ਅਸੀਂ ਹਮੇਸ਼ਾ ਖੇਡ 'ਚ ਬਣੇ ਰਹਿਣ ਦਾ ਤਰੀਕਾ ਲੱਭ ਲਿਆ ਹੈ: ਰਾਹੁਲ
Tuesday, Apr 05, 2022 - 05:57 PM (IST)
ਮੁੰਬਈ (ਵਾਰਤਾ)- ਲਖਨਊ ਸੁਪਰ ਜਾਇੰਟਸ ਦੇ ਕਪਤਾਨ ਲੋਕੇਸ਼ ਰਾਹੁਲ ਨੇ ਸੋਮਵਾਰ ਨੂੰ ਇੱਥੇ ਸਨਰਾਈਜ਼ਰਸ ਹੈਦਰਾਬਾਦ ਖ਼ਿਲਾਫ਼ ਆਈ.ਪੀ.ਐੱਲ. 2022 ਦਾ 12ਵਾਂ ਮੈਚ ਜਿੱਤਣ ਤੋਂ ਬਾਅਦ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਅਸੀਂ ਹਮੇਸ਼ਾ ਖੇਡ ਵਿਚ ਬਣੇ ਰਹਿਣ ਅਤੇ ਆਪਣੇ ਆਪ ਨੂੰ ਜਿੱਤਾਉਣ ਦਾ ਇਕ ਤਰੀਕਾ ਲੱਭ ਲਿਆ ਹੈ, ਅਸੀਂ ਅੱਜ ਫਿਰ ਉਹੀ ਕੀਤਾ। ਮੈਚ ਤੋਂ ਬਾਅਦ ਰਾਹੁਲ ਨੇ ਕਿਹਾ, ''ਪਿਛਲੇ ਤਿੰਨ ਮੈਚਾਂ 'ਚ ਅਸੀਂ ਵਾਪਸੀ ਕਰਨ ਦੀ ਸਮਰੱਥਾ ਦਿਖਾਈ ਹੈ। ਪਾਵਰਪਲੇ 'ਚ ਤਿੰਨ ਵਿਕਟਾਂ ਗੁਆਉਣਾ ਚੰਗੀ ਗੱਲ ਨਹੀਂ ਹੈ ਅਤੇ ਸਾਨੂੰ ਇਸ 'ਤੇ ਧਿਆਨ ਦੇਣਾ ਹੋਵੇਗਾ। ਸਾਨੂੰ ਸਮਾਂ ਕੱਢਣਾ ਹੋਵੇਗਾ ਕਿਉਂਕਿ ਸਾਡੇ ਕੋਲ ਬੱਲੇਬਾਜ਼ੀ ਵਿੱਚ ਡੂੰਘਾਈ ਹੈ। ਸਾਨੂੰ ਜੋਖ਼ਮ ਭਰੇ ਸ਼ਾਟਾਂ ਨੂੰ ਘੱਟ ਕਰਨ 'ਤੇ ਕੰਮ ਕਰਨਾ ਹੋਵੇਗਾ। ਸਾਡੀ ਗੇਂਦਬਾਜ਼ੀ ਚੰਗੀ ਰਹੀ ਹੈ।'
ਲਖਨਊ ਦੇ ਕਪਤਾਨ ਨੇ ਕਿਹਾ, ''ਸਲਾਮੀ ਜੋੜੀ ਦੇ ਤੌਰ 'ਤੇ ਤੁਸੀਂ ਜ਼ਿਆਦਾ ਗੱਲ ਨਹੀਂ ਕਰਦੇ ਅਤੇ ਸਹੀ ਗੇਂਦਾਂ ਦੀ ਚੋਣ ਕਰਦੇ ਹੋਏ ਆਪਣਾ ਕੰਮ ਕਰਦੇ ਰਹਿੰਦੇ ਹੋ। ਸਾਨੂੰ ਆਪਣੇ ਸ਼ਾਟਸ ਦੀ ਚੋਣ ਵਿਚ ਚੁਸਤ ਰਹਿਣਾ ਹੋਵੇਗਾ। ਪਿੱਚ ਨੂੰ ਪੜ੍ਹ ਕੇ, ਤੁਹਾਨੂੰ ਆਪਣੀ ਖੇਡ ਵਿੱਚ ਸਹੀ ਬਦਲਾਅ ਕਰਨੇ ਪੈਂਦੇ ਹਨ। ਮੈਂ ਪਿਛਲੇ ਕੁਝ ਸੀਜ਼ਨਾਂ ਤੋਂ ਦੀਪਕ ਹੁੱਡਾ ਨਾਲ ਖੇਡ ਰਿਹਾ ਹਾਂ ਅਤੇ ਉਹ ਨੈੱਟ ਤੋਂ ਬਾਹਰ ਹੀ ਨਹੀਂ ਆਉਣਾ ਚਾਹੁੰਦੇ ਹਨ। ਮੈਨੂੰ ਉਨ੍ਹਾਂ ਨੂੰ ਦੱਸਣਾ ਪੈਂਦਾ ਹੈ ਕਿ ਤੁਹਾਨੂੰ ਨੈੱਟ 'ਤੇ ਸਿਰਫ਼ ਹਲਕੀ ਪ੍ਰੈਕਟਿਸ ਕਰਨੀ ਹੈ। ਉਨ੍ਹਾਂ ਨੂੰ ਆਪਣੇ ਮੌਕਿਆਂ ਦਾ ਇੰਤਜ਼ਾਰ ਕਰਨਾ ਪਿਆ ਹੈ ਪਰ ਹੁਣ ਉਨ੍ਹਾਂ ਨੇ ਆਪਣੀ ਕਾਬਲੀਅਤ ਵਿਖਾ ਦਿੱਤੀ ਹੈ, ਇਸ ਲਈ ਹੁਣ ਅਸੀਂ ਮੱਧਕ੍ਰਮ 'ਚ ਉਨ੍ਹਾਂ 'ਤੇ ਭਰੋਸਾ ਕਰ ਸਕਦੇ ਹਾਂ।'