ਵਾਰਨਰ ਨੂੰ ਓਰੇਂਜ ਕੈਪ ਮਿਲਣਾ ਤੈਅ, ਰਬਾਡਾ ਨੂੰ ਤਾਹਿਰ ਤੋਂ ਚੁਣੌਤੀ

Friday, May 10, 2019 - 02:33 AM (IST)

ਵਾਰਨਰ ਨੂੰ ਓਰੇਂਜ ਕੈਪ ਮਿਲਣਾ ਤੈਅ, ਰਬਾਡਾ ਨੂੰ ਤਾਹਿਰ ਤੋਂ ਚੁਣੌਤੀ

ਨਵੀਂ ਦਿੱਲੀ- ਆਈ. ਪੀ. ਐੱਲ. ਦੇ 12ਵੇਂ ਸੈਸ਼ਨ ਵਿਚ ਹੁਣ ਸਿਰਫ ਦੂਜਾ ਕੁਆਲੀਫਾਇਰ ਤੇ ਫਾਈਨਲ ਹੀ ਬਚ ਗਿਆ ਹੈ। ਅਜਿਹੇ ਵਿਚ ਸਭ ਤੋਂ ਵੱਧ ਦੌੜਾਂ ਲਈ ਓਰੇਂਜ ਕੈਪ ਸਨਰਾਈਜ਼ਰਜ਼ ਹੈਦਰਾਬਾਦ ਦੇ ਡੇਵਿਡ ਵਾਰਨਰ ਨੂੰ ਮਿਲਣੀ ਲਗਭਗ ਤੈਅ ਹੋ ਚੁੱਕੀ ਹੈ, ਜਦਕਿ ਸਭ ਤੋਂ ਵੱਧ ਵਿਕਟਾਂ ਲਈ ਦਿੱਲੀ ਕੈਪੀਟਲਸ ਦੇ ਕੈਗਿਸੋ ਰਬਾਡਾ ਨੂੰ ਚੇਨਈ ਸੁਪਰ ਕਿੰਗਜ਼ ਦੇ ਇਮਰਾਨ ਤਾਹਿਰ ਤੋਂ ਸਖਤ ਚੁਣੌਤੀ ਮਿਲ ਰਹੀ ਹੈ।  ਵਾਰਨਰ ਵਿਸ਼ਵ ਕੱਪ ਦੀ ਤਿਆਰੀ ਲਈ ਆਸਟਰੇਲੀਆ ਪਰਤ ਚੁੱਕਾ ਹੈ, ਜਦਕਿ ਰਬਾਡਾ ਨੂੰ ਸੱਟ ਕਾਰਨ ਦੱਖਣੀ ਅਫਰੀਕਾ ਪਰਤਣਾ ਪੈ ਗਿਆ ਹੈ। ਵਾਰਨਰ ਨੇ ਆਈ. ਪੀ. ਐੱਲ.-12 ਵਿਚ 12 ਮੈਚ ਖੇਡੇ ਹਨ ਤੇ 69.20 ਦੀ ਔਸਤ ਨਾਲ 692 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿਚ 1 ਸੈਂਕੜਾ ਤੇ 8 ਅਰਧ ਸੈਂਕੜੇ ਸ਼ਾਮਲ ਹਨ। ਰਬਾਡਾ ਨੇ 12 ਮੈਚਾਂ ਵਿਚ 25 ਵਿਕਟਾਂ ਲਈਆਂ ਹਨ, ਜਦਕਿ ਤਾਹਿਰ 15 ਮੈਚਾਂ ਵਿਚ 23 ਵਿਕਟਾਂ ਲੈ ਚੁੱਕਾ ਹੈ। 
ਵਾਰਨਰ ਨੂੰ ਨੇੜਲੀ ਚੁਣੌਤੀ ਦੇਣ ਵਾਲੇ ਕਿੰਗਜ਼ ਇਲੈਵਨ ਪੰਜਾਬ ਦੇ ਲੋਕੇਸ਼ ਰਾਹੁਲ ਨੇ 14 ਮੈਚਾਂ ਵਿਚੋਂ 593 ਦੌੜਾਂ ਬਣਾਈਆਂ ਪਰ ਉਸਦੀ ਟੀਮ ਪਲੇਅ ਆਫ ਵਿਚ ਨਹੀਂ ਪਹੁੰਚ ਸਕੀ। ਕੋਲਕਾਤਾ ਨਾਈਟ ਰਾਈਡਰਜ਼ ਦੇ ਆਂਦ੍ਰੇ ਰਸੇਲ ਨੇ 510 ਦੌੜਾਂ ਬਣਾਈਆਂ ਪਰ ਉਸਦੀ ਟੀਮ ਵੀ ਪਲੇਅ ਆਫ ਵਿਚ ਨਹੀਂ ਪਹੁੰਚ ਸਕੀ। ਦਿੱਲੀ ਦੇ ਸ਼ਿਖਰ ਧਵਨ ਨੇ ਕੱਲ ਹੈਦਰਾਬਾਦ ਵਿਰੁੱਧ ਆਪਣੀ ਪਾਰੀ ਦੌਰਾਨ 500 ਦੌੜਾਂ ਪੂਰੀਆਂ ਕਰ ਲਈਆਂ ਹਨ। ਸ਼ਿਖਰ ਦੀਆਂ 15 ਮੈਚਾਂ 'ਚ 503 ਦੌੜਾਂ ਹਨ ਪਰ ਉਸਦੇ ਲਈ ਵਾਰਨਰ ਤਕ ਪਹੁੰਚਣਾ ਬੇਹੱਦ ਮੁਸ਼ਕਿਲ ਹੈ। 
ਤਾਹਿਰ ਨੇ 15 ਮੈਚਾਂ 'ਚ 23 ਵਿਕਟਾਂ ਲਈਆਂ ਹਨ, ਜਦਕਿ ਰਬਾਡਾ ਦੀਆਂ 12 ਮੈਚਾਂ 'ਚ 25 ਵਿਕਟਾਂ ਹਨ। ਤਾਹਿਰ ਕੋਲ ਦੂਜੇ ਕੁਆਲੀਫਾਇਰ ਵਿਚ ਰਬਾਡਾ ਤੋਂ ਅੱਗੇ ਨਿਕਲਣ ਦਾ ਮੌਕਾ ਰਹੇਗਾ। ਇਸ ਕ੍ਰਮ ਵਿਚ ਤੀਜੇ ਨੰਬਰ 'ਤੇ ਰਾਜਸਥਾਨ ਦਾ ਸ਼੍ਰੇਅਸ ਗੋਪਾਲ ਹੈ, ਜਿਸ ਦੀਆਂ 20 ਵਿਕਟਾਂ ਹਨ। ਹੈਦਰਾਬਾਦ ਦੇ ਖਲੀਲ ਅਹਿਮਦ ਤੇ ਪੰਜਾਬ ਦੇ ਮੁਹੰਮਦ ਸ਼ੰਮੀ ਦੀਆਂ 19-19 ਵਿਕਟਾਂ ਹਨ।


author

Gurdeep Singh

Content Editor

Related News