..ਜਦੋਂ ਪਾਕਿ ਕ੍ਰਿਕਟਰ ਦੀਆਂ ਗਾਲ੍ਹਾਂ ਤੋਂ ਹੈਰਾਨ ਰਹਿ ਗਿਆ ਗਾਵਸਕਰ
Friday, Jul 10, 2020 - 01:34 AM (IST)
ਨਵੀਂ ਦਿੱਲੀ– ਸਾਬਕਾ ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਪਾਕਿਸਤਾਨ ਵਿਰੁੱਧ ਹਮੇਸ਼ਾ ਤੋਂ ਚੰਗੀ ਕ੍ਰਿਕਟ ਖੇਡਦਾ ਸੀ। ਪਾਕਿ ਦੇ ਖਿਲਾਫ ਖੇਡੇ ਗਏ 24 ਟੈਸਟ ਮੈਚਾਂ ਵਿਚ ਉਸਦੇ ਨਾਂ 2089 ਦੌੜਾਂ ਦਰਜ ਹਨ। ਗਾਵਸਕਰ ਨੇ ਇਕ ਵਾਰ ਇੰਟਰਵਿਊ ਵਿਚ ਪਾਕਿ ਕ੍ਰਿਕਟਰਾਂ ਨਾਲ ਜੁੜਿਆ ਇਕ ਮਜ਼ੇਦਾਰ ਕਿੱਸਾ ਸ਼ੇਅਰ ਕੀਤਾ ਸੀ। ਗਾਵਸਕਰ ਨੇ ਕਿਹਾ,''ਮੈਂ ਮਹਾਰਾਸ਼ਟਰ ਤੋਂ ਸੀ ਤੇ ਮੈਨੂੰ ਪੰਜਾਬੀ ਨਹੀਂ ਆਉਂਦੀ ਸੀ। ਪਾਕਿਸਤਾਨ ਵਿਰੁੱਧ ਇਕ ਅਹਿਮ ਮੈਚ ਸੀ। ਮੈਂ ਚੰਗਾ ਖੇਡ ਰਿਹਾ ਸੀ ਤਦ ਮੈਨੂੰ ਲੱਗਾ ਕਿ ਪਾਕਿਸਤਾਨੀ ਖਿਡਾਰੀ ਵਾਰ-ਵਾਰ 'ਭੈਂ'-'ਭੈਂ' ਬੋਲ ਰਹੇ ਸਨ। ਮੈਨੂੰ ਇਸਦਾ ਮਤਲਬ ਨਹੀਂ ਸੀ ਪਰ ਇੰਨਾ ਪਤਾ ਸੀ ਕਿ ਉਹ ਗਾਲ੍ਹਾਂ ਕੱਢ ਰਹੇ ਸਨ। ਆਖਿਰ ਜਦੋਂ ਸੈਸ਼ਨ ਖਤਮ ਹੋਣ 'ਤੇ ਮੈਂ ਚੇਜਿੰਗ ਰੂਮ ਗਿਆ ਤਾਂ ਆਪਣੇ ਪੰਜਾਬੀ ਸਾਥੀਆਂ ਜਿਵੇਂ ਕਪਿਲ ਦੇਵ ਆਦਿ ਤੋਂ ਪੁੱਛਿਆ ਕਿ ਇਹ 'ਬੇ'-'ਬੇ' ਦਾ ਮਤਲਬ ਕੀ ਹੈ। ਪਹਿਲਾਂ ਤਾਂ ਉਹ ਮੇਰੀ ਗੱਲ ਸਮਝ ਹੀ ਨਹੀਂ ਸਕੇ। ਜਦੋਂ ਮੈਂ ਜ਼ੋਰ ਦੇ ਕੇ 'ਭੈਂ'-'ਭੈਂ' ਕਿਹਾ ਤਾਂ ਉਹ ਹੱਸਣ ਲੱਗੇ। ਉਨ੍ਹਾਂ ਦੱਸਿਆ ਕਿ 'ਬਹਿਨ' ਨੂੰ ਪੰਜਾਬੀ ਵਿਚ 'ਭੈਣ' ਕਹਿੰਦੇ ਹਨ। ਮੈਂ ਹੈਰਾਨ ਸੀ ਤੇ ਸਭ ਹੱਸ ਰਹੇ ਸਨ।''
ਸ਼ੁੱਕਰਵਾਰ ਨੂੰ ਸੁਨੀਲ ਗਾਵਸਕਰ 71 ਸਾਲ ਦਾ ਹੋ ਜਾਵੇਗਾ। ਉਸ ਨੇ ਭਾਰਤ ਵਲੋਂ ਖੇਡਦੇ ਹੋਏ ਟੈਸਟ ਕ੍ਰਿਕਟ ਵਿਚ 34 ਸੈਂਕੜੇ ਲਾਏ ਹਨ। ਉਸ ਨੇ ਜਦੋਂ ਆਪਣੇ ਕਰੀਅਰ ਦਾ ਬੈਸਟ ਸਕੋਰ 236 ਬਣਾਇਆ ਸੀ ਤਦ ਵੀ ਉਸਦੇ ਨਾਲ ਮਜ਼ੇਦਾਰ ਘਟਨਾ ਹੋਈ ਸੀ। ਗਾਵਸਕਰ ਨੇ 203 ਵਾਰ ਭਾਰਤ ਲਈ ਓਪਨਿੰਗ ਕੀਤੀ ਸੀ ਪਰ ਕਦੇ ਉਹ ਚੌਥੇ ਨੰਬਰ 'ਤੇ ਨਹੀਂ ਆਇਆ ਸੀ। 1983 ਵਿਚ ਵਿੰਡੀਜ਼ ਵਿਰੁੱਧ ਖੇਡੇ ਗਏ ਛੇਵੇਂ ਟੈਸਟ ਵਿਚ ਅਚਾਨਕ ਉਸ ਨੂੰ ਚੌਥੇ ਨੰਬਰ 'ਤੇ ਭੇਜਣ ਦਾ ਫੈਸਲਾ ਕੀਤਾ ਗਿਆ। ਵਿੰਡੀਜ਼ ਵਲੋਂ ਮੈਕਕੁਲਮ ਮਾਰਸ਼ਲ ਤੇਜ਼ ਗੇਂਦਬਾਜ਼ੀ ਕਰਦਾ ਹੁੰਦਾ ਸੀ। ਉਸ ਨੇ ਪਹਿਲਾਂ ਗਾਇਕਵਾੜ ਤੇ ਫਿਰ ਵੇਂਗਸਰਕਰ ਦੀ ਵਿਕਟ ਕੱਢ ਲਈ। ਗਾਵਸਕਰ ਨੇ ਉਸ ਮੈਚ ਨੂੰ ਯਾਦ ਕਰਦੇ ਹੋਏ ਕਿਹਾ,''ਮੈਂ ਜਦੋਂ ਬੱਲੇਬਾਜ਼ੀ ਕਰਨ ਮੈਦਾਨ 'ਤੇ ਆਇਆ ਤਾਂ ਵਿੰਡੀਜ਼ ਕਪਤਾਨ ਕਲਾਈਵ ਲਾਈਡ ਨੇ ਕਿਹਾ ਕਿ ਇਹ ਕੋਈ ਮਾਇਨੇ ਨਹੀਂ ਰੱਖਦਾ ਕੌਣ ਬੱਲੇਬਾਜ਼ੀ ਲਈ ਆਇਆ ਹੈ, ਕਿਉਂਕਿ ਸਕੋਰ ਅਜੇ ਵੀ ਜ਼ੀਰੋ ਹੈ ਤੇ ਮੈਂ ਕਿਹਾ ਕਿ ਦੇਖਦੇ ਹਾਂ।''