ਪਹਿਲਵਾਨਾਂ ਲਈ ਇਨਸਾਫ ਚਾਹੁੰਦੇ ਹਾਂ ਪਰ ਕਾਨੂੰਨੀ ਪ੍ਰਕਿਰਿਆ ਰਾਹੀਂ : ਅਨੁਰਾਗ ਠਾਕੁਰ

Friday, Jun 02, 2023 - 04:20 PM (IST)

ਪਹਿਲਵਾਨਾਂ ਲਈ ਇਨਸਾਫ ਚਾਹੁੰਦੇ ਹਾਂ ਪਰ ਕਾਨੂੰਨੀ ਪ੍ਰਕਿਰਿਆ ਰਾਹੀਂ : ਅਨੁਰਾਗ ਠਾਕੁਰ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਰ ਕੋਈ ਚਾਹੁੰਦਾ ਹੈ, ਭਾਰਤੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਧਰਨੇ 'ਤੇ ਬੈਠੇ ਪਹਿਲਵਾਨਾਂ ਨੂੰ ਇਨਸਾਫ ਮਿਲੇ ਪਰ ਇਹ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਦੇ ਬਾਅਦ ਸੰਭਵ ਹੈ। ਠਾਕੁਰ ਦੇ ਇਸ ਬਿਆਨ ਤੋਂ 2 ਦਿਨ ਪਹਿਲਾਂ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਧਰਨੇ 'ਤੇ ਬੈਠੇ ਚੋਟੀ ਦੇ ਪਹਿਲਵਾਨਾਂ ਨੇ ਹਰਿਦੁਆਰ ਦੀ ਗੰਗਾ ਨਦੀ ਵਿੱਚ ਆਪਣੇ ਤਮਗੇ ਸੁੱਟਣ ਦੀ ਧਮਕੀ ਦਿੱਤੀ ਸੀ।

ਠਾਕੁਰ ਨੇ ਟਾਈਮਜ਼ ਨੈੱਟਵਰਕ ਵੱਲੋਂ ਆਯੋਜਿਤ ਆਰਥਿਕ ਕਾਨਫਰੰਸ ਵਿੱਚ ਇੱਕ ਸਵਾਲ-ਜਵਾਬ ਸੈਸ਼ਨ ਵਿੱਚ ਕਿਹਾ ਕਿ ਸਰਕਾਰ ਵੀ ਨਿਰਪੱਖ ਜਾਂਚ ਚਾਹੁੰਦੀ ਹੈ। ਅਸੀਂ ਸਾਰੇ ਚਾਹੁੰਦੇ ਹਾਂ ਕਿ ਇਨਸਾਫ਼ ਮਿਲੇ ਪਰ ਇਸ ਲਈ ਸਾਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਦਾ ਇੰਤਜ਼ਾਰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਜੋ ਕਿ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਤੇ ਸਰਕਾਰ ਵੱਲੋਂ ਨਿਯੁਕਤ ਕਮੇਟੀ ਦੀ ਰਿਪੋਰਟ ਤੋਂ ਬਾਅਦ ਦਰਜ ਕੀਤਾ ਗਿਆ ਸੀ। ਇਹ ਪੁੱਛੇ ਜਾਣ 'ਤੇ ਕਿ ਕੀ ਦੋਸ਼ੀ ਭਾਜਪਾ ਦੇ ਸੰਸਦ ਮੈਂਬਰ ਹੋਣ ਕਾਰਨ ਕਾਰਵਾਈ 'ਚ ਦੇਰੀ ਹੋ ਰਹੀ ਹੈ, ਉਨ੍ਹਾਂ ਕਿਹਾ ਕਿ ਪੱਖਪਾਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅਸੀਂ ਸਾਰੇ ਜਾਂਚ ਜਲਦੀ ਮੁਕੰਮਲ ਹੋਣ ਦੇ ਹੱਕ ਵਿੱਚ ਹਾਂ।

ਠਾਕੁਰ ਨੇ ਕਿਹਾ ਕਿ ਸਰਕਾਰ ਨੇ ਪਹਿਲਵਾਨਾਂ ਦੀ ਹਰ ਗੱਲ ਮੰਨੀ ਅਤੇ ਦੋਸ਼ਾਂ ਦੀ ਜਾਂਚ ਲਈ ਇਕ ਕਮੇਟੀ ਵੀ ਬਣਾਈ, ਜਿਸ ਵਿਚ ਉਨ੍ਹਾਂ ਦੇ ਕਹਿਣ 'ਤੇ ਮੈਂਬਰ ਸ਼ਾਮਲ ਕੀਤੇ ਗਏ। ਇਸ ਤੋਂ ਇਲਾਵਾ, ਭਾਰਤੀ ਓਲੰਪਿਕ ਸੰਘ ਨੇ WFI ਦੇ ਮਾਮਲਿਆਂ ਦਾ ਪ੍ਰਬੰਧਨ ਕਰਨ ਲਈ ਪ੍ਰਸ਼ਾਸਕਾਂ ਦੀ ਕਮੇਟੀ ਦਾ ਗਠਨ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਕੋਈ ਖਿਡਾਰੀ ਹੋਵੇ ਜਾਂ ਔਰਤ, ਜੇਕਰ ਕੋਈ ਅੱਤਿਆਚਾਰ ਹੋਇਆ ਹੈ ਤਾਂ ਉਸ ਨੂੰ ਜਲਦੀ ਇਨਸਾਫ਼ ਮਿਲਣਾ ਚਾਹੀਦਾ ਹੈ। ਪਹਿਲਵਾਨਾਂ ਦਾ ਮਾਮਲਾ 7 ਸਾਲ ਪੁਰਾਣਾ ਹੈ ਅਤੇ ਜਨਵਰੀ ਵਿੱਚ ਅਸੀਂ ਉਨ੍ਹਾਂ ਨੂੰ ਪੁੱਛਿਆ ਸੀ ਕਿ ਕੋਈ ਐੱਫ.ਆਈ.ਆਰ. ਦਰਜ ਕਰਨੀ ਹੈ ਤਾਂ ਉਨ੍ਹਾਂ ਕਿਹਾ ਸੀ ਕਿ ਉਹ ਸਿਰਫ਼ ਸਰਕਾਰ ਦਾ ਦਖ਼ਲ ਚਾਹੁੰਦੇ ਹਨ।


author

cherry

Content Editor

Related News