ਨਿਸ਼ਾਨੇਬਾਜ਼ ਮਨੂ ਭਾਕਰ ਦਾ ਉਨ੍ਹਾਂ ਦੇ ਪਿੰਡ ''ਚ ਸਵਾਗਤ
Monday, Aug 26, 2024 - 12:18 PM (IST)
ਚੰਡੀਗੜ੍ਹ- ਪੈਰਿਸ ਓਲੰਪਿਕ ਵਿਚ ਦੋ ਕਾਂਸੀ ਦੇ ਤਮਗੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਐਤਵਾਰ ਨੂੰ ਹਰਿਆਣਾ ਦੇ ਝੱਜਰ ਜ਼ਿਲੇ ਦੇ ਆਪਣੇ ਪਿੰਡ ਗੋਰੀਆ ਪਹੁੰਚੀ ਜਿਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਮਨੂ ਨੇ ਪੈਰਿਸ ਓਲੰਪਿਕ ਵਿੱਚ ਸਰਬਜੋਤ ਸਿੰਘ ਦੇ ਨਾਲ 10 ਮੀਟਰ ਏਅਰ ਪਿਸਟਲ ਮੁਕਾਬਲੇ ਅਤੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਕਾਂਸੀ ਦੇ ਤਮਗੇ ਜਿੱਤੇ ਸਨ। ਮਨੂ (22) ਆਜ਼ਾਦੀ ਤੋਂ ਬਾਅਦ ਦੇ ਯੁੱਗ ਵਿੱਚ ਇੱਕੋ ਓਲੰਪਿਕ ਖੇਡਾਂ ਵਿੱਚ ਦੋ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਐਥਲੀਟ ਹੈ। ਪਿੰਡ ਪਹੁੰਚਣ 'ਤੇ ਉਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਉਹ ਆਪਣੇ ਪਿੰਡ ਦੇ ਸਕੂਲ ਵੀ ਗਈ।
ਇਸ ਮੌਕੇ ਮਨੂ ਨੇ ਪਿੰਡ ਵਿੱਚ ਸਟੇਡੀਅਮ ਅਤੇ ਸ਼ੂਟਿੰਗ ਰੇਂਜ ਬਣਾਉਣ ਦੀ ਵਕਾਲਤ ਕੀਤੀ। ਆਪਣੇ ਮਾਤਾ-ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਪਹੁੰਚੀ ਮਨੂੰ ਨੇ ਵਧਾਈ ਦੇਣ ਆਏ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਰੋਹਤਕ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਅਤੇ ਝੱਜਰ ਦੀ ਵਿਧਾਇਕ ਗੀਤਾ ਭੁੱਕਲ ਵੀ ਭਾਕਰ ਦੇ ਸਵਾਗਤ ਲਈ ਪ੍ਰੋਗਰਾਮ 'ਚ ਮੌਜੂਦ ਸਨ। ਹੁੱਡਾ ਨੇ ਓਲੰਪਿਕ 'ਚ ਮਨੂ ਦੀ ਉਪਲੱਬਧੀ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ, ''ਸਾਨੂੰ ਮਨੂ 'ਤੇ ਮਾਣ ਹੈ। ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਜੇਕਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਦੀ ਪਾਰਟੀ ਸੱਤਾ 'ਚ ਆਉਂਦੀ ਹੈ ਤਾਂ ਉਹ ਇੱਥੇ ਸਟੇਡੀਅਮ ਅਤੇ ਸ਼ੂਟਿੰਗ ਰੇਂਜ ਬਣਾਉਣਗੇ।