ਪੰਡਯਾ ਤੇ ਰਾਹੁਲ ਫਾਰਮ ''ਚ ਪਰਤੇ, ਵਾਰਨਰ ਨੇ ਵਿਸ਼ਵ ਕੱਪ ''ਚ ਵਿਰੋਧੀ ਟੀਮਾਂ ਲਈ ਖਤਰੇ ਦੀ ਘੰਟੀ ਵਜਾਈ
Tuesday, May 14, 2019 - 03:48 AM (IST)

ਨਵੀਂ ਦਿੱਲੀ— ਹਾਰਦਿਕ ਪੰਡਯਾ ਤੇ ਕੇ. ਐੱਲ. ਰਾਹੁਲ ਨੇ ਮੈਦਾਨ 'ਚੋਂ ਬਾਹਰ ਦੇ ਵਿਵਾਦਾਂ ਨੂੰ ਭੁੱਲ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਦਕਿ ਡੇਵਿਡ ਵਾਰਨਰ ਨੇ ਵਿਸ਼ਵ ਕੱਪ ਤੋਂ ਪਹਿਲਾਂ ਵਿਰੋਧੀ ਟੀਮਾਂ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਤੇ 40 ਸਾਲ ਦੇ ਇਮਰਾਨ ਤਾਹਿਰ ਨੇ ਉਮਰ ਨੂੰ ਪਿੱਛੇ ਛੱਡਦੇ ਹੋਏ ਆਈ. ਪੀ. ਐੱਲ. ਦੇ 12ਵੇਂ ਸੈਸ਼ਨ ਵਿਚ ਆਪਣੀ ਫਿਰਕੀ ਦਾ ਝੰਡਾ ਲਹਿਰਾਇਆ।
'ਬੁੱਢੇ ਘੋੜਿਆਂ ਦੀ ਫੌਜ' ਕਹੀ ਜਾਣ ਵਾਲੀ ਮਹਿੰਦਰ ਸਿੰਘ ਧੋਨੀ ਦੀ ਟੀਮ ਫਾਈਨਲ ਤਕ ਪਹੁੰਚੀ। ਮੁੰਬਈ ਇੰਡੀਅਨਜ਼ ਨੂੰ ਲਗਾਤਾਰ ਚੰਗੇ ਪ੍ਰਦਰਸ਼ਨ ਦਾ ਫਲ ਮਿਲਿਆ। ਇਸ ਸੈਸ਼ਨ ਵਿਚ 30 ਤੋਂ ਜ਼ਿਆਦਾ ਮੈਚ ਆਖਰੀ ਓਵਰ ਵਿਚ ਜਾ ਕੇ ਖਤਮ ਹੋਏ। ਵਿਸ਼ਵ ਕੱਪ ਵਾਲੇ ਸਾਲ ਵਿਚ ਫੋਕਸ ਕੌਮਾਂਤਰੀ ਸਿਤਾਰਿਆਂ, ਉਨ੍ਹਾਂ ਦੀ ਫਾਰਮ ਤੇ ਫਿੱਟਨੈੱਸ 'ਤੇ ਸੀ। ਖਿਤਾਬ ਦੇ ਮੁੱਖ ਦਾਅਵੇਦਾਰ ਭਾਰਤ ਲਈ ਸਭ ਤੋਂ ਵੱਡਾ ਫਾਇਦਾ ਹਾਰਦਿਕ ਤੇ ਰਾਹੁਲ ਦਾ ਪ੍ਰਦਰਸ਼ਨ ਰਿਹਾ। ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਲਈ ਇਹ ਚੰਗਾ ਸੰਕੇਤ ਹੈ।
ਕਿੰਗਜ਼ ਇਲੈਵਨ ਪੰਜਾਬ ਪਲੇਅ ਆਫ ਵਿਚ ਨਹੀਂ ਪਹੁੰਚ ਸਕੀ ਪਰ ਰਾਹੁਲ ਨੇ 593 ਦੌੜਾਂ ਬਣਾਈਆਂ ਤੇ ਉਹ ਡੇਵਿਡ ਵਾਰਨਰ (692) ਤੋਂ ਬਾਅਦ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਦੂਜੇ ਸਥਾਨ 'ਤੇ ਰਿਹਾ। ਹਾਰਦਿਕ ਇਕ ਵਾਰ ਫਿਰ 'ਗੇਮਚੇਂਜਰ' ਜਾਂ 'ਐਕਸ ਫੈਕਟਰ' ਬਣ ਕੇ ਉੱਭਰਿਆ। ਉਸ ਨੇ 191 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ 402 ਦੌੜਾਂ ਬਣਾਈਆਂ, 14 ਵਿਕਟਾਂ ਲਈਆਂ ਤੇ 11 ਕੈਚ ਫੜੇ। ਟੀਮ ਮੈਨੇਜਮੈਂਟ ਮੁਹੰਮਦ ਸ਼ੰਮੀ ਤੇ ਜਸਪ੍ਰੀਤ ਬੁਮਰਾਹ ਦੇ ਕਾਰਜਭਾਰ ਨੂੰ ਲੈ ਕੇ ਚਿੰਤਤ ਹੋਵੇਗੀ ਪਰ ਦੋਵਾਂ ਨੇ 19-19 ਵਿਕਟਾਂ ਲੈ ਕੇ ਆਪਣੀ ਉਪਯੋਗਿਤਾ ਸਾਬਤ ਕਰ ਦਿੱਤੀ।
ਡੇਵਿਡ ਵਾਰਨਰ ਨੇ ਸ਼ਾਨਦਾਰ ਵਾਪਸੀ ਕੀਤੀ। ਉਸ ਦਾ ਸਾਬਕਾ ਕਪਤਾਨ ਸਟੀਵ ਸਮਿਥ ਆਖਰੀ ਮੈਚਾਂ ਵਿਚ ਲੈਅ 'ਚ ਪਰਤਿਆ। ਉਸ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਆਈ. ਪੀ. ਐੱਲ. ਖੇਡਣ ਲਈ ਭੇਜਣ ਦਾ ਆਸਟਰੇਲੀਆਈ ਟੀਮ ਪ੍ਰਬੰਧਨ ਦਾ ਫੈਸਲਾ ਸਹੀ ਸਾਬਤ ਹੁੰਦਾ ਨਜ਼ਰ ਆ ਰਿਹਾ। ਕੈਗਿਸੋ ਰਬਾਡਾ ਨੇ 25 ਵਿਕਟਾਂ ਲਈਆਂ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਸੁਪਰ ਓਵਰ ਤਕ ਖਿੱਚੇ ਮੈਚ ਵਿਚ ਉਸ ਦੇ 6 ਯਾਰਕਰ ਲੰਬੇ ਸਮੇਂ ਤਕ ਲੋਕਾਂ ਨੂੰ ਯਾਦ ਰਹਿਣਗੇ।
ਟੂਰਨਾਮੈਂਟ ਤੋਂ ਪਹਿਲਾਂ ਸਪਿਨਰਾਂ ਕੁਲਦੀਪ ਯਾਦਵ ਤੇ ਯੁਜਵੇਂਦਰ ਚਾਹਲ ਨੂੰ ਲੈ ਕੇ ਕਾਫੀ ਹਾਈਪ ਬਣਾਈ ਗਈ ਸੀ ਪਰ ਦੋਵਾਂ 'ਤੇ ਭਾਰੀ ਪਿਆ 40 ਸਾਲਾ ਤਾਹਿਰ। ਉਸ ਦੀ ਪ੍ਰੰਪਰਿਕ ਲੈੱਗ ਬ੍ਰੇਕ ਤੇ ਗੁਗਲੀ ਬੱਲੇਬਾਜ਼ਾਂ ਲਈ ਅਬੁੱਝ ਬਣ ਗਈ ਸੀ, ਜਿਸ ਦੇ ਦਮ 'ਤੇ ਉਸ ਨੇ ਪਰਪਲ ਕੈਪ ਵੀ ਜਿੱਤੀ। ਵੈਸਟਇੰਡੀਜ਼ ਲਈ ਖੁਸ਼ੀ ਦੀ ਗੱਲ ਆਂਦ੍ਰੇ ਰਸੇਲ ਦੀ ਫਾਰਮ ਰਹੀ ਹੋਵੇਗੀ, ਜਿਸ ਨੇ ਇਕੱਲੇ ਆਪਣੇ ਦਮ 'ਤੇ ਕੇ. ਕੇ. ਆਰ. ਲਈ ਮੋਰਚਾ ਸੰਭਾਲ ਕੇ 510 ਦੌੜਾਂ ਬਣਾਈਆਂ ਤੇ 11 ਵਿਕਟਾਂ ਲਈਆਂ।