ਥਾਮਸ ਕੱਪ ਜੇਤੂ ਖਿਡਾਰੀ ਧਰੁਵ ਕਪਿਲਾ ਦਾ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਭਰਵਾਂ ਸਵਾਗਤ

Tuesday, May 24, 2022 - 05:14 PM (IST)

ਥਾਮਸ ਕੱਪ ਜੇਤੂ ਖਿਡਾਰੀ ਧਰੁਵ ਕਪਿਲਾ ਦਾ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਭਰਵਾਂ ਸਵਾਗਤ

ਬੁਢਲਾਡਾ (ਬਾਂਸਲ)- ਬੈਂਕਾਕ, ਥਾਈਲੈਂਡ ਵਿਖੇ ਹੋਏ ਬੈਡਮਿੰਟਨ ਦੇ ਥਾਮਸ ਕੱਪ ਟੂਰਨਾਮੈਂਟ ਵਿੱਚ 73 ਸਾਲਾ 'ਚ ਪਹਿਲੀ ਵਾਰ ਭਾਰਤ ਨੇ ਆਪਣਾ ਲੋਹਾ ਮੰਨਵਾਉਂਦਿਆਂ 14 ਵਾਰ ਦੇ ਚੈਂਪੀਅਨ ਇੰਡੋਨੇਸ਼ੀਆ ਦੀ ਟੀਮ ਨੂੰ 3-0 ਦੇ ਫਰਕ ਨਾਲ ਹਰਾ ਕੇ ਟੂਰਨਾਮੈਂਟ ਨੂੰ ਆਪਣੇ ਨਾਮ ਕੀਤਾ ਹੈ। ਇਸ ਪ੍ਰਾਪਤੀ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਖਿਡਾਰੀ ਧਰੁਵ ਕਪਿਲਾ ਦੀ ਹੋਂਸਲਾ ਅਫ਼ਜਾਈ ਕਰਦੇ ਹੋਏ ਕਿਹਾ ਕਿ ਅੱਗੇ ਵਧੋ, ਅਸੀਂ ਤੁਹਾਡੇ ਨਾਲ ਹਾਂ। ਵਰਨਣਯੋਗ ਹੈ ਕਿ ਭਾਰਤ ਦੀ ਟੀਮ ਦਾ ਅਹਿਮ ਮੈਂਬਰ ਧਰੁਵ ਕਪਿਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਲਵਾ ਜ਼ੋਨ ਦੀ ਸਿਰਮੌਰ ਵਿੱਦਿਅਕ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਦਾ ਵਿਦਿਆਰਥੀ ਹੈ।

PunjabKesari

ਕਾਲਜ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਅੱਜ ਕਾਲਜ ਵਿਖੇ ਰੱਖੇ ਗਏ ਸਨਮਾਨ ਸਮਾਰੋਹ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਧਰੁਵ ਕਪਿਲਾ ਨੇ ਇਸ ਸੰਸਥਾ ਦੇ ਸ਼ਾਨਾਮੱਤੇ ਇਤਿਹਾਸ ਵਿੱਚ ਇਕ ਨਵਾਂ ਸੁਨਹਿਰੀ ਪੰਨਾ ਜੋੜਿਆ ਹੈ, ਜਿਸ 'ਤੇ ਸੰਸਥਾ ਦੇ ਨਾਲ-ਨਾਲ ਪੂਰੇ ਪੰਜਾਬ ਸੂਬੇ ਦਾ ਅਤੇ ਭਾਰਤ ਦੇਸ਼ ਦਾ ਸਿਰ ਉੱਚਾ ਹੋਇਆ ਹੈ। ਸੰਸਥਾ ਦੇ ਸਪੋਰਟਸ ਵਿਭਾਗ ਦੇ ਮੁਖੀ ਪ੍ਰੋ. ਰਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਅਨੰਦ ਤਿਵਾੜੀ ਦੀ ਦੇਖ-ਰੇਖ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੋਚ ਸੁਰੇਸ਼ ਕੁਮਾਰ ਦੇ ਮਾਰਗਦਰਸ਼ਨ ਵਿੱਚ ਧਰੁਵ ਕਪਿਲਾ ਨੇ ਭਾਰਤ ਦੀ ਟੀਮ ਦੇ ਮੁੱਖ ਰਾਸ਼ਟਰੀ ਕੋਚ ਪੁਲੇਲਾ ਗੋਪੀ ਚੰਦ ਦੀ ਸੁਚੱਜੀ ਅਗਵਾਈ ਅਤੇ ਸਖ਼ਤ ਮਿਹਨਤ ਨਾਲ ਭਾਰਤੀ ਟੀਮ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾਇਆ, ਜਿਸ ਦੇ ਫਲਸਰੂਪ ਅੱਜ ਉਸ ਨੇ ਆਪਣੀ ਅੰਤਰ-ਰਾਸ਼ਟਰੀ ਪੱਧਰ 'ਤੇ ਵਿਸ਼ੇਸ਼ ਪਛਾਣ ਬਣਾਈ ਹੈ। 

ਕਾਲਜ ਵਿਖੇ ਭਰਵੇਂ ਸਵਾਗਤ ਤੋਂ ਬਾਅਦ ਧਰੁਵ ਕਪਿਲਾ ਨੇ ਬੋਲਦਿਆਂ ਕਿਹਾ ਕਿ ਉਸ ਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹ ਗੁਰੂ ਨਾਨਕ ਕਾਲਜ ਦਾ ਵਿਦਿਆਰਥੀ ਹੈ। ਸਪੋਰਟਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਗੁਰਪ੍ਰੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਭਾਰਤੀ ਬੈਡਮਿੰਟਨ ਫੈੱਡਰੇਸ਼ਨ ਵੱਲੋਂ ਭਾਰਤੀ ਟੀਮ ਨੂੰ ਇਕ ਕਰੋੜ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ। ਥਾਮਸ ਕੱਪ ਜੇਤੂ ਟੀਮ ਦੇ ਖਿਡਾਰੀ ਧਰੁਵ ਕਪਿਲਾ ਨੂੰ ਅਤੇ ਖ਼ਾਸ ਤੌਰ 'ਤੇ ਸੰਸਥਾ ਦੇ ਮੁਖੀ ਡਾ. ਕੁਲਦੀਪ ਸਿੰਘ ਬੱਲ, ਸਪੋਰਟਸ ਵਿਭਾਗ ਦੇ ਸਮੂਹ ਸਟਾਫ਼ ਅਤੇ ਕਾਲਜ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਵਿਦਿਆ ਇੰਜ਼: ਸੁਖਵਿੰਦਰ ਸਿੰਘ ਨੇ ਇਸ ਗੌਰਵਮਈ ਅਤੇ ਇਤਿਹਾਸਿਕ ਪ੍ਰਾਪਤੀ 'ਤੇ ਵਧਾਈ ਦਿੱਤੀ। ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾ ਮਿਹਨਤੀ ਖਿਡਾਰੀਆਂ ਦੇ ਨਾਲ ਹੈ ਅਤੇ ਉਨ੍ਹਾਂ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਦੀ ਰਹੇਗੀ। ਇਸ ਸਵਾਗਤੀ ਸਮਾਰੋਹ ਮੌਕੇ ਕਾਲਜ ਦੇ ਸਮੂਹ ਵਿਦਿਆਰਥੀ ਅਤੇ ਸਟਾਫ਼ ਮੈਂਬਰ ਹਾਜ਼ਿਰ ਸਨ।
 


author

cherry

Content Editor

Related News