ਵਿਸ਼ਵਮਿੱਤਰ ਚੋਂਗਥਾਮ ਨੇ ਏਸ਼ੀਆਈ ਜੂਨੀਅਰ ਮੁੱਕੇਬਾਜ਼ੀ ’ਚ ਜਿੱਤਿਆ ਸੋਨ ਤਮਗਾ

08/30/2021 6:16:53 PM

ਨਵੀਂ ਦਿੱਲੀ (ਭਾਸ਼ਾ)-ਵਿਸ਼ਵ ਜੂਨੀਅਰ ਕਾਂਸੀ ਤਮਗਾ ਜੇਤੂ ਵਿਸ਼ਵਮਿੱਤਰ ਚੋਂਗਥਾਮ (51 ਕਿਲੋਗ੍ਰਾਮ) ਨੇ ਦੁਬਈ ’ਚ ਏਸ਼ੀਆਈ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤ ਕੇ ਭਾਰਤ ਦਾ ਦਬਦਬਾ ਕਾਇਮ ਰੱਖਿਆ। ਚੋਂਗਥਾਮ ਨੇ ਉਜ਼ਬੇਕਿਸਤਾਨ ਦੇ ਕੁਜ਼ਿਬੋਏਵ ਅਹਿਮਦਜੋਨ ਨੂੰ 4-1 ਨਾਲ ਹਰਾਇਆ। ਉਥੇ ਹੀ ਵਿਸ਼ਵਨਾਥ ਸੁਰੇਸ਼ (48 ਕਿਲੋਗ੍ਰਾਮ) ਨੂੰ ਚਾਂਦੀ ਤਮਗੇ ਨਾਲ ਸੰਤੁਸ਼ਟ ਰਹਿਣਾ ਪਿਆ, ਜੋ ਕਜ਼ਾਖ਼ਸਤਾਨ ਦੇ ਮੌਜੂਦਾ ਜੂਨੀਅਰ ਵਿਸ਼ਵ ਚੈਂਪੀਅਨ ਸੰਜਾਰ ਤਾਸ਼ਕੇਂਬੇ ਤੋਂ 0-5 ਨਾਲ ਹਾਰ ਗਿਆ। ਇਸ ਤੋਂ ਪਹਿਲਾਂ ਏਸ਼ੀਆਈ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਅੱਠ ਸੋਨ ਤਮਗੇ ਜਿੱਤ ਕੇ ਆਪਣੀ ਮੁਹਿੰਮ ਦੀ ਖਤਮ ਕੀਤੀ ਸੀ। ਇਨ੍ਹਾਂ ’ਚੋਂ ਛੇ ਸੋਨ ਤਮਗੇ ਲੜਕੀਆਂ ਨੇ ਜਿੱਤੇ।

ਇਹ ਵੀ ਪੜ੍ਹੋ : Tokyo Paralympics : ਸੁਮਿਤ ਅੰਤਿਲ ਨੇ ਜੈਵਲਿਨ ਥ੍ਰੋਅ ’ਚ ਭਾਰਤ ਦੀ ਝੋਲੀ ਪਾਇਆ ਸੋਨ ਤਮਗਾ

ਇਸ ਤੋਂ ਇਲਾਵਾ ਭਾਰਤ ਨੇ ਪੰਜ ਚਾਂਦੀ ਅਤੇ ਛੇ ਕਾਂਸੀ ਤਮਗੇ ਵੀ ਜਿੱਤੇ। ਭਾਰਤ ਦੀਆਂ ਛੇ ਲੜਕੀਆਂ ਫਾਈਨਲ ’ਚ ਪਹੁੰਚੀਆਂ ਸਨ, ਜਿਨ੍ਹਾਂ ’ਚੋਂ ਛੇ ਨੇ ਸੋਨ ਤਮਗੇ ਜਿੱਤੇ, ਜਦਕਿ ਚਾਰ ਹੋਰਾਂ ਨੇ ਚਾਂਦੀ ਤਮਗੇ ਹਾਸਲ ਕੀਤੇ। ਲੜਕਿਆਂ ਦੇ ਵਰਗ ’ਚ ਤਿੰਨ ਭਾਰਤੀ ਫਾਈਨਲ ’ਚ ਪਹੁੰਚੇ ਸਨ, ਜਿਨ੍ਹਾਂ ’ਚੋਂ ਦੋ ਨੇ ਸੋਨ ਤਮਗੇ ਜਿੱਤੇ। ਭਾਰਤ ਨੇ ਕਜ਼ਾਖ਼ਸਤਾਨ ਦੇ ਬਰਾਬਰ ਸੋਨ ਤਮਗੇ ਜਿੱਤੇ। ਉਜ਼ਬੇਕਿਸਤਾਨ ਨੌਂ ਸੋਨ ਤਮਗਿਆਂ ਨਾਲ ਚੋਟੀ ’ਤੇ ਹੈ। ਰਾਸ਼ਟਰੀ ਚੈਂਪੀਅਨ ਰੋਹਿਤ ਚਮੋਲੀ (48 ਕਿਲੋਗ੍ਰਾਮ) ਅਤੇ ਭਰਤ ਜੂਨ (81 ਕਿਲੋਗ੍ਰਾਮ ਤੋਂ ਉੱਪਰ) ਨੇ ਲੜਕਿਆਂ ਦੇ ਵਰਗ ਵਿੱਚ ਸੋਨ ਤਮਗੇ ਜਿੱਤ ਕੇ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਲੜਕੀਆਂ ਦੇ ਵਰਗ ’ਚ ਵਿਸ਼ੂ ਰਾਠੀ (48 ਕਿਲੋਗ੍ਰਾਮ), ਤਨੂ (52 ਕਿਲੋਗ੍ਰਾਮ), ਨਿਕਿਤਾ ਚੰਦ (60 ਕਿਲੋਗ੍ਰਾਮ), ਮਾਹੀ ਰਾਘਵ (63 ਕਿਲੋਗ੍ਰਾਮ), ਪ੍ਰਾਂਜਲ ਯਾਦਵ (75 ਕਿਲੋਗ੍ਰਾਮ) ਅਤੇ ਕੀਰਤੀ (81 ਕਿਲੋਗ੍ਰਾਮ ਤੋਂ ਉੱਪਰ) ਨੇ ਤਮਗੇ ਜਿੱਤੇ।ਕੀਰਤੀ ਨੇ ਕਜ਼ਾਖਸਤਾਨ ਦੀ ਸ਼ੁਗਲਿਆ ਰੀਸਬੇਕ ਨੂੰ 4-1 ਨਾਲ ਹਰਾਇਆ, ਜਦਕਿ ਮਾਹੀ ਰਾਘਵ ਨੇ ਕਜ਼ਾਖਸਤਾਨ ਦੇ ਅਲਜੀਰੀਮ ਕਬਡੋਲਦਾ ਨੂੰ 3-2 ਨਾਲ ਹਰਾਇਆ।

ਨਿਕਿਤਾ ਨੇ ਕਜ਼ਾਖਸਤਾਨ ਦੇ ਅਸੇਮ ਤਾਨਤਾਰ ਨੂੰ ਹਰਾਇਆ, ਜਦਕਿ ਪ੍ਰਾਂਜਲ ਨੇ ਕਜ਼ਾਖਸਤਾਨ ਦੇ ਅਖਜਾਨ ਨੂੰ 4-1 ਨਾਲ ਹਰਾਇਆ। ਰੁਦ੍ਰਿਕਾ (70 ਕਿਲੋਗ੍ਰਾਮ) ਉਜ਼ਬੇਕਿਸਤਾਨ ਦੀ ਓਇਸ਼ਾ ਤੇਰੋਵਾ ਤੋਂ 1-4 ਅਤੇ ਸੰਜਨਾ (81 ਕਿਲੋਗ੍ਰਾਮ) ਕਜ਼ਾਖਸਤਾਨ ਦੀ ਉਮਿਤ ਅਹਿਲਕਾਇਰ ਤੋਂ 0-5 ਨਾਲ ਹਾਰ ਗਈ। ਆਂਚਲ ਸੈਣੀ (57 ਕਿਲੋਗ੍ਰਾਮ) ਨੂੰ ਵੀ ਕਜ਼ਾਕਿਸਤਾਨ ਦੀ ਉਜਝਾਨ ਸਰਸੇਨਬੇ ਤੋਂ ਹਾਰ ਕੇ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਭਾਰਤ ਲਈ ਦੇਵਿਕਾ ਘੋਰਪੜੇ (50 ਕਿਲੋਗ੍ਰਾਮ), ਆਰਜ਼ੂ (54 ਕਿਲੋਗ੍ਰਾਮ) ਅਤੇ ਸੁਪ੍ਰਿਆ ਰਾਵਤ (66 ਕਿਲੋਗ੍ਰਾਮ) ਨੇ ਲੜਕੀਆਂ ਦੇ ਵਰਗ ਵਿੱਚ ਜਿੱਤ ਪ੍ਰਾਪਤ ਕੀਤੀ, ਜਦਕਿ ਆਸ਼ੀਸ਼ (54 ਕਿਲੋਗ੍ਰਾਮ), ਅੰਸ਼ੁਲ (57 ਕਿਲੋਗ੍ਰਾਮ) ਅਤੇ ਅੰਕੁਸ਼ (66 ਕਿਲੋਗ੍ਰਾਮ) ਨੇ ਲੜਕਿਆਂ ਦੇ ਵਰਗ ’ਚ ਕਾਂਸੀ ਤਮਗੇ ਜਿੱਤੇ। ਪਿਛਲੀ ਏਸ਼ੀਆਈ ਜੂਨੀਅਰ ਚੈਂਪੀਅਨਸ਼ਿਪ 2019 ’ਚ ਭਾਰਤ 21 ਤਮਗੇ (ਛੇ ਸੋਨ, ਨੌਂ ਚਾਂਦੀ ਅਤੇ ਛੇ ਕਾਂਸੀ) ਨਾਲ ਤੀਜੇ ਸਥਾਨ ’ਤੇ ਰਿਹਾ।
 


Manoj

Content Editor

Related News