ਓਲੰਪਿਕ ਹਾਕੀ ਲਈ ਆਖਰੀ ਟੀਮ ਚੁਣਨ ਤੋਂ ਪਹਿਲਾਂ ਅਸੀਂ ਸਰਵਸ੍ਰੇਸ਼ਠ ਸੁਮੇਲ ਅਜਮਾਵਾਂਗੇ : ਹਰਮਨਪ੍ਰੀਤ ਸਿੰਘ
Wednesday, May 15, 2024 - 10:30 AM (IST)
ਬੈਂਗਲੁਰੂ– ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਟੀਮ ਐੱਫ. ਆਈ. ਐੱਚ. ਪ੍ਰੋ ਲੀਗ ਦੇ ਯੂਰਪੀਅਨ ਗੇੜ ਦੌਰਾਨ ਆਪਣੀਆਂ ਸਰਵਸ੍ਰੇਸ਼ਠ ਰਣਨੀਤੀਆਂ ਤੇ ਸੁਮੇਲ ਨੂੰ ਪਰਖੇਗੀ ਕਿਉਂਕਿ ਇਹ ਪੈਰਿਸ ਓਲੰਪਿਕ ਲਈ ਖਿਡਾਰੀਆਂ ਦੀ ਆਖਰੀ ਸੂਚੀ ਤਿਆਰ ਕਰਨ ਦਾ ਆਖਰੀ ਮੌਕਾ ਹੋਵੇਗਾ। ਭਾਰਤੀ ਟੀਮ ਮੰਗਲਵਾਰ ਨੂੰ ਬੈਲਜੀਅਮ ਦੇ ਐਂਟਵਰਪ ਲਈ ਰਵਾਨਾ ਹੋਈ, ਜਿੱਥੇ ਇਸ ਸੈਸ਼ਨ ਦੇ ਜੇਤੂ ਦਾ ਫੈਸਲਾ ਹੋਵੇਗਾ।
ਭਾਰਤ ਅਜੇ ਨੀਦਰਲੈਂਡ ਤੇ ਆਸਟ੍ਰੇਲੀਆ ਤੋਂ ਬਾਅਦ ਅੰਕ ਸੂਚੀ ਵਿਚ ਤੀਜੇ ਸਥਾਨ ’ਤੇ ਹੈ ਤੇ 22 ਤੋਂ 26 ਮਈ ਵਿਚਾਲੇ ਐਂਟਵਰਪ ਵਿਚ ਬੈਲਜੀਅਮ ਤੇ ਅਰਜਨਟੀਨਾ ਵਿਚ ਖੇਡੇਗੀ। ਇਸ ਤੋਂ ਬਾਅਦ ਟੀਮ 1 ਤੋਂ 9 ਜੂਨ ਤਕ ਲੰਡਨ ਵਿਚ ਜਰਮਨੀ ਤੇ ਗ੍ਰੇਟ ਬ੍ਰਿਟੇਨ ਨਾਲ ਭਿੜੇਗੀ।
ਟੀਮ ਦੇ ਯੂਰਪ ਰਵਾਨਾ ਹੋਣ ਤੋਂ ਪਹਿਲਾਂ ਹਾਕੀ ਇੰਡੀਆ ਦੇ ਬਿਆਨ ਵਿਚ ਡ੍ਰੈਗ ਫਲਿੱਕਰ ਹਰਮਨਪ੍ਰੀਤ ਨੇ ਕਿਹਾ,‘‘ਓਲੰਪਿਕ ਲਈ ਆਖਰੀ ਟੀਮ ਦੀ ਚੋਣ ਤੋਂ ਪਹਿਲਾਂ ਅਸੀਂ ਸਰਵਸ੍ਰੇਸ਼ਠ ਸੁਮੇਲ ਨੂੰ ਪਰਖਾਂਗੇ, ਇਸ ਲਈ ਪੈਰਿਸ ਲਈ ਸਾਡੀਆਂ ਤਿਆਰੀਆਂ ਦੇ ਨਾਲ-ਨਾਲ ਓਲੰਪਿਕ ਦੀ 16 ਮੈਂਬਰੀ ਟੀਮ ਵਿਚ ਜਗ੍ਹਾ ਬਣਾਉਣ ਲਈ ਖਿਡਾਰੀਆਂ ਦੇ ਲਈ ਪ੍ਰੋ ਲੀਗ ਕਾਫੀ ਮਹੱਤਵਪੂਰਨ ਟੂਰਨਾਮੈਂਟ ਹੈ।’’
ਟੋਕੀਓ ਓਲੰਪਿਕ ਦਾ ਕਾਂਸੀ ਤਮਗਾ ਜੇਤੂ ਭਾਰਤ ਪਿਛਲੇ ਮਹੀਨੇ ਆਸਟੇਲੀਆ ਵਿਚ ਆਪਣੇ ਸਾਰੇ 5 ਮੈਚ ਹਾਰ ਗਿਆ ਸੀ, ਜਿਸ ਨਾਲ ਪੈਰਿਸ ਖੇਡਾਂ ਲਈ ਉਸਦੀਆਂ ਤਿਆਰੀਆਂ ’ਤੇ ਸ਼ੱਕ ਪੈਦਾ ਹੋ ਗਿਆ ਹੈ।
ਹਰਮਨਪ੍ਰੀਤ ਨੇ ਕਿਹਾ ਕਿ ਟੀਮ ਪੈਰਿਸ ਤੋਂ ਪਹਿਲਾਂ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ’ਤੇ ਧਿਆਨ ਕੇਂਦ੍ਰਿਤ ਕਰੇਗੀ। ਉਸ ਨੇ ਕਿਹਾ ਕਿ ਟੀਮ ਇਕ ਹੋਰ ਚੁਣੌਤੀਪੂਰਨ ਸਫਰ ਲਈ ਕਾਫੀ ਉਤਸ਼ਾਹਿਤ ਹੈ, ਜਿੱਥੇ ਅਸੀਂ ਪ੍ਰੋ ਲੀਗ ਵਿਚ ਦੁਨੀਆ ਦੀਆਂ ਸਰਵਸ੍ਰੇਸ਼ਠ ਟੀਮਾਂ ਨਾਲ ਭਿੜਾਂਗੇ। ਅਸੀਂ ਪਿਛਲੇ ਕੁਝ ਹਫਤਿਆਂ ਵਿਚ ਬਹੁਤ ਹੀ ਸਖਤ ਟ੍ਰੇਨਿੰਗ ਕੈਂਪ ਤੋਂ ਬਾਅਦ ਸਫਰ ਕਰਾਂਗੇ, ਜਿੱਥੇ ਅਸੀਂ ਅਨੁਕੂਲਨ ’ਤੇ ਧਿਆਨ ਕੇਂਦ੍ਰਿਤ ਕੀਤਾ ਤੇ ਨਿਯਮਤ ਰੂਪ ਨਾਲ ਆਪਸ ਵਿਚ ਟੀਮ ਬਣਾ ਕੇ ਮੈਚ ਖੇਡੇ।’’
ਹਰਮਨਪ੍ਰੀਤ ਨੇ ਕਿਹਾ,‘‘ਟੀਮ ਚੰਗੀ ਤਰ੍ਹਾਂ ਨਾਲ ਆਕਾਰ ਲੈ ਰਹੀ ਹੈ ਤੇ ਓਲੰਪਿਕ ਤੋਂ ਪਹਿਲਾਂ ਪ੍ਰੋ ਲੀਗ ਯੋਜਨਾਵਾਂ ਨੂੰ ਲਾਗੂ ਕਰਨ ਦੇ ਮਾਮਲੇ ਵਿਚ ਖਾਮੀਆਂ ਨੂੰ ਦੂਰ ਕਰਨ ਲਈ ਇਕ ਮਹੱਤਵਪੂਰਨ ਪ੍ਰਤੀਯੋਗਿਤਾ ਹੈ।’’ ਕਪਤਾਨ ਨੇ ਕਿਹਾ ਕਿ ਪ੍ਰੋ ਲੀਗ ਨਾ ਸਿਰਫ ਉਨ੍ਹਾਂ ਨੂੰ ਆਪਣੀ ਟੀਮ ਦੀਆਂ ਤਿਆਰੀਆਂ ਦਾ ਮੁਲਾਂਕਣ ਕਰਨ ਵਿਚ ਮਦਦ ਕਰੇਗੀ ਸਗੋਂ ਵਿਰੋਧੀਆਂ ਦੀਆਂ ਰਣਨੀਤੀਆਂ ਦੇ ਬਾਰੇ ਵਿਚ ਵੀ ਸੰਕੇਤ ਦੇਵੇਗੀ।