ਵਿਰਾਟ ਕੋਹਲੀ ਦਾ 43ਵਾਂ ਸੈਂਕੜਾ, ਤੋੜਿਆ ਸਚਿਨ ਅਤੇ ਹੇਡਨ ਦਾ ਰਿਕਾਰਡ
Thursday, Aug 15, 2019 - 11:30 AM (IST)

ਸਪੋਰਟਸ ਡੈਸਕ— ਭਾਰਤੀ ਟੀਮ ਨੇ ਬੀਤੇ ਦਿਨ ਬੁੱਧਵਾਰ ਨੂੰ ਤੀਜੇ ਮੁਕਾਬਲੇ 'ਚ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ 2-0 ਨਾਲ ਆਪਣੇ ਨਾਂ ਕਰ ਲਈ। ਜਿੱਤ ਦੇ ਹੀਰੋ ਰਹੇ ਵਿਰਾਟ ਨੇ 99 ਗੇਂਦਾਂ 'ਚ 14 ਚੌਕਿਆਂ ਦੀ ਮਦਦ ਨਾਲ ਅਜੇਤੂ 114 ਦੌੜਾਂ ਦੀ ਪਾਰੀ ਖੇਡੀ, ਜਦ ਕਿ ਸ਼੍ਰੇਅਸ ਅਈਯਰ ਨੇ 41 ਗੇਂਦਾਂ 'ਚ 65 ਦੌੜਾਂ ਬਣਾਈਆਂ। ਸੈਂਕੜੇ ਵਾਲੀ ਪਾਰੀ ਦੇ ਦੌਰਾਨ ਵਿਰਾਟ ਦੇ ਨਾਂ ਕਈ ਰਿਕਾਰਡ ਦਰਜ ਹੋਏ।
ਵੈਸਟਇੰਡੀਜ਼ ਖਿਲਾਫ 9ਵਾਂ ਸੈਂਕੜਾ
ਵਿਰਾਟ ਕੋਹਲੀ ਦਾ ਇਹ ਵੈਸਟਇੰਡੀਜ਼ ਖਿਲਾਫ ਵਨ-ਡੇ ਕ੍ਰਿਕਟ 'ਚ 9ਵਾਂ ਸੈਂਕੜਾ ਰਿਹਾ। ਕਿਸੇ ਇਕ ਟੀਮ ਖਿਲਾਫ ਵਨ-ਡੇ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ 'ਚ ਭਾਰਤੀ ਕਪਤਾਨ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ ਬਰਾਬਰੀ ਕੀਤੀ।
9 ਸੈਂਕੜੇ : ਵਿਰਾਟ ਕੋਹਲੀ ਬਨਾਮ ਵੈਸਟ ਇੰਡੀਜ਼ (35 ਪਾਰੀ)
9 ਸੈਂਕੜੇ : ਸਚਿਨ ਤੇਂਦੁਲਕਰ ਬਨਾਮ ਆਸਟਰੇਲੀਆ (70 ਪਾਰੀ)
8 ਸੈਂਕੜੇ : ਵਿਰਾਟ ਕੋਹਲੀ ਬਨਾਮ ਆਸਟਰੇਲੀਆ (35 ਪਾਰੀ)
8 ਸੈਂਕੜੇ : ਵਿਰਾਟ ਕੋਹਲੀ ਬਨਾਮ ਸ਼੍ਰੀਲੰਕਾ (46 ਪਾਰੀ)
8 ਸੈਂਕੜੇ : ਸਚਿਨ ਤੇਂਦੁਲਕਰ ਬਨਾਮ ਸ਼੍ਰੀਲੰਕਾ (80 ਪਾਰੀ)
ਕਪਤਾਨ ਦੇ ਤੌਰ 'ਤੇ 21ਵਾਂ ਸੈਂਕੜਾ
ਵਨ-ਡੇ 'ਚ ਬਤੌਰ ਕਪਤਾਨ ਵਿਰਾਟ ਕੋਹਲੀ ਦਾ ਇਹ 21ਵਾਂ ਸੈਂਕੜਾ ਰਿਹਾ। ਕਪਤਾਨ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ 'ਚ ਉਹ ਦੂਜੇ ਨੰਬਰ 'ਤੇ ਹਨ। ਆਸਟਰੇਲੀਆਈ ਕਪਤਾਨ ਰਿਕੀ ਪੋਂਟਿੰਗ ਹੀ ਉਨ੍ਹਾਂ ਤੋਂ ਅੱਗੇ ਹਨ।
22 ਸੈਂਕੜੇ : ਰਿਕੀ ਪੋਂਟਿੰਗ (220 ਪਾਰੀ)
21 ਸੈਂਕੜੇ : ਵਿਰਾਟ ਕੋਹਲੀ (76 ਪਾਰੀ)
ਕੈਰੇਬੀਆਈ ਧਰਤੀ 'ਤੇ ਸਭ ਤੋਂ ਜ਼ਿਆਦਾ ਸੈਂਕੜੇ
ਵਿਰਾਟ ਕੋਹਲੀ ਵੈਸਟਇੰਡੀਜ਼ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਵਿਦੇਸ਼ੀ ਖਿਡਾਰੀ ਬਣੇ। ਵਿਰਾਟ ਦਾ ਕੈਰੇਬੀਆਈ ਧਰਤੀ 'ਤੇ ਇਹ ਚੌਥਾ ਸੈਂਕੜਾ ਸੀ। ਉਨ੍ਹਾਂ ਨੇ ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਮੈਥਿਊ ਹੇਡਨ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ ਅਤੇ ਇੰਗਲੈਂਡ ਦੇ ਜੋ ਰੂਟ ਨੂੰ ਪਿੱਛੇ ਛੱਡ ਦਿੱਤਾ। ਇਨ੍ਹਾਂ ਤਿੰਨਾਂ ਬੱਲੇਬਾਜ਼ਾਂ ਦੇ ਨਾਂ 3-3 ਸੈਂਕੜੇ ਦਰਜ ਹਨ।
ਵਨ-ਡੇ ਕਰੀਅਰ ਦਾ 43ਵਾਂ ਸੈਂਕੜਾ
ਸੀਰੀਜ਼ 'ਚ ਉਨ੍ਹਾਂ ਦਾ ਇਹ ਲਗਾਤਾਰ ਦੂਜਾ ਸੈਂਕੜਾ ਰਿਹਾ, ਜਦ ਕਿ ਵਨ-ਡੇ ਕਰੀਅਰ ਦਾ 43ਵਾਂ ਸੈਂਕੜਾ ਰਿਹਾ। ਉਹ ਵਨ-ਡੇ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ 'ਚ ਸਚਿਨ ਤੋਂ ਸਿਰਫ 6 ਸੈਂਕੜੇ ਪਿੱਛੇ ਹਨ। ਸਚਿਨ ਦੇ ਨਾਂ ਵਨ-ਡੇ 'ਚ 49 ਸੈਂਕੜੇ ਹਨ।