IPL 2021 : ਸਹਿਵਾਗ ਨੇ ਕੀਤੀ ਪਿ੍ਰਥਵੀ ਸ਼ਾਹ ਦੀ ਸ਼ਲਾਘਾ, ਕਿਹਾ- ਆਪਣੇ ਕਰੀਅਰ ’ਚ ਨਹੀਂ ਕਰ ਸਕਿਆ ਇਹ ਕੰਮ

Friday, Apr 30, 2021 - 05:02 PM (IST)

IPL 2021 : ਸਹਿਵਾਗ ਨੇ ਕੀਤੀ ਪਿ੍ਰਥਵੀ ਸ਼ਾਹ ਦੀ ਸ਼ਲਾਘਾ, ਕਿਹਾ- ਆਪਣੇ ਕਰੀਅਰ ’ਚ ਨਹੀਂ ਕਰ ਸਕਿਆ ਇਹ ਕੰਮ

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ ( ਆਈ. ਪੀ. ਐੱਲ.) 2021 ਦਾ 25ਵਾਂ ਮੁਕਾਬਲਾ ਵੀਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਤੇ ਦਿੱਲੀ ਕੈਪੀਟਲਸ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਗਿਆ। ਦਿੱਲੀ ਕੈਪੀਟਲਸ ਨੇ 155 ਦੌੜਾਂ ਦਾ ਟੀਚਾ 16.3 ਓਵਰ ’ਚ 3 ਵਿਕਟ ਗੁਆ ਕੇ ਹਾਸਲ ਕਰ ਲਿਆ। ਦਿੱਲੀ ਵੱਲੋਂ ਪਿ੍ਰਥਵੀ ਸ਼ਾਹ ਨੇ 41 ਗੇਂਦ ’ਚ 82 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਪਿ੍ਰਥਵੀ ਸ਼ਾਹ ਦੀ ਕੇ. ਕੇ. ਆਰ. ਖ਼ਿਲਾਫ਼ ਖੇਡੀ ਗਈ ਪਾਰੀ ਦੇ ਲਈ ਰੱਜ ਕੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪਣੇ ਪੂਰੇ ਕਰੀਅਰ ’ਚ ਲਗਾਤਾਰ 6 ਗੇਂਦ ’ਚ ਬਾਊਂਡਰੀ ਨਹੀਂ ਲਾ ਸਕੇ।
ਇਹ ਵੀ ਪੜ੍ਹੋ : ਇਕ ਓਵਰ ’ਚ 6 ਚੌਕੇ ਪੈਣ ’ਤੇ ਸ਼ਿਵਮ ਮਾਵੀ ਨੇ ਫੜੀ ਪਿ੍ਰਥਵੀ ਸ਼ਾਹ ਦੀ ਗਰਦਨ, ਵਾਇਰਲ ਹੋਇਆ ਵੀਡੀਓ

ਵੀਰਵਾਰ ਨੂੰ ਖੇਡੇ ਗਏ ਮੈਚ ’ਚ ਪਿ੍ਰਥਵੀ ਸ਼ਾਹ ਨੇ ਪਾਰੀ ਦੇ ਪਹਿਲੇ ਓਵਰ ’ਚ ਕੇ. ਕੇ. ਆਰ. ਦੇ ਸ਼ਿਵਮ ਮਾਵੀ ਦੀ 6 ਗੇਂਦ ’ਤੇ 6 ਚੌਕੇ ਲਾਏ। ਇਸ ਦੇ ਨਾਲ ਹੀ ਉਹ ਆਈ. ਪੀ. ਐੱਲ. ਇਤਿਹਾਸ ਦੇ ਪਹਿਲੇ ਓਵਰ ’ਚ 6 ਚੌਕੇ ਲਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਸਹਿਵਾਗ ਨੇ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ਕਿ ਮੈਂ ਜਦੋਂ ਕ੍ਰਿਕਟ ਖੇਡ ਰਿਹਾ ਸੀ ਤਾਂ ਅਕਸਰ ਪਾਰੀ ਦੀ ਸ਼ੁਰੂਆਤ ਕਰਦੇ ਸਮੇਂ ਇਹ ਸੋਚਦਾ ਸੀ ਕਿ ਓਵਰ ਦੀਆਂ ਸਾਰੀਆਂ ਗੇਂਦਾਂ ’ਚ ਚੌਕੇ ਮਾਰਾਂ। ਪਰ ਜੋ ਪਿ੍ਰਥਵੀ ਨੇ ਕੇ. ਕੇ. ਆਰ. ਲਈ ਕੀਤਾ ਹੈ, ਉਹ ਕਦੀ ਵੀ ਨਹੀਂ ਕਰ ਸਕਿਆ।

PunjabKesariਸਹਿਵਾਗ ਨੇ ਅੱਗੇ ਕਿਹਾ ਕਿ ਸਾਰੀਆਂ 6 ਗੇਂਦਾਂ ’ਤੇ 6 ਚੌਕੇ ਲਾਉਣ ਦਾ ਮਤਲਬ ਹੈ ਕਿ ਹਰ ਗੇਂਦ ਨੂੰ ਸਹੀ ਗੈਪ ’ਚ ਖੇਡਣਾ, ਜੋ ਸੌਖਾ ਨਹੀਂ ਹੈ। ਮੈਂ ਆਪਣੇ ਕਰੀਅਰ ’ਚ ਓਪਨਿੰਗ ਕੀਤੀ ਹੈ ਤੇ ਕਈ ਵਾਰ ਸਾਰੀਆਂ 6 ਗੇਂਦਾਂ ਨੂੰ ਮਾਰਨ ਦੇ ਬਾਰੇ ’ਚ ਸੋਚਿਆ ਸੀ ਪਰ ਮੈਂ ਜ਼ਿਆਦਾ ਤੋਂ ਜ਼ਿਆਦਾ ਓਵਰ ’ਚ 18 ਜਾਂ 20 ਦੌੜਾਂ ਹੀ ਬਣਾ ਸਕਿਆ। ਮੈਂ 6 ਚੌਕੇ ਤੇ 6 ਛੱਕੇ ਨਹੀਂ ਨਹੀਂ ਲਾ ਸਕਿਆ। ਇਸ ਦੇ ਲਈ ਤੁਹਾਡੀ ਸ਼ਾਟ ਖੇਡਣ ਦੀ ਟਾਈਮਿੰਗ ਦਾ ਸਹੀ ਹੋਣਾ ਜ਼ਰੂਰੀ ਹੈ ਤਾਂ ਜੋ ਤੁਸੀਂ ਗੈਪ ਲੱਭ ਸਕੋ।
ਇਹ ਵੀ ਪੜ੍ਹੋ : ਅੱਜ ਬੈਂਗਲੁਰੂ ਦਾ ਸਾਹਮਣਾ ਪੰਜਾਬ ਨਾਲ, ਜਾਣੋ ਕੌਣ ਕਿਸ ’ਤੇ ਹੈ ਭਾਰੀ, ਪਿੱਚ ਤੇ ਪਲੇਇੰਗ XI ਬਾਰੇ

ਉਨ੍ਹਾਂ ਕਿਹਾ ਕਿ ਪਿ੍ਰਥਵੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਅਜਿਹਾ ਲੱਗਾ ਹੀ ਨਹੀਂ ਕਿ ਉਹ ਕ੍ਰਿਕਟ ਖੇਡਣ ਆਇਆ ਹੈ। ਸ਼ਾਹ ਅਸਲ ’ਚ ਜਾਣਦਾ ਸੀ ਕਿ ਗੇਂਦਬਾਜ਼ ਅਸਲ ’ਚ ਕਿੱਥੋੋਂ ਗੇਂਦਬਾਜ਼ੀ ਕਰੇਗਾ। ਮੈਂ ਆਸ਼ੀਸ਼ ਨਹਿਰਾ ਦੇ ਖ਼ਿਲਾਫ਼ ਨੈੱਟਸ, ਘਰੇਲੂ ਮੈਚ ’ਚ ਕਈ ਵਾਰ ਬੱਲੇਬਾਜ਼ੀ ਕੀਤੀ ਹੈ, ਪਰ ਉਨ੍ਹਾਂ ਖ਼ਿਲਾਫ਼ ਵੀ ਇਕ ਓਵਰ ’ਚ 6 ਚੌਕੇ ਨਹੀਂ ਲਗਾ ਸਕਿਆ ਹਾਂ। ਪਿ੍ਰਥਵੀ ਸ਼ਾਹ ਨੂੰ ਉਨ੍ਹਾਂ ਦੀ ਸ਼ਾਨਦਾਰ ਪਾਰੀ ਲਈ ਸਲਾਮ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News