WFI ਮੁਖੀ ਸੰਜੇ ਸਿੰਘ ਦਾ ਦਾਅਵਾ-10 ਦਿਨਾਂ ’ਚ ਸੱਤਾ ’ਚ ਪਰਤਾਂਗੇ
Thursday, Feb 01, 2024 - 11:24 AM (IST)
ਸਪੋਰਟਸ ਡੈਸਕ : ਮੁਅੱਤਲ ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਦੀ ਅਗਵਾਈ ਕਰ ਰਹੇ ਸੰਜੇ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹ ਸਰਕਾਰ ਨੂੰ ਉਨ੍ਹਾਂ ਦੀ ਮੁਅੱਤਲੀ ਰੱਦ ਕਰਨ ਲਈ ਮਨਾ ਲੈਣਗੇ ਤੇ 10 ਦਿਨਾਂ ਵਿਚ ਵਾਪਸੀ ਕਰਨਗੇ। ਸਿੰਘ ਨੇ ਦਾਅਵਾ ਕੀਤਾ ਕਿ ਉਹ ਪਹਿਲਵਾਨ ਵਿਨੇਸ਼ ਫੋਗਟ ਤੇ ਸਾਕਸ਼ੀ ਮਲਿਕ ਨਾਲ ਜੁੜਨਗੇ ਤੇ ਤੈਅ ਕਰਨਗੇ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਹੱਲ ਸਿਰਫ ਅਦਾਲਤਾਂ ਵਿਚ ਹੀ ਹੋਵੇ। ਸੰਜੇ ਨੇ ਦਾਅਵਾ ਕੀਤਾ ਕਿ ਸਾਬਕਾ ਮੁਖੀ ਬ੍ਰਿਜਭੂਸ਼ਣ ਸ਼ਰਣ ਸਿੰਘ ਦਾ ਹੁਣ ਕੁਸ਼ਤੀ ਵਿਚ ਇਕ ਪੈਸਾ ਨਹੀਂ ਲੱਗਾ ਹੈ, ਉਹ ਇਸ ਸਮੇਂ ਯੂ. ਪੀ. ਵਿਚ ਆਪਣੀ ਅਕੈਡਮੀ ਚਲਾਉਣ ਲਈ ਆਜ਼ਾਦ ਹੈ।
ਇਹ ਵੀ ਪੜ੍ਹੋ- ਸਾਬਕਾ ਕ੍ਰਿਕਟਰ ਦਾ ਦਾਅਵਾ- ਵਿੰਡੀਜ਼ ਨੇ ਪਾਕਿਸਤਾਨ ਤੋਂ ਪ੍ਰੇਰਣਾ ਲੈ ਕੇ ਜਿੱਤਿਆ ਗਾਬਾ ਟੈਸਟ
ਸੰਜੇ ਨੇ ਓਲੰਪਿਕ ਲਈ ਕੀ ਯੋਜਨਾ ਹੈ? ਸਵਾਲ ’ਤੇ ਕਿਹਾ ਕਿ ਅਜੇ 2 ਓਲੰਪਿਕ ਕੁਆਲੀਫਾਇੰਗ ਈਵੈਂਟ ਬਾਕੀ ਹਨ। ਪੁਣੇ ਨੈਸ਼ਨਲ ਦੇ ਜੇਤੂਆਂ ਨੂੰ ਕੈਂਪ ਵਿਚ ਸੱਦ ਕੇ ਅਸੀਂ ਟ੍ਰੇਨਿੰਗ ਦੇਵਾਂਗੇ ਤੇ ਉਨ੍ਹਾਂ ਨੂੰ ਕੁਆਲੀਫਾਇਰ ਵਿਚ ਭੇਜਾਂਗੇ। ਮੈਨੂੰ ਭਰੋਸਾ ਹੈ ਕਿ 4-5 ਹੋਰ ਪਹਿਲਵਾਨ ਕੁਆਲੀਫਾਈ ਕਰ ਲੈਣਗੇ। ਅੰਤਿਮ ਪੰਘਾਲ ਪਹਿਲਾਂ ਹੀ ਕੁਆਲੀਫਾਈ ਕਰ ਚੁੱਕਾ ਹੈ। ਐਡਹਾਕ ਕਮੇਟੀ ਤੇ ਸਰਕਾਰ ਦੀ ਮਨਜ਼ੂਰੀ ਅਹਿਮ ਹੈ, ਤੁਸੀਂ ਕਿਵੇਂ ਕੰਮ ਕਰੋਗੇ? ਸਵਾਲ ’ਤੇ ਸੰਜੇ ਨੇ ਕਿਹਾ ਕਿ ਕਮੇਟੀ ਦੇ ਸਾਰੇ ਫੈਸਲੇ ਗਲਤ ਹਨ। ਉਸ ਦਾ ਅਕਸ ਵੀ ਨਿਯਮਾਂ ਦੇ ਵਿਰੁੱਧ ਹੈ ਤੇ ਉਹ ਸੰਘ ਦੀ ਮਨਜ਼ੂਰੀ ਦੇ ਬਿਨਾਂ ਹੈ। ਇਕ ਵਾਰ ਜਦੋਂ ਅਸੀਂ ਬਾਗਡੋਰ ਸੰਭਾਲਾਂਗੇ ਤਾਂ ਅਸੀਂ ਖੁਸ਼ੀ ਨਾਲ ਚੰਗੇ ਪਹਿਲਵਾਨਾਂ ਦਾ ਸਵਾਗਤ ਕਰਾਂਗੇ। ਇੱਥੋਂ ਤਕ ਕਿ ਜੈਪੁਰ ਦੇ ਪਹਿਲਵਾਨਾਂ ਦਾ ਵੀ। ਜੈਪੁਰ ਵਿਚ ਜਿਹੜੇ ਪਹਿਲਵਾਨ ਜਿੱਤੇ ਹਨ, ਉਨ੍ਹਾਂ ਨੂੰ ਅਸੀਂ ਪ੍ਰਮਾਣ ਪੱਤਰ ਦੇਵਾਂਗੇ ਤਾਂ ਕਿ ਉਹ ਨੌਕਰੀ ਪ੍ਰਾਪਤ ਕਰ ਸਕਣ। ਪਹਿਲਵਾਨ ਪੁਣੇ ਵਿਚ ਹੋਣ ਵਾਲੇ ਮੁਕਾਬਲੇ ਵਿਚ ਹਿੱਸਾ ਲੈਣ। ਮੈਂ ਵਾਅਦਾ ਕਰਦਾ ਹਾਂ ਕਿ ਓਲੰਪਿਕ ਲਈ ਯੋਗ ਪਹਿਲਵਾਨ ਹੀ ਚੁਣੇ ਜਾਣਗੇ।
ਮਹਿਲਾ ਪਹਿਲਵਾਨਾਂ ਲਈ ਸਹਿਯੋਗੀ ਸਟਾਫ ’ਤੇ ਸੰਜੇ ਨੇ ਕਿਹਾ ਕਿ ਅਸੀਂ ਸੱਟਾਂ ਲਈ ਫਿਜੀਓ ਨਿਯੁਕਤ ਕਰਾਂਗੇ। ਮਹਿਲਾ ਪਹਿਲਵਾਨਾਂ ਲਈ ਲੋੜੀਂਦੇ ਮਹਿਲਾ ਫਿਜੀਓ ਹੋਣਗੀਆਂ। ਅਸੀਂ ਵਿਦੇਸ਼ੀ ਕੋਚਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ ਤੇ ਅਸੀਂ ਪਹਿਲਵਾਨਾਂ ਨੂੰ ਚਾਰ ਮਹੀਨਿਆਂ ਲਈ ਵਿਦੇਸ਼ ਭੇਜਾਂਗੇ। ਭਾਵੇਂ ਕੁਝ ਵੀ ਹੋਵੇ, ਕੁਸ਼ਤੀ ਨਹੀਂ ਰੁਕੇਗੀ। ਅਸੀਂ ਕਾਨੂੰਨੀ ਰਸਤਾ ਅਪਣਾਏ ਬਿਨਾਂ ਇਸਦਾ ਹੱਲ ਕੱਢਣ ਨੂੰ ਲੈ ਕੇ ਆਸਵੰਦ ਹਾਂ। ਅਸੀਂ ਸਰਕਾਰ ਦੇ ਸੰਪਰਕ ਵਿਚ ਹਾਂ। ਅਸੀਂ ਓਲੰਪਿਕ ਵਿਚ ਨਿਰਾਸ਼ ਨਹੀਂ ਕਰਾਂਗੇ। ਉੱਥੇ ਹੀ, ਬ੍ਰਿਜਭੂਸ਼ਣ ਵਿਰੁੱਧ ਖੜ੍ਹੇ ਪਹਿਲਵਾਨਾਂ ਨੂੰ ਸੰਜੇ ਨੇ ਨਾਲ ਜੁੜਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ- ਸ਼੍ਰੀਲੰਕਾ ਨੇ ਅਫਗਾਨਿਸਤਾਨ ਖ਼ਿਲਾਫ਼ ਟੈਸਟ ਟੀਮ ਦਾ ਐਲਾਨ, ਦੇਖੋ ਕਿਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ
ਸੰਜੇ ਸਿੰਘ ਨੇ ਕਿਹਾ ਕਿ ਤੁਸੀਂ ਮੁਖੀ ਬਣ ਕੇ ਕੁਝ ਹਾਸਲ ਨਹੀਂ ਕਰ ਸਕਦੇ। ਉਹ ਸਾਡੇ ਨਾਲ ਜੁੜਨ ਤੇ ਸਲਾਹਕਾਰ ਦੇ ਰੂਪ ਵਿਚ ਨੌਜਵਾਨਾਂ ਦਾ ਮਾਰਗਦਰਸ਼ਨ ਕਰਨ। ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ। ਜੇਕਰ ਉਹ ਖੁਦ ਖੇਡਣਾ ਚਾਹੁੰਦੇ ਹਨ ਤਾਂ ਇਸਦੇ ਲਈ ਟ੍ਰੇਨਿੰਗ ਕਰਨ। ਕੈਂਪ ਵਿਚ ਜਾਣ। ਨਿਯਮਾਂ ਦੀ ਪਾਲਣਾ ਕਰਨ। ਕਿਸੇ ਤਰ੍ਹਾਂ ਦੀ ਛੋਟ ਜਾਂ ਅਧਿਕਾਰ ਦੀ ਇੱਛਾ ਨਾ ਰੱਖਣ। ਕਿਉਂਕਿ ਸਾਡੇ ਕੋਲ ਟ੍ਰਾਇਲਾਂ ਲਈ ਸਮਾਂ ਨਹੀਂ ਬਚਿਆ ਹੈ ਤੇ ਅਜਿਹੇ ਵਿਚ ਜਿਹੜੇ ਕੋਟਾ ਜਿੱਤਣਗੇ, ਉਨ੍ਹਾਂ ਨੂੰ ਹੀ ਓਲੰਪਿਕ ਵਿਚ ਭੇਜਾਂਗੇ। ਰਹੀ ਗੱਲ ਬ੍ਰਿਜਭੂਸ਼ਣ ਦੀ ਤਾਂ, ਉਹ ਸੰਘ ਤੋਂ ਦੂਰ ਆਪਣੀ ਅਕੈਡਮੀ ਚਲਾ ਰਿਹਾ ਹੈ। ਅਸੀਂ ਉਸ ਨੂੰ ਰੋਕ ਨਹੀਂ ਸਕਦੇ।
ਇਹ ਵੀ ਪੜ੍ਹੋ- ਪੈਦਲਚਾਲ ਐਥਲੀਟ ਅਕਸ਼ਦੀਪ ਨੇ ਤੋੜਿਆ ਆਪਣਾ ਹੀ ਰਾਸ਼ਟਰੀ ਰਿਕਾਰਡ
ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਕੀ ਮਹਿਲਾਵਾਂ ਕੁਸ਼ਤੀ ਵਿਚ ਆਉਣਗੀਆਂ? ਸਵਾਲ ’ਤੇ ਸੰਜੇ ਸਿੰਘ ਨੇ ਕਿਹਾ ਕਿ ਹਾਂ, ਸੁਰੱਖਿਆ ਸਬੰਧੀ ਚਿੰਤਾਵਾਂ ਹਨ ਪਰ ਇਸ ਲਈ ਅਸੀਂ ਸੰਘ ਵਿਚ ਇਕ ਜਿਨਸੀ ਸ਼ੋਸ਼ਣ ਕਮੇਟੀ ਨਿਯੁਕਤ ਕਰ ਰਹੇ ਹਾਂ। ਅਸੀਂ ਇਹ ਤੈਅ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲੜਕੀਆਂ ਫਿਰ ਤੋਂ ਸਾਡੇ ’ਤੇ ਭਰੋਸਾ ਕਰ ਸਕਣ। ਅਸੀਂ ਡੇਢ ਮਹੀਨਾ ਗੁਆ ਦਿੱਤਾ ਹੈ। ਕੁਸ਼ਤੀ ਖੇਡਣ ਵਾਲੇ ਸਾਰੇ ਬੱਚੇ ਮੇਰੇ ’ਤੇ ਭਰੋਸਾ ਕਰਦੇ ਹਨ ਤੇ ਮੇਰੇ ਤੋਂ ਉਮੀਦਾਂ ਰੱਖਦੇ ਹਨ। ਵਿਨੇਸ਼, ਸਾਕਸ਼ੀ ਤੇ ਬਜਰੰਗ ਵਰਗੇ ਖਿਡਾਰੀ ਅਜਿਹਾ ਕਰ ਸਕਦੇ ਹਨ। ਉਹ ਲੜਾਈ ਅਦਾਲਤ ਵਿਚ ਲੜਨ। ਜੇਕਰ ਉਨ੍ਹਾਂ ਨੂੰ ਸਿਆਸਤ ਕਰਨੀ ਹੈ ਤਾਂ ਚੋਣ ਲੜ ਸਕਦੇ ਹਨ ਪਰ ਜੇਕਰ ਉਨ੍ਹਾਂ ਦਾ ਦਿਲ ਸੱਚਮੁੱਚ ਕੁਸ਼ਤੀ ਵਿਚ ਹੈ ਤਾਂ ਉਹ ਸਾਡੇ ਕੋਲ ਵਾਪਸ ਆ ਸਕਦੇ ਹਨ। ਜੇਕਰ ਕੋਈ ਕਹਿਣਾ ਚਾਹੁੰਦਾ ਹੈ ਕਿ ਮੈਂ ਬ੍ਰਿਜਭੂਸ਼ਣ ਦਾ ਕਰੀਬੀ ਹਾਂ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਮੈਂ ਸੰਘ ਵਿਚ 12 ਸਾਲ ਤਕ ਅਹੁਦੇਦਾਰ ਰਿਹਾ ਹਾਂ ਤੇ ਉਹ 15 ਸਾਲ ਤਕ । ਤੁਸੀਂ ਦੇਖੋ ਬ੍ਰਿਜਭੂਸ਼ਣ ਦੇ ਜਨਮਦਿਨ ’ਤੇ ਸੈਂਕੜੇ ਲੋਕਾਂ ਨੇ ਉਸ ਨੂੰ ਗੁਲਦਸਤੇ ਦਿੱਤੇ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਸਾਰਿਆਂ ਦਾ ਕਰੀਬੀ ਹੈ। ਮੈਂ ਇਹ ਭੁਲੇਖਾ ਖਤਮ ਕਰ ਦੇਵਾਂਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।