ਵਿਰਾਟ ਕੋਹਲੀ ਫਿਰ ਚੁਣੇ ਗਏ ਦੇਸ਼ ਦੇ ਮਸ਼ਹੂਰ ਸੈਲੀਬ੍ਰਿਟੀ ਬ੍ਰਾਂਡ, ਰਣਵੀਰ ਸਿੰਘ ਨੇ ਅਕਸ਼ੈ ਨੂੰ ਪਛਾੜਿਆ

Wednesday, Mar 30, 2022 - 12:52 PM (IST)

ਵਿਰਾਟ ਕੋਹਲੀ ਫਿਰ ਚੁਣੇ ਗਏ ਦੇਸ਼ ਦੇ ਮਸ਼ਹੂਰ ਸੈਲੀਬ੍ਰਿਟੀ ਬ੍ਰਾਂਡ, ਰਣਵੀਰ ਸਿੰਘ ਨੇ ਅਕਸ਼ੈ ਨੂੰ ਪਛਾੜਿਆ

ਮੁੰਬਈ (ਭਾਸ਼ਾ)- ਕ੍ਰਿਕਟਰ ਵਿਰਾਟ ਕੋਹਲੀ ਨੇ ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ ਛੱਡਣ ਅਤੇ ਸਾਲ ਭਰ ਵਿਚ ਆਪਣੀ ਹੈਸੀਅਤ ਵਿਚ ਗਿਰਾਵਟ ਦੇ ਬਾਵਜੂਦ ਦੇਸ਼ ਦੇ ਸਭ ਤੋਂ ਮਸ਼ਹੂਰ ਬ੍ਰਾਂਡ ਵਜੋਂ ਆਪਣਾ ਸਥਾਨ ਬਰਕਰਾਰ ਰੱਖਿਆ ਹੈ। ਸਲਾਹਕਾਰ ਫਰਮ ਡਫ ਐਂਡ ਫੇਲਪਸ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਹਲੀ ਦਾ ਬ੍ਰਾਂਡ ਮੁੱਲ ਸਾਲ 2021 ਵਿਚ ਡਿੱਗ ਕੇ 18.57 ਕਰੋੜ ਡਾਲਰ ਰਹਿ ਗਿਆ, ਜਦਕਿ ਸਾਲ 2020 ਵਿਚ ਇਹ 23.77 ਕਰੋੜ ਡਾਲਰ ਸੀ।

ਇਹ ਵੀ ਪੜ੍ਹੋ: ਹਾਰ ਤੋਂ ਬਾਅਦ ਸਨਰਾਈਜ਼ਰਜ਼ ਨੂੰ ਇਕ ਹੋਰ ਝਟਕਾ, ਕੈਪਟਨ ਕੇਨ ਵਿਲੀਅਮਸਨ ਨੂੰ ਲੱਗਾ 12 ਲੱਖ ਰੁਪਏ ਦਾ ਜੁਰਮਾਨਾ

ਵਿਰਾਟ ਤੋਂ ਬਾਅਦ ਦੂਜਾ ਸਥਾਨ ਅਭਿਨੇਤਾ ਰਣਵੀਰ ਸਿੰਘ ਦਾ ਹੈ, ਜਿਨ੍ਹਾਂ ਦਾ ਬ੍ਰਾਂਡ ਮੁੱਲ 15.83 ਕਰੋੜ ਡਾਲਰ ਹੈ। ਰਣਵੀਰ ਨੇ ਇਸ ਦੌਰਾਨ ਅਕਸ਼ੈ ਕੁਮਾਰ ਨੂੰ ਪਛਾੜ ਦਿੱਤਾ ਹੈ, ਜੋ ਹੁਣ 13.69 ਕਰੋੜ ਡਾਲਰ ਦੇ ਬ੍ਰਾਂਡ ਮੁੱਲ ਦੇ ਨਾਲ ਤੀਜੇ ਸਥਾਨ 'ਤੇ ਹਨ। ਅਭਿਨੇਤਰੀ ਆਲੀਆ ਭੱਟ ਇਸ ਸੂਚੀ ਵਿਚ ਚੌਥੇ ਸਥਾਨ 'ਤੇ ਹੈ, ਜਿਨ੍ਹਾਂ ਦਾ ਬ੍ਰਾਂਡ ਮੁੱਲ 6.81 ਕਰੋੜ ਡਾਲਰ ਹੈ। ਇਸ ਦੇ ਨਾਲ ਹੀ ਉਹ ਮਹਿਲਾ ਸੈਲੀਬ੍ਰਿਟੀਜ਼ 'ਚ ਸਭ ਤੋਂ ਅੱਗੇ ਹੈ। ਦੀਪਿਕਾ ਪਾਦੁਕੋਣ 5.16 ਕਰੋੜ ਡਾਲਰ ਦੇ ਬ੍ਰਾਂਡ ਮੁੱਲ ਦੇ ਨਾਲ ਸੂਚੀ ਵਿਚ 7ਵੇਂ ਸਥਾਨ 'ਤੇ ਹੈ।

ਇਹ ਵੀ ਪੜ੍ਹੋ: ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਤੋਂ ਪਹਿਲਾਂ ਵੈਸਟਇੰਡੀਜ਼ ਦੀ ਟੀਮ 'ਚ ਕੋਰੋਨਾ ਦੀ ਐਂਟਰੀ

ਸੈਲੀਬ੍ਰਿਟੀ ਬ੍ਰਾਂਡ ਸੂਚੀ ਤਿਆਰ ਕਰਨ ਵਾਲੀ ਫਰਮ ਡਫ ਐਂਡ ਫੇਲਪਸ ਦੇ ਮੈਨੇਜਿੰਗ ਡਾਇਰੈਕਟਰ ਅਵੀਰਲ ਜੈਨ ਨੇ ਕਿਹਾ ਕਿ ਇਸ ਸੂਚੀ ਵਿਚ ਫਿਲਮ ਉਦਯੋਗ ਨਾਲ ਜੁੜੀਆਂ ਸ਼ਖਸੀਅਤਾਂ ਦਾ ਦਬਦਬਾ ਹੈ ਪਰ ਕੋਹਲੀ, ਸਚਿਨ ਤੇਂਦੁਲਕਰ, ਰੋਹਿਤ ਸ਼ਰਮਾ ਅਤੇ ਪੀ.ਵੀ. ਸਿੰਧੂ ਵਰਗੇ ਖਿਡਾਰੀਆਂ ਦੀ ਵੀ ਇਸ ਵਿਚ ਮਜ਼ਬੂਤ ਮੌਜੂਦਗੀ ਹੈ। ਉਨ੍ਹਾਂ ਕਿਹਾ ਕਿ ਸਾਲ 2021 ਵਿਚ ਬ੍ਰਾਂਡ ਮੁੱਲ ਵਿਚ ਦਰਜ ਕੀਤੇ ਗਏ ਉਛਾਲ ਦੇ ਮਾਮਲੇ ਵਿਚ ਰਣਵੀਰ, ਆਲੀਆ ਅਤੇ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਅੱਗੇ ਰਹੇ ਹਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News