..ਜਦੋਂ ਇਕ ਪਾਰੀ ’ਚ ਲੱਗੇ 5 ਸੈਂਕੜੇ, ਸਾਰੇ ਗੇਂਦਬਾਜ਼ਾਂ ਨੇ ਦਿੱਤੀਆਂ 99 ਤੋਂ ਵੱਧ ਦੌੜਾਂ
Monday, Jun 15, 2020 - 12:32 PM (IST)
ਸਪੋਰਟਸ ਡੈਸਕ : ਵੈਸਟਇੰਡੀਜ਼ ਦੀ ਕਿੰਗਸਟਨ ਪਿੱਚ ਨੂੰ ਦੁਨੀਆ ਦੀਆਂ ਸਭ ਤੋਂ ਤੇਜ਼ ਪਿੱਚਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇਸੇ ਪਿੱਚ ’ਤੇ ਆਸਟਰੇਲੀਆਈ ਟੀਮ 758 ਦੌੜਾਂ ਦਾ ਪਹਾੜ ਵੀ ਖੜ੍ਹਾ ਕਰ ਚੁੱਕੀ ਹੈ। 1955 ਵਿਚ ਹੋਏ ਮੈਚ ਦੌਰਾਨ ਕਈ ਰਿਕਾਰਡ ਅਜਿਹੇ ਬਣੇ ਸਨ, ਜਿਹੜੇ ਅੱਜ ਵੀ ਟੁੱਟੇ ਨਹੀਂ। ਫਿਹਲਾਹ, ਪਹਿਲਾਂ ਖੇਡਦੇ ਹੋਏ ਵੈਸਟਇੰਡੀਜ਼ ਟੀਮ ਨੇ ਸੀ. ਵੈਲਕਾਟ ਦੀਆਂ 155 ਦੌੜਾਂ ਦੀ ਪਾਰੀ ਦੀ ਬਦੌਲਤ 357 ਦੌੜਾਂ ਬਣਾਈਆਂ ਸਨ।
ਜਵਾਬ ਵਿਚ ਖੇਡਣ ਉੱਤਰੀ ਆਸਟਰੇਲੀਆ ਦੀ ਸ਼ੁਰੂਆਤ ਖਰਾਬ ਰਹੀ। 7 ਦੌੜਾਂ ’ਤੇ ਹੀ ਐੱਲ. ਫੇਵਲ ਤੇ ਆਰਥਰ ਮੌਰਿਸ ਨੇ ਆਪਣੀਆਂ ਵਿਕਟਾਂ ਗੁਆ ਦਿੱਤੀਆਂ ਪਰ ਇਸ ਤੋਂ ਬਾਅਦ ਜੋ ਹੋਇਆ, ਉਹ ਇਤਿਹਾਸ ਬਣ ਗਿਆ। ਦਰਸ਼ਕਾਂ ਨੂੰ ਲਗਾਤਾਰ 5 ਸੈਂਕੜੇ ਦੇਖਣ ਨੂੰ ਮਿਲੇ, ਜਿਨ੍ਹਾਂ ਵਿਚ ਕੌਲਿਨ ਮੈਕਡੋਨਾਲਡ (127), ਨੀਲ ਹਾਰਵ (207), ਕੀਥ ਮਿਲਰ (109), ਰਾਨ ਆਰਚਰ (128) ਤੇ ਰਿਚੀ ਬੇਨੌਦ (121) ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ। ਖਾਸ ਗੱਲ ਇਹ ਰਹੀ ਕਿ ਉਕਤ ਪਾਰੀ ਦੌਰਾਨ ਵੈਸਟਿੰਡੀਜ਼ ਨੇ 6 ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ ਸੀ। ਇਨ੍ਹਾਂ ਵਿਚੋਂ 5 ਨੂੰ 100 ਤੋਂ ਵੱਧ ਦੌੜਾਂ ਪਈਆਂ ਜਦਕਿ 6ਵਾਂ ਗੇਂਦਬਾਜ਼ ਜਿਹੜਾ ਕਿ ਗੈਰੀ ਸੋਬਰਸ ਸੀ, ਨੇ 99 ਦੌੜਾਂ ਖਰਚ ਕੀਤੀਆਂ।
ਟੈਸਟ ਕ੍ਰਿਕਟ ਵਿਚ ਇੰਨਾ ਵੱਡਾ ਸਕੋਰ ਘੱਟ ਹੀ ਦੇਖਣ ਨੂੰ ਮਿਲਦਾ ਹੈ। ਹਾਲਾਂਕਿ ਇਸ ਰਿਕਾਰਡ ਦੇ 3 ਸਾਲ ਬਾਅਦ ਹੀ ਵੈਸਟਇੰਡੀਜ਼ ਨੇ ਪਾਕਿਸਤਾਨ ਵਿਰੁੱਧ ਕਿੰਗਸਟਨ ਦੇ ਹੀ ਮੈਦਾਨ ’ਤੇ 790 ਦੌੜਾਂ ਬਣਾ ਦਿੱਤੀਆਂ। ਇਹ ਉਹ ਹੀ ਮੈਚ ਸੀ, ਜਿਸ ਵਿਚ ਗੈਰੀ ਸੋਬਰਸ ਤੇ ਸੀ। ਹੰਟੇ ਨੇ ਰਿਕਾਰਡ 446 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਗੈਰੀ ਨੇ ਇਸ ਦੌਰਾਨ 365 ਤੇ ਹੰਟੇ ਨੇ 260 ਦੌੜਾਂ ਬਣਾਈਆਂ ਸਨ। ਪਾਕਿਸਤਾਨ ਨੇ ਉਕਤ ਮੈਚ ਪਾਰੀ ਤੇ 174 ਦੌੜਾਂ ਨਾਲ ਗੁਆਇਆ ਸੀ।