ਪੁਰਸ਼ ਟੀਮ ਨਾਲ ਜੋ ਹੋਇਆ, ਉਸ ਨਾਲ ਕੋਈ ਸਬੰਧ ਨਹੀਂ ਹੈ : ਮੰਧਾਨਾ

Saturday, Mar 16, 2024 - 06:24 PM (IST)

ਪੁਰਸ਼ ਟੀਮ ਨਾਲ ਜੋ ਹੋਇਆ, ਉਸ ਨਾਲ ਕੋਈ ਸਬੰਧ ਨਹੀਂ ਹੈ : ਮੰਧਾਨਾ

ਨਵੀਂ ਦਿੱਲੀ– ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਕਪਤਾਨ ਸਮ੍ਰਿਤੀ ਮੰਧਾਨਾ ਐਤਵਾਰ ਨੂੰ ਇਥੇ ਦਿੱਲੀ ਕੈਪੀਟਲਸ ਵਿਰੁੱਧ ਹੋਣ ਵਾਲੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ਫਾਈਨਲ ਤੋਂ ਪਹਿਲਾਂ ਆਪਣੀ ਟੀਮ ’ਤੇ ਜ਼ਿਆਦਾ ਦਬਾਅ ਨਹੀਂ ਪਾਉਣਾ ਚਾਹੁੰਦੀ ਤੇ ਉਸਦਾ ਕਹਿਣਾ ਹੈ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਫ੍ਰੈਂਚਾਈਜ਼ੀ ਦੀ ਪੁਰਸ਼ ਟੀਮ ਨਾਲ ਤੁਲਨਾ ਕਰਨ ਦੇ ਮੂਡ ’ਚ ਨਹੀਂ ਹੈ।
ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੀ ਪੁਰਸ਼ ਟੀਮ ਪਿਛਲੇ 17 ਸਾਲਾਂ ’ਚ ਇਕ ਵੀ ਆਈ. ਪੀ. ਐੱਲ. ਖਿਤਾਬ ਨਹੀਂ ਜਿੱਤ ਸਕੀ ਹੈ ਜਦਕਿ ਤਿੰਨ ਵਾਰ ਉਪ ਜੇਤੂ (2009, 2011, 2016) ਰਹੀ ਹੈ ਪਰ ਡਬਲਯੂ. ਪੀ. ਐੱਲ. ਦੇ ਦੂਜੇ ਹੀ ਸੈਸ਼ਨ ’ਚ ਮੰਧਾਨਾ ਦੀ ਅਗਵਾਈ ਵਾਲੀ ਆਰ. ਸੀ. ਬੀ. ਮਹਿਲਾ ਟੀਮ ਨੂੰ ਖਿਤਾਬ ਜਿੱਤਣ ਦਾ ਸ਼ਾਨਦਾਰ ਮੌਕਾ ਮਿਲ ਗਿਆ।
ਮੰਧਾਨਾ ਨੇ ਕਿਹਾ, ‘ਪਹਿਲਾਂ ਤਾਂ ਮੈਨੂੰ ਲੱਗਦਾ ਹੈ ਕਿ ਇਹ ਸਾਲ ਸਾਡੇ ਲਈ ਪੂਰੀ ਫ੍ਰੈਂਚਾਈਜ਼ੀ ਨਾਲ ਜੁੜਨ ਲਈ ਕਾਫੀ ਅਹਿਮ ਸੀ। ਪੁਰਸ਼ ਟੀਮ ਨਾਲ ਜੋ ਹੋਇਆ, ਕਦੇ-ਕਦਾਈਂ ਇਸ ਨਾਲ ਦਬਾਅ ਹੁੰਦਾ ਹੈ, ਇਸ ਲਈ ਅਸੀਂ ਸਿਰਫ ਇਹ ਹੀ ਸੋਚ ਰਹੇ ਹਾਂ ਕਿ ਅਸੀਂ ਅਜੇ ਦੂਜੇ ਹੀ ਸੈਸ਼ਨ ’ਚ ਹਾਂ, ਇਸ ਲਈ ਜ਼ਿਆਦਾ ਤਣਾਅ ਨਹੀਂ ਲੈਣਾ ਚਾਹੀਦਾ। ਪੁਰਸ਼ ਟੀਮ ਦੇ ਨਾਲ ਕੀ ਹੋਇਆ, ਸਾਡਾ ਉਸ ਨਾਲ ਕੁਝ ਲੈਣਾ-ਦੇਣਾ ਨਹੀਂ ਹੈ।’’
ਆਰ. ਸੀ. ਬੀ. ਦੇ ਲਈ ਡਬਲਯੂ. ਪੀ. ਐੱਲ. ਦਾ ਪਹਿਲਾ ਸੈਸ਼ਨ ਇੰਨਾ ਚੰਗਾ ਨਹੀਂ ਰਿਹਾ ਸੀ, ਜਿਸ ਵਿਚ ਟੀਮ ਲੀਗ ਅੰਕ ਸੂਚੀ ’ਚ ਚੌਥੇ ਸਥਾਨ ’ਤੇ ਰਹੀ ਸੀ ਪਰ ਮੰਧਾਨਾ ਦਾ ਮੰਨਣਾ ਹੈ ਕਿ ਮੌਜੂਦਾ ਸਮੇਂ ਵਿਚ ਰਹਿਣਾ ਅਹਿਮ ਹੈ। ਉਸ ਨੇ ਕਿਹਾ,‘‘ਕ੍ਰਿਕਟ ਨੇ ਜੋ ਸਿਖਾਇਆ ਹੈ, ਉਸਦੇ ਅਨੁਸਾਰ ਮੌਜੂਦਾ ਸਮੇਂ ਵਿਚ ਰਹਿਣਾ ਕਾਫੀ ਅਹਿਮ ਹੈ। ਇਹ ਮੈਚ ਦੇ ਦਿਨ ਚੰਗੀ ਕ੍ਰਿਕਟ ਖੇਡਣ ਦੇ ਬਾਰੇ ਵਿਚ ਹੈ ਤੇ ਕੱਲ ਦੇ ਮੁਕਾਬਲੇ ਵਿਚ ਜਿਹੜੀ ਵੀ ਟੀਮ ਚੰਗਾ ਕਰੇਗੀ, ਖਿਤਾਬ ਜਿੱਤੇਗੀ।’’
ਲੈਨਿੰਗ ਨੂੰ ਉਮੀਦ-ਫਾਈਨਲ ’ਚ ਸਰਵਸ੍ਰੇਸ਼ਠ ਕ੍ਰਿਕਟ ਖੇਡ ਕੇ ਖਿਤਾਬ ਜਿੱਤੇਗੀ
ਦਿੱਲੀ ਕੈਪੀਟਲਸ ਦੀ ਕਪਤਾਨ ਮੇਗ ਲੈਨਿੰਗ ਨੇ ਉਮੀਦ ਜਤਾਈ ਹੈ ਕਿ ਉਸਦੀਆਂ ਖਿਡਾਰਨਾਂ ਐਤਵਾਰ ਨੂੰ ਟੂਰਨਾਮੈਂਟ ਦੀ ਸਰਵਸ੍ਰੇਸ਼ਟ ਕ੍ਰਿਕਟ ਖੇਡ ਕੇ ਖਿਤਾਬ ਜਿੱਤੇਗੀ, ਜਿਸ ਤੋਂ ਉਹ ਪਿਛਲੇ ਸਾਲ ਖੁੰਝ ਗਏ ਸਨ। ਦਿੱਲੀ ਕੈਪੀਟਲਸ ਪਿਛਲੇ ਸਾਲ ਫਾਈਨਲ ’ਚ ਮੁੰਬਈ ਇੰਡੀਅਨਜ਼ ਹੱਥੋਂ ਹਾਰ ਕੇ ਉਪ ਜੇਤੂ ਰਹੀ ਸੀ। ਲੈਨਿੰਗ ਨੇ ਕਿਹਾ,‘‘ਅਸੀਂ ਕੱਲ ਲਈ ਚੰਗੀ ਤਰ੍ਹਾਂ ਨਾਲ ਤਿਆਰ ਹਾਂ। ਇਹ ਸ਼ਾਨਦਾਰ ਮੈਚ ਹੋਵੇਗਾ। ਅਸੀਂ ਖਿਤਾਬ ਜਿੱਤਣ ਦਾ ਮੌਕਾ ਮਿਲਣ ਤੋਂ ਉਤਸ਼ਾਹਿਤ ਹਾਂ ਤੇ ਮੈਦਾਨ ’ਤੇ ਜਾ ਕੇ ਇਸ ਨੂੰ ਜਿੱਤਣਾ ਚਾਹੁੰਦੇ ਹਾਂ। ਅਸੀਂ ਟੂਰਨਾਮੈਂਟ ਵਿਚ ਆਪਣਾ ਸਰਵਸ੍ਰੇਸ਼ਠ ਖੇਡ ਦਿਖਾਉਣਾ ਚਾਹੁੰਦੇ ਹਾਂ।’’
 


author

Aarti dhillon

Content Editor

Related News