਾਂਸੀ ਤਮਗੇ ਤੋਂ ਖੁੰਝ ਗਈ ਤੇ ਚੌਥੇ ਸਥਾਨ ’ਤੇ ਰਹੀ। ਇਸ ਜੋੜੀ ਨੂੰ ਇਸ ਤੋਂ ਪਹਿਲਾਂ ਸੈਮੀਫਾਈਨਲ ਵਿਚ ਨਿਕੋਲਸ ਕਿਫਰ ਤੇ ਰੇਨਰ ਸ਼ਟਲਰ ਦੀ ਜਰਮਨ ਦੀ ਜੋੜੀ ਨੂੰ ਸਿੱਧੇ ਸੈੱਟਾਂ ਵਿਚ 2-6, 3-6- ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਨ੍ਹਾਂ ਖੇਡਾਂ ਵਿਚ ਕੁੰਜਾਰਾਨੀ ਦੇਵੀ ਮਹਿਲਾਵਾਂ ਦੀ 48 ਕਿ. ਗ੍ਰਾ. ਵੇਟਲਿਫਟਿੰਗ ਪ੍ਰਤੀਯੋਗਿਤਾ ਵਿਚ ਚੌਥੇ ਸਥਾਨ ’ਤੇ ਰਹੀ ਪਰ ਉਹ ਅਸਲ ਵਿਚ ਤਮਗੇ ਦੀ ਦੌੜ ਵਿਚ ਨਹੀਂ ਸੀ। ਉਹ ਕਲੀਨ ਐਂਡ ਜਰਕ ਵਰਗ ਵਿਚ 112.5 ਕਿ. ਗ੍ਰਾ.ਭਾਰ ਵਰਗ ਚੁੱਕਣ ਦੀ ਅਾਪਣੀ ਆਖਰੀ ਕੋਸ਼ਿਸ਼ ਵਿਚ ਅਯੋਗ ਕਰਾਰ ਕਰ ਦਿੱਤੀ ਗਈ। ਕੁੰਜਾਰਾਨੀ 190 ਕਿ. ਗ੍ਰਾ. ਦੀ ਕੁਲ ਕੋਸ਼ਿਸ਼ ਨਾਲ ਕਾਂਸੀ ਤਮਗਾ ਜੇਤੂ ਥਾਈਲੈਂਡ ਦੀ ਐਰੀ ਵਿਰਾਧਾਵੋਰਨ ਤੋਂ 10 ਕਿ. ਗ੍ਰਾ. ਪਿੱਛੇ ਰਹੀ।
ਲੰਡਨ ਓਲੰਪਿਕ, 2012
ਨਿਸ਼ਾਨੇਬਾਜ਼ ਜੈਦੀਪ ਕਰਮਾਕਰ ਨੇ ਇਸ ਸੈਸ਼ਨ ਵਿਚ ਕਾਂਸੀ ਤਮਗਾ ਜੇਤੂ ਤੋਂ ਇਕ ਸਥਾਨ ਪਿੱਛੇ ਰਹਿਣ ਦੀ ਨਿਰਾਸ਼ਾ ਦਾ ਤਜਰਬਾ ਕੀਤਾ। ਕਰਮਾਕਰ ਪੁਰਸ਼ਾਂ ਦੀ 50 ਮੀਟਰ ਰਾਈਫਲ ਪੋਰਨ ਪ੍ਰਤੀਯੋਗਿਤਾ ਦੇ ਕੁਆਲੀਫਿਕੇਸ਼ਨ ਰਾਊਂਡ ਵਿਚ 7ਵੇਂ ਸਥਾਨ ’ਤੇ ਰਿਹਾ ਸੀ ਤੇ ਫਾਈਨਲ ਵਿਚ ਉਹ ਕਾਂਸੀ ਤਮਗਾ ਜੇਤੂ ਤੋਂ ਸਿਰਫ 1.9 ਅੰਕ ਪਿੱਛੇ ਰਿਹਾ।
ਰੀਓ ਓਲੰਪਿਕ, 2016
ਦੀਪਾ ਕਰਮਾਕਰ ਓਲੰਪਿਕ ਖੇਡਾਂ ਵਿਚ ਮੁਕਾਬਲੇਬਾਜ਼ੀ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਜਿਮਨਾਸਟ ਬਣੀ। ਮਹਿਲਾਵਾਂ ਦੀ ਵਾਲਟ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਤੋਂ ਬਾਅਦ,ਉਹ ਸਿਰਫ 0.150 ਅੰਕਾਂ ਨਾਲ ਕਾਂਸੀ ਤਮਗੇ ਤੋਂ ਖੁੰਝ ਗਈ। ਉਸ ਨੇ 15.066 ਦੇ ਸਕੋਰ ਨਾਲ ਚੌਥਾ ਸਥਾਨ ਹਾਲ ਕੀਤਾ।
ਇਨ੍ਹਾਂ ਓਲੰਪਿਕ ਵਿਚ ਅਭਿਨਵ ਬਿੰਦ੍ਰਾ ਦਾ ਸ਼ਾਨਦਾਰ ਕਰੀਅਰ ਇਕ ਪਰੀਕਥਾ ਦੀ ਤਰ੍ਹਾਂ ਸਮਾਪਤੀ ਵੱਲ ਵੱਧ ਰਿਹਾ ਸੀ ਪਰ ਉਹ ਵੀ ਮਾਮੂਲੀ ਫਰਕ ਨਾਲ ਤਮਗਾ ਜਿੱਤਣ ਤੋਂ ਖੁੰਝ ਗਿਆ। ਬੀਜ਼ਿੰਗ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲਾ ਬਿੰਦ੍ਰਾ ਕਾਂਸੀ ਤਮਗੇ ਤੋਂ ਮਾਮੂਲੀ ਫਰਕ ਨਾਲ ਪਿਛੜ ਗਿਆ।
ਬੋਪੰਨਾ ਨੂੰ 2004 ਤੋਂ ਬਾਅਦ ਇਕ ਵਾਰ ਫਿਰ ਤੋਂ ਓਲੰਪਿਕ ਤਮਗਾ ਜਿੱਤਣ ਤੋਂ ਦੂਰ ਰਹਿਣ ਦੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦੋਂ ਉਸਦੀ ਤੇ ਸਾਨੀਆ ਮਿਰਜ਼ਾ ਦੀ ਭਾਰਤੀ ਮਿਕਸਡ ਡਬਲਜ਼ ਜੋੜੀ ਨੂੰ ਸੈਮੀਫਾਈਨਲ ਤੇ ਫਿਰ ਕਾਂਸੀ ਤਮਗਾ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜੋੜੀ ਨੂੰ ਕਾਂਸੀ ਤਮਗਾ ਮੈਚ ਵਿਚ ਲੂਸੀ ਹਾਦੇਕਾ ਤੇ ਰਾਦੇਕ ਸਤੇਪਾਨੇਕ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।