ਇਕਾਂਤਵਾਸ ਦੇ ਨਿਯਮ ਤੋੜਨ ਲਈ ਵੈਸਟਇੰਡੀਜ਼ ਦੇ ਖਿਡਾਰੀਆਂ ''ਤੇ ਪਾਬੰਦੀ
Wednesday, Nov 11, 2020 - 09:00 PM (IST)
ਵੇਲਿੰਗਟਨ-14 ਦਿਨ ਦੇ ਜ਼ਰੂਰੀ ਇਕਾਂਤਵਾਸ ਦਾ ਨਿਯਮ ਤੋੜਨ ਕਾਰਣ ਵੈਸਟਇੰਡੀਜ਼ ਦੇ ਕ੍ਰਿਕਟਰਾਂ ਦੇ ਅਭਿਆਸ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਨਿਊਜ਼ੀਲੈਂਡ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਕ੍ਰਾਈਸਟਚਰਚ 'ਚ ਟੀਮ ਦੇ ਹੋਟਲ ਦੇ ਸੀ. ਸੀ. ਟੀ. ਵੀ. ਫੁਟੇਜ ਤੋਂ ਪਤਾ ਲੱਗਾ ਹੈ ਕਿ ਖਿਡਾਰੀ ਇਕ-ਦੂਜੇ ਨਾਲ ਮਿਲਜੁਲ ਰਹੇ ਹਨ ਅਤੇ ਇਕੱਠੇ ਖਾਨਾ ਖਾ ਰਹੇ ਹਨ, ਜੋ ਇਕਾਂਤਵਾਸ ਦੇ ਨਿਯਮਾਂ ਦੀ ਉਲੰਘਣਾ ਹੈ।
ਵੈਸਟਇੰਡੀਜ਼ ਦੀ ਟੀਮ 14 'ਚੋਂ 12 ਦਿਨ ਦਾ ਇਕਾਂਤਵਾਸ ਪੂਰਾ ਕਰ ਚੁੱਕੀ ਹੈ ਅਤੇ ਉਸ ਨੂੰ ਇਹ ਮਿਆਦ ਪੂਰੀ ਹੋਣ ਤੱਕ ਅਭਿਆਸ ਦੀ ਇਜ਼ਾਜਤ ਨਹੀਂ ਹੋਵੇਗੀ। ਇਕਾਂਤਵਾਸ ਦੀ ਮਿਆਦ ਵਧਾਈ ਵੀ ਜਾ ਸਕਦੀ ਹੈ। ਸੀ. ਸੀ. ਟੀ. ਵੀ. ਫੁਟੇਜ ਵੈਸਟਇੰਡੀਜ਼ ਕ੍ਰਿਕਟ ਬੋਰਡ ਨੂੰ ਵੀ ਭੇਜੀ ਗਈ ਹੈ, ਜਿਸ ਨੇ ਖੁਦ ਜਾਂਚ ਕਰਨ ਅਤੇ ਜ਼ਰੂਰੀ ਹੋਣ 'ਤੇ ਕਾਰਵਾਈ ਦਾ ਵਾਅਦਾ ਕੀਤਾ ਹੈ। ਖਿਡਾਰੀਆਂ ਦੀ ਦੂਜੀ ਕੋਰੋਨਾ ਜਾਂਚ ਬੁੱਧਵਾਰ ਨੂੰ ਹੋਣੀ ਹੈ। ਇਸ 'ਚ ਨੈਗੇਟਿਵ ਆਉਣ 'ਤੇ ਹੀ ਇਕਾਂਤਵਾਸ ਖਤਮ ਕੀਤਾ ਜਾਵੇਗਾ।