ਵਿਰਾਟ ਟੀ-20 ''ਚ ਰੈਨਾ ਨੂੰ ਪਿੱਛੇ ਛੱਡ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਕ੍ਰਿਕਟਰ ਬਣੇ
Monday, Aug 05, 2019 - 10:44 AM (IST)

ਸਪੋਰਟਸ ਡੈਸਕ— ਐਤਵਾਰ ਰਾਤ ਨੂੰ ਅਮਰੀਕਾ ਦੇ ਫਲੋਰਿਡਾ 'ਚ ਲਾਡਰਹਿਲ ਸਥਿਤ ਸੈਂਟਰਲ ਬ੍ਰੋਵਾਰਡ ਰੀਜ਼ਨਲ ਪਾਰਕ ਸਟੇਡੀਅਮ 'ਚ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਮੈਚ ਖੇਡਿਆ ਗਿਆ। ਟੀਮ ਇੰਡੀਆ ਨੇ ਵੈਸਟਇੰਡੀਜ਼ ਨੂੰ ਇਸ ਮੈਚ 'ਚ 22 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਭਾਰਤ ਨੇ 3 ਮੈਚਾਂ ਦੀ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ। ਇਹ ਮੈਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਲਈ ਬੇਹੱਦ ਖਾਸ ਰਿਹਾ।
ਉਨ੍ਹਾਂ ਨੇ ਇਸ ਮੈਚ 'ਚ 28 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਉਹ ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਬਣ ਗਏ। ਉਨ੍ਹਾਂ ਨੇ ਸੁਰੇਸ਼ ਰੈਨਾ ਦੇ 8392 ਦੀ ਦੌੜਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਕੋਹਲੀ ਨੇ ਸ਼ੇਲਡਨ ਕਾਟਰੇਲ ਦੀ ਗੇਂਦ 'ਤੇ ਸ਼ਾਟ ਲਗਾਕੇ ਲਗਾਤਾਰ ਇਹ ਉਪਲਬਧੀ ਹਾਸਲ ਕੀਤੀ ਹੈ। ਕੋਹਲੀ ਦੇ ਹੁਣ ਟੀ-20 ਕ੍ਰਿਕਟ 'ਚ 8416 ਦੌੜਾਂ ਹੋ ਗਈਆਂ ਹਨ। ਵਿਰਾਟ ਨੇ 268 ਮੈਚਾਂ ਦੀਆਂ 254 ਪਾਰੀਆਂ 'ਚ 40.46 ਦੀ ਔਸਤ ਅਤੇ 133.75 ਦੇ ਸਟ੍ਰਾਈਕ ਰੇਟ ਨਾਲ 8416 ਦੌੜਾਂ ਬਣਾਈਆਂ ਹਨ। ਇਸ 'ਚ ਉਨ੍ਹਾਂ ਦੇ ਪੰਜ ਸੈਂਕੜੇ ਸ਼ਾਮਲ ਹਨ। ਟੀ-20 'ਚ ਉਨ੍ਹਾਂ ਦਾ ਸਰਵਉੱਚ ਸਕੋਰ 113 ਦੌੜਾਂ ਹਨ।