ਵੈਸਟਇੰਡੀਜ਼ ਨੇ ਮੀਂਹ ਪ੍ਰਭਾਵਿਤ ਪਹਿਲੇ ਵਨ ਡੇ ’ਚ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ
Saturday, Nov 02, 2024 - 03:23 PM (IST)
ਨਾਰਥ ਸਾਊਂਡ (ਏਂਟੀਗਾ)– ਐਵਿਨ ਲੂਈਸ ਦੀਆਂ 94 ਦੌੜਾਂ ਦੀ ਮਦਦ ਨਾਲ ਵੈਸਟਇੰਡੀਜ਼ ਨੇ ਮੀਂਹ ਪ੍ਰਭਾਵਿਤ ਪਹਿਲੇ ਵਨ ਡੇ ਕ੍ਰਿਕਟ ਮੈਚ ਵਿਚ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਪਹਿਲੀ ਵਾਰ ਕਪਤਾਨੀ ਕਰ ਰਹੇ ਲਿਆਮ ਲਿਵਿੰਗਸਟੋਨ ਨੇ ਇੰਗਲੈਂਡ ਲਈ ਸਭ ਤੋਂ ਵੱਧ 48 ਦੌੜਾਂ ਬਣਾਈਆਂ। ਇੰਗਲੈਂਡ ਦੀ ਟੀਮ 45.1 ਓਵਰਾਂ ਵਿਚ 209 ਦੌੜਾਂ ’ਤੇ ਆਊਟ ਹੋ ਗਈ।
ਜਵਾਬ ਵਿਚ ਵੈਸਟਇੰਡੀਜ਼ ਲਈ ਲੂਈਸ ਨੇ 69 ਗੇਂਦਾਂ ਵਿਚ 8 ਛੱਕਿਆਂ ਦੀ ਮਦਦ ਨਾਲ 94 ਦੌੜਾਂ ਬਣਾਈਆਂ। ਵੈਸਟਇੰਡੀਜ਼ ਨੂੰ ਡਕਵਰਥ ਲੂਈਸ ਨਿਯਮ ਦੇ ਆਧਾਰ ’ਤੇ 157 ਦੌੜਾਂ ਦਾ ਸੋਧਿਆ ਟੀਚਾ ਮਿਲਿਆ ਸੀ ਤੇ ਟੀਮ 13 ਦੌੜਾਂ ਦੂਰ ਸੀ ਜਦੋਂ ਲੂਈਸ ਆਊਟ ਹੋ ਗਿਆ। ਲੂਈਸ ਨੇ ਆਪਣਾ ਅਰਧ ਸੈਂਕੜਾ 46 ਗੇਂਦਾਂ ਵਿਚ ਪੂਰਾ ਕੀਤਾ ਤੇ ਮੀਂਹ ਆਉਣ ਦੇ ਸਮੇਂ ਵੈਸਟਇੰਡੀਜ਼ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 81 ਦੌੜਾਂ ਸੀ। ਉਹ ਡਕਵਰਥ ਲੂਈਸ ਨਿਯਮ ਤਹਿਤ 48 ਦੌੜਾਂ ਨਾਲ ਅੱਗੇ ਸੀ। ਇਸ ਤੋਂ ਬਾਅਦ ਹਾਲਾਂਕਿ 20 ਓਵਰਾਂ ਦੀ ਖੇਡ ਹੋਰ ਹੋਈ। ਲੂਈਸ ਤੇ ਬ੍ਰੈਂਡਨ ਕਿੰਗ ਨੇ ਪਹਿਲੀ ਵਿਕਟ ਲਈ 118 ਦੌੜਾਂ ਜੋੜੀਆਂ, ਜਿਸ ਨਾਲ ਕਿੰਗ ਦਾ ਯੋਗਦਾਨ 30 ਦੌੜਾਂ ਦਾ ਸੀ।