IND vs ENG: ਸੈਮੀਫਾਈਨਲ 'ਚ ਭਾਰਤ ਦਾ ਇੰਗਲੈਂਡ ਨਾਲ ਸਾਹਮਣਾ, ਕੀ ਬਿਨਾਂ ਖੇਡੇ ਫਾਈਨਲ 'ਚ ਪਹੁੰਚੇਗੀ ਟੀਮ ਇੰਡੀਆ? ਜਾਣੋ
Thursday, Jun 27, 2024 - 05:23 PM (IST)
ਸਪੋਰਟਸ ਡੈਸਕ- ਦੱਖਣੀ ਅਫਰੀਕਾ ਦੀ ਅਫਗਾਨਿਸਤਾਨ 'ਤੇ ਪਹਿਲੇ ਸੈਮੀਫਾਈਨਲ 'ਚ 9 ਵਿਕਟਾਂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਸਾਰਿਆਂ ਦਾ ਧਿਆਨ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ 'ਚ ਭਾਰਤ ਅਤੇ ਇੰਗਲੈਂਡ ਵਿਚਾਲੇ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ 'ਤੇ ਹਨ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਸੋਮਵਾਰ ਨੂੰ ਆਪਣੇ ਆਖ਼ਰੀ ਸੁਪਰ ਅੱਠ ਮੁਕਾਬਲੇ ਵਿੱਚ ਆਸਟ੍ਰੇਲੀਆ ਨੂੰ ਹਰਾਉਣ ਤੋਂ ਬਾਅਦ 2014 ਵਿੱਚ ਆਪਣੀ ਪਹਿਲੀ ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਣਾ ਚਾਹੁੰਦੀ ਹੈ। ਪਿਛਲੇ ਸੈਸ਼ਨ ਦੇ ਸੈਮੀਫਾਈਨਲ 'ਚ ਭਾਰਤ ਨੂੰ ਐਡੀਲੇਡ 'ਚ ਇੰਗਲੈਂਡ ਤੋਂ 10 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰਾਨ ਗੁਆਨਾ ਦਾ ਮੌਸਮ ਇਸ ਮਹੱਤਵਪੂਰਨ ਮੈਚ 'ਚ ਰੁਕਾਵਟ ਪਾ ਸਕਦਾ ਹੈ।
ਗੁਆਨਾ ਦੇ ਵੀਰਵਾਰ ਦੇ ਮੌਸਮ ਦੀ ਭਵਿੱਖਬਾਣੀ ਅਨੁਸਾਰ, "ਮੀਂਹ ਦੀ 60 ਪ੍ਰਤੀਸ਼ਤ ਸੰਭਾਵਨਾ ਦੇ ਨਾਲ ਦੇਰ ਸਵੇਰ ਤੱਕ ਗਰਜ਼-ਤੂਫ਼ਾਨ ਦੀ ਸੰਭਾਵਨਾ ਹੈ।" ਜੇਕਰ ਭਾਰਤ ਬਨਾਮ ਇੰਗਲੈਂਡ ਸੈਮੀਫਾਈਨਲ ਮੀਂਹ ਕਾਰਨ ਧੋਤਾ ਜਾਵੇ ਤਾਂ ਕੀ ਹੋਵੇਗਾ? ਭਾਰਤ ਅਤੇ ਇੰਗਲੈਂਡ ਵਿਚਾਲੇ ਸੈਮੀਫਾਈਨਲ ਮੈਚ ਲਈ ਕੋਈ ਰਾਖਵਾਂ ਦਿਨ ਨਹੀਂ ਹੈ, ਪਰ ਆਮ ਕੱਟ-ਆਫ ਪੀਰੀਅਡ ਤੋਂ ਬਾਅਦ ਮੈਚ ਨੂੰ ਪੂਰਾ ਕਰਨ ਲਈ ਵਾਧੂ 250 ਮਿੰਟ ਦਿੱਤੇ ਗਏ ਹਨ।
ਸੈਮੀਫਾਈਨਲ ਅਤੇ ਫਾਈਨਲ ਮੈਚਾਂ ਲਈ ਹਰ ਪਾਰੀ ਵਿੱਚ ਘੱਟੋ-ਘੱਟ 10 ਓਵਰ ਸੁੱਟੇ ਜਾਣੇ ਚਾਹੀਦੇ ਹਨ। 10 ਓਵਰ ਨਹੀਂ ਖੇਡਣ 'ਤੇ ਆਪਣੇ ਸੁਪਰ ਅੱਠ ਗਰੁੱਪ ਵਿੱਚ ਸਿਖਰ 'ਤੇ ਰਹਿਣ ਵਾਲੀ ਟੀਮ ਫਾਈਨਲ ਵਿੱਚ ਪਹੁੰਚ ਜਾਵੇਗੀ, ਮਤਲਬ ਕਿ ਭਾਰਤ ਫਾਈਨਲ ਵਿੱਚ ਪਹੁੰਚ ਜਾਵੇਗਾ। ਜੇਕਰ ਮੈਚ ਟਾਈ ਹੋ ਜਾਂਦਾ ਹੈ ਅਤੇ ਮੌਸਮ ਦੇ ਹਾਲਾਤ ਸੁਪਰ ਓਵਰ ਨੂੰ ਪੂਰਾ ਕਰਨ ਤੋਂ ਰੋਕਦੇ ਹਨ, ਜਾਂ ਮੌਸਮ ਦੇ ਕਾਰਨ ਮੈਚ ਛੱਡ ਦਿੱਤਾ ਜਾਂਦਾ ਹੈ ਜਾਂ ਕਿਸੇ ਕਾਰਨ ਕਰਕੇ ਖੇਡ ਦਾ ਨਤੀਜਾ ਨਹੀਂ ਨਿਕਲਦਾ ਹੈ ਤਾਂ ਆਪਣੇ ਦੂਜੇ ਗੇੜ ਦੇ ਗਰੁੱਪ (ਸੁਪਰ 8) 'ਚ ਪਹਿਲੇ ਸਥਾਨ 'ਤੇ ਰਹਿਣ ਵਾਲੀ ਟੀਮ ਫਾਈਨਲ ਵਿੱਚ ਪਹੁੰਚ ਜਾਵੇਗੀ।
ਮੌਸਮ ਦੀ ਨਵੀਂ ਅਪਡੇਟ ਮੁਤਾਬਕ ਬੱਦਲ ਛਾਏ ਹੋਏ ਹਨ ਅਤੇ ਸਮੇਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਵੱਧ ਰਹੀ ਹੈ। ਜੇਕਰ ਮੀਂਹ ਕਾਰਨ ਕੋਈ ਰੁਕਾਵਟ ਨਹੀਂ ਆਉਂਦੀ ਤਾਂ ਮੈਚ ਰਾਤ 8 ਵਜੇ (ਭਾਰਤੀ ਸਮੇਂ ਅਨੁਸਾਰ) ਸ਼ੁਰੂ ਹੋਵੇਗਾ।