ਪੀ. ਸੀ. ਬੀ. ਕੋਚ ਮਹਿਮੂਦ ਤੋਂ ਚਾਹੁੰਦੈ ਛੁਟਕਾਰਾ
Sunday, Jul 20, 2025 - 11:42 AM (IST)

ਕਰਾਚੀ– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਸਾਬਕਾ ਟੈਸਟ ਆਲਰਾਊਂਡਰ ਤੇ ਲਾਲ ਗੇਂਦ ਰੂਪ ਦੇ ਅੰਤ੍ਰਿਮ ਕੋਚ ਅਜ਼ਹਰ ਮਹਿਮੂਦ ਨੂੰ ਕੰਮ ਤੋਂ ਮੁਕਤ ਕਰਨਾ ਚਾਹੁੰਦਾ ਹੈ ਪਰ ਉਹ ਬੋਰਡ ਦੇ ਪਿਛਲੇ ਪ੍ਰਬੰਧਨ ਦੇ ਨਾਲ ਉਸਦੇ ਕਰਾਰ ਦੇ ਕਾਰਨ ਅਜਿਹਾ ਕਰਨ ਵਿਚ ਅਸਮਰੱਥ ਹੈ।
ਪੀ. ਸੀ. ਬੀ. ਦੇ ਇਕ ਨੇੜਲੇ ਸੂਤਰ ਨੇ ਦੱਸਿਆ ਕਿ ਮਹਿਮੂਦ ਨੂੰ ਜੇਕਰ ਉਸਦੇ ਕਰਾਰ ਖਤਮ ਹੋਣ ਤੋਂ ਪਹਿਲਾਂ ਰਿਲੀਜ਼ ਕੀਤਾ ਜਾਂਦਾ ਹੈ ਤਾਂ ਪੀ. ਸੀ. ਬੀ. ਨੂੰ ਉਸ ਨੂੰ ਛੇ ਮਹੀਨੇ ਦੀ ਤਨਖਾਹ ਦਾ ਮੁਆਵਜ਼ਾ ਦੇਣਾ ਪਵੇਗਾ। ਇਹ ਰਕਮ ਲੱਗਭਗ 45 ਕਰੋੜ ਪਾਕਿਸਤਾਨੀ ਰੁਪਏ (13.60 ਕਰੋੜ ਭਾਰਤੀ ਰੁਪਏ) ਹੈ।
ਇਸ ਸੂਤਰ ਨੇ ਕਿਹਾ, ‘‘ਇਹ ਹੀ ਕਾਰਨ ਹੈ ਕਿ ਪੀ. ਸੀ. ਬੀ. ਨੇ ਹਾਲ ਹੀ ਵਿਚ ਉਸ ਨੂੰ ਰਾਸ਼ਟਰੀ ਟੈਸਟ ਟੀਮ ਦਾ ਅੰਤ੍ਰਿਮ ਮੁੱਖ ਕੋਚ ਨਿਯੁਕਤ ਕੀਤਾ ਹੈ। ਮਹਿਮੂਦ ਦਾ ਕਰਾਰ ਅਗਲੇ ਸਾਲ ਅਪ੍ਰੈਲ-ਮਈ ਵਿਚ ਖਤਮ ਹੋ ਰਿਹਾ ਹੈ।’’
ਉਸ ਨੇ ਦੱਸਿਆ ਕਿ ਪੀ. ਸੀ. ਬੀ. ਇਸ ਸਾਬਕਾ ਆਲਰਾਊਂਡਰ ਨੂੰ ਪ੍ਰਤੀ ਮਹੀਨਾ ਲੱਗਭਗ 75 ਲੱਖ ਪਾਕਿਸਤਾਨੀ ਰੁਪਏ ਦੀ ਤਨਖਾਹ ਦੇ ਰਿਹਾ ਹੈ। ਸੂਤਰ ਨੇ ਕਿਹਾ ਕਿ ਇਹ ਸਮੱਸਿਆ ਤਦ ਸਾਹਮਣੇ ਆਈ ਜਦੋਂ ਹਾਲ ਹੀ ਵਿਚ ਨਿਯੁਕਤ ਸੀਮਤ ਓਵਰਾਂ ਦੇ ਮੁੱਖ ਕੋਚ ਮਾਈਕ ਹੇਸਨ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਸ ਨੂੰ ਆਪਣੇ ਮੁਤਾਬਕ ਸਪੋਰਟ ਸਟਾਫ ਚਾਹੀਦਾ ਹੈ ਤੇ ਮਹਿਮੂਦ ਉਸਦੀ ਪਸੰਦ ਵਿਚ ਸ਼ਾਮਲ ਨਹੀਂ ਹੈ।
ਉਸ ਨੇ ਕਿਹਾ, ‘‘ਇਸ ਨਾਲ ਪੀ. ਸੀ. ਬੀ. ਦੇ ਸਾਹਮਣੇ ਇਹ ਵੱਡੀ ਸਮੱਸਿਆ ਆ ਗਈ ਹੈ ਕਿ ਮਹਿਮੂਦ ਦੀ ਵਿਸ਼ੇਸ਼ਤਾ ਦਾ ਉਪਯੋਗ ਕਿਵੇਂ ਕੀਤਾ ਜਾ ਸਕੇ। ਬੋਰਡ ਉਸ ਨੂੰ 6 ਮਹੀਨੇ ਦੀ ਤਨਖਾਹ ਦੇ ਨਾਲ ਕੰਮ ਤੋਂ ਮੁਕਤ ਨਹੀਂ ਕਰਨਾ ਚਾਹੁੰਦਾ ਸੀ।’’
ਬੋਰਡ ਵਿਚ ਜਿਸ ਤਰ੍ਹਾਂ ਨਾਲ ਕੰਮ ਹੋ ਰਿਹਾ ਹੈ, ਉਸ ਤੋਂ ਅਜ਼ਹਰ ਖੁਦ ਵੀ ਖੁਸ਼ ਨਹੀਂ ਹੈ। ਉਸ ਨੇ ਰਾਸ਼ਟਰੀ ਜੂਨੀਅਰ ਟੀਮ ਦੀ ਜ਼ਿੰਮੇਵਾਰੀ ਦੇਣ ਦਾ ਅਪੀਲ ਕੀਤੀ ਸੀ ਪਰ ਉਸ ਨੇ ਪੀ. ਸੀ. ਬੀ. ਦੇ ਕੁਝ ਅੰਦਰੂਨੀ ਸੂਤਰਾਂ ਤੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਸੂਤਰ ਨੇ ਦੱਸਿਆ ਕਿ ਪੀ. ਸੀ. ਬੀ. ਨੂੰ ਚੈਂਪੀਅਨਜ਼ ਕੱਪ ਆਯੋਜਨਾਂ ਵਿਚ ਘਰੇਲੂ ਟੀਮਾਂ ਦੇ ਮੈਂਟਰ ਦੇ ਰੂਪ ਵਿਚ ਵਕਾਰ ਯੂਨਿਸ, ਸਕਲੈਨ ਮੁਸ਼ਤਾਕ, ਮਿਸਬਾਹ ਉਲ ਹੱਕ ਤੇ ਸਰਫਰਾਜ਼ ਅਹਿਮਦ ਨੂੰ ਉਨ੍ਹਾਂ ਦੇ ਕਰਾਰਾਂ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਵੀ ਵਿੱਤੀ ਦੇਣਦਾਰੀਆਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਟੂਰਨਾਮੈਂਟ ਨੂੰ ਹਾਲਾਂਕਿ ਸਿਰਫ ਇਕ ਸੈਸ਼ਨ ਤੋਂ ਬਾਅਦ ਰੱਦ ਕਰ ਦਿੱਤਾ ਗਿਆ।