ਵਿਸ਼ਵ ਚੈਂਪੀਅਨ ਕਾਰਲਸਨ ਨੂੰ ਹਰਾ ਕੇ ਵੇਸਲੀ ਸੋ ਬਣਿਆ ਸਕਿਲਿੰਗ ਓਪਨ ਸ਼ਤਰੰਜ ਚੈਂਪੀਅਨ
Wednesday, Dec 02, 2020 - 01:20 AM (IST)
ਅਮਰੀਕਾ (ਨਿਕਲੇਸ਼ ਜੈਨ)– ਅਮਰੀਕਾ ਦੇ ਗ੍ਰੈਂਡ ਮਾਸਟਰ ਵੇਸਲੀ ਸੋ ਨੇ ਇਤਿਹਾਸ ਰਚਦੇ ਹੋਏ ਵਿਸ਼ਵ ਸ਼ਤਰੰਜ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੂੰ ਸਕਿਲਿੰਗ ਓਪਨ ਦੇ ਫਾਈਨਲ ਵਿਚ ਹਰਾਉਂਦੇ ਹੋਏ ਖਿਤਾਬ ਆਪਣੇ ਨਾਂ ਕਰ ਲਿਆ। ਦੋਵਾਂ ਵਿਚਾਲੇ ਪਹਿਲੇ ਦਿਨ ਲਗਾਤਾਰ 4 ਨਤੀਜੇ ਆਏ ਸਨ, ਜਿਨ੍ਹਾਂ ਵਿਚ ਕਾਰਲਸਨ ਨੇ 2 ਤੇ ਵੇਸਲੀ ਸੋ ਨੇ ਵੀ 2 ਮੁਕਾਬਲੇ ਜਿੱਤੇ ਸਨ ਤੇ ਸਕੋਰ 2-2 ਰਿਹਾ ਸੀ, ਅਜਿਹੇ ਵਿਚ ਦੂਜੇ ਦਿਨ ਦੀ ਖੇਡ ਵਿਚ ਜਦੋਂ ਪਹਿਲੇ ਹੀ ਰਾਊਂਡ ਵਿਚ ਮੈਗਨਸ ਕਾਰਲਸਨ ਨੇ ਕਾਲੇ ਮੋਹਰਿਆਂ ਨਾਲ ਕਾਰੋ ਕਾਨ ਓਪਨਿੰਗ ਵਿਚ ਸ਼ਾਨਦਾਰ ਜਿੱਤ ਦੇ ਨਾਲ ਖੇਡ ਦੀ ਸ਼ੁਰੂਆਤ ਕੀਤੀ ਤਾਂ ਲੱਗਿਆ ਸੀ ਕਿ ਹਮੇਸ਼ਾ ਦੀ ਤਰ੍ਹਾਂ ਇਕ ਵਾਰ ਫਿਰ ਅੰਤ ਉਸਦੀ ਹੀ ਜਿੱਤ ਹੋਵੇਗੀ ਪਰ ਵੇਸਲੀ ਨੇ ਦੂਜੇ ਮੈਚ ਵਿਚ ਕਿਊ. ਜੀ. ਡੀ. ਓਪਨਿੰਗ ਵਿਚ ਕਾਲੇ ਮੋਹਰਿਆਂ ਨਾਲ 61 ਚਾਲਾਂ ਵਿਚ ਪਲਟਵਾਰ ਕਰਦੇ ਹੋਏ ਹਿਸਾਬ ਬਰਾਬਰ ਕਰ ਦਿੱਤਾ ਤੇ ਸਕੋਰ 1-1 ਹੋ ਗਿਆ। ਇਸ ਤੋਂ ਬਾਅਦ ਤੀਜਾ ਤੇ ਚੌਥਾ ਮੁਕਾਬਲਾ ਡਰਾਅ ਰਿਹਾ ਤੇ ਚਾਰ ਰੈਪਿਡ ਤੋਂ ਬਾਅਦ ਕੁਲ ਸਕੋਰ 2-2 ਹੋ ਗਿਆ ਤੇ ਅਜਿਹੇ ਵਿਚ ਸਾਰਾ ਦਾਰੋਮਦਾਰ ਸੀ ਟਾਈਬ੍ਰੇਕ 'ਤੇ, ਜਿਸ ਵਿਚ ਬਲਿਟਜ਼ ਦੇ 5-5 ਮਿੰਟ ਦੇ 2 ਮੁਕਾਬਲੇ ਖੇਡੇ ਗਏ।
ਕਾਰਲਸਨ ਨੇ ਸਭ ਤੋਂ ਮਜ਼ਬੂਤ ਪੱਖ ਮੰਨੇ ਜਾਣ ਵਾਲੇ ਬਲਿਟਜ਼ ਵਿਚ ਕਾਲੇ ਮੋਹਰਿਆਂ ਨਾਲ ਓਪਨਿੰਗ ਦੀ ਗਲਤੋਣ ਉਸ ਨੂੰ ਭਾਰੀ ਪਈ ਤੇ ਉਹ ਕਾਰੋ ਕਾਨ ਓਪਨਿੰਗ ਵਿਚ ਮੁਕਾਬਲਾ 44 ਚਾਲਾਂ ਵਿਚ ਵੇਸਲੀ ਸੋ ਹੱਥੋਂ ਹਾਰ ਗਿਆ, ਅਜਿਹੇ ਵਿਚ ਸਕੋਰ ਬਰਾਬਰ ਕਰਨ ਲਈ ਉਸ ਨੂੰ ਅਗਲਾ ਰਾਊਂਡ ਹਰ ਹਾਲ ਵਿਚ ਜਿੱਤਣਾ ਸੀ ਪਰ ਸਫੇਦ ਮੋਹਰਿਆਂ ਨਾਲ ਰਾਏ ਲੋਪੇਜ ਓਪਨਿੰਗ ਨਾਲ ਖੇਡ ਰਹੇ ਕਾਰਲਸਨ ਬਿਹਤਰ ਸਥਿਤੀ ਵਿਚ ਹੋਣ ਤੋਂ ਵੀ ਬਾਅਦ ਵੀ ਜਿੱਤ ਨਹੀਂ ਸਕਿਆ ਤੇ ਮੈਚ ਡਰਾਅ ਰਹਿਣ ਨਾਲ ਵੇਸਲੀ ਨੇ ਟਾਈਬ੍ਰੇਕ 1.5-0.5 ਨਾਲ ਜਿੱਤ ਕੇ ਖਿਤਾਬ ਆਪਣੇ ਨਾਂ ਕਰ ਲਿਆ। ਵੇਸਲੀ ਸੋਅ ਨੂੰ ਜੇਤੂ ਦੇ ਤੌਰ 'ਤੇ 30,000 ਅਮਰੀਕਨ ਡਾਲਰ ਅਰਥਾਕ ਤਕਰੀਬਨ 22 ਲੱਖ ਰੁਪਏ ਮਿਲੇ।