ਖਰਾਬ ਪ੍ਰਦਰਸ਼ਨ ਕਾਰਨ ਕੋਹਲੀ ਨੇ ਬੱਲੇਬਾਜ਼ਾਂ ਨੂੰ ਲਿਆ ਲੰਮੇਂ ਹੱਥੀ
Tuesday, Dec 25, 2018 - 01:56 PM (IST)

ਮੈਲਬੋਰਨ : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਬੁੱਧਵਾਰ ਤੋਂ ਆਸਟਰੇਲੀਆ ਖਿਲਾਫ ਸ਼ੁਰੂ ਹੋ ਰਹੇ ਬਾਕਸਿੰਗ ਡੇ ਟੈਸਟ ਤੋਂ ਪਹਿਲਾਂ ਆਪਣੇ ਬੱਲੇਬਾਜ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਵਿਚ ਆਪਣਾ ਯੋਗਦਾਨ ਦੇਣ। ਪਰਥ ਦੇ ਚੁਣੌਤੀਪੂਰਨ ਵਿਕਟ 'ਤੇ ਕਪਤਾਨ ਕੋਹਲੀ ਨੇ ਸ਼ਾਨਦਾਰ ਸੈਂਕੜਾ ਲਗਾਇਆ ਸੀ ਜਦਕਿ ਚੇਤੇਸ਼ਵਰ ਪੁਜਾਰਾ ਨੇ ਐਡੀਲੇਡ ਵਿਚ ਭਾਰਤ ਦੀ ਜਿੱਤ ਵਿਚ ਮੁੱਖ ਭੂਮਿਕਾ ਨਿਭਾਈ ਸੀ ਪਰ ਹੋਰ ਬੱਲੇਬਾਜ਼ ਗੇਂਦਬਾਜ਼ੀ ਦੇ ਚੰਗੇ ਪ੍ਰਦਰਸ਼ਨ ਦੀ ਬਰਾਬਰੀ ਨਹੀਂ ਕਰ ਸਕੇ ਜਿਨ੍ਹਾਂ ਨੇ ਹੁਣ ਤੱਕ 4 ਪਾਰੀਆਂ ਵਿਚ 40 ਵਿਕਟਾਂ ਹਾਸਲ ਕੀਤੀਆਂ ਹਨ। ਕੋਹਲੀ ਨੇ ਤੀਜੇ ਟੈਸਟ ਤੋਂ ਇਕ ਦਿਨ ਪਹਿਲਾਂ ਕਿਹਾ, ''ਇਹ ਬੱਲੇਬਾਜ਼ਾਂ ਲਈ ਬੇਹੱਦ ਮਹੱਤਵਪੂਰਨ ਹੈ ਕਿ ਉਹ ਵੀ ਆਪਣੀ ਜ਼ਿੰਮੇਵਾਰੀ ਸਮਝਣ ਕਿਉਂਕਿ ਸਾਰੇ ਦੇਖ ਸਕਦੇ ਹਨ ਕਿ ਸਾਡੇ ਗੇਂਦਬਾਜ਼ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਅਸੀਂ ਜੋ ਸਕੋਰ ਬਣਾ ਰਹੇ ਹਾਂ ਉਸ ਦੇ ਨਾਲ ਗੇਂਦਬਾਜ਼ ਕੁਝ ਵੀ ਨਹੀਂ ਕਰ ਸਕਣਗੇ। ਜੇਕਰ ਅਸੀਂ ਬਾਅਦ ਵਿਚ ਬੱਲੇਬਾਜ਼ੀ ਕਰਦੇ ਹਾਂ ਤਾਂ ਬੜ੍ਹਤ ਬਣਾਉਣ ਜਾਂ ਵਿਰੋਧੀ ਟੀਮ ਦੇ ਸਕੋਰ ਦੇ ਕਰੀਬ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ। ਜੇਕਰ ਤੁਸੀਂ ਵੀ ਵੱਡਾ ਸਕੋਰ ਬਣਾਉਂਦੇ ਹੋ ਤਾਂ ਇਹ ਫਿਰ ਦੂਜਾ ਪਾਰੀ ਦਾ ਮੁਕਾਬਲਾ ਬਣ ਜਾਂਦਾ ਹੈ। ਜੇਕਰ ਤੁਸੀਂ ਪਹਿਲੀ ਪਾਰੀ ਵਿਚ ਬੜ੍ਹਤ ਬਣਾ ਲੈਂਦੇ ਹੋ ਤਾਂ ਇਸ ਦਾ ਫਾਇਦਾ ਚੁੱਕ ਸਕਦੇ ਹੋ।''
ਕੋਹਲੀ ਨੇ ਕਿਹਾ, '' ਬੱਲੇਬਾਜ਼ਾਂ ਨੂੰ ਸਮੂਹਿਕ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ। ਮੈਂ ਨਿਜੀ ਤੌਰ 'ਤੇ ਨਹੀਂ ਕਹਾਂਗਾ ਕਿ ਕਿਸੇ ਨੂੰ ਕੀ ਕਰਨ ਦੀ ਜ਼ਰੂਰਤ ਹੈ ਪਰ ਬੱਲੇਬਾਜ਼ੀ ਯੂਨਿਟ ਦੇ ਰੂਪ 'ਚ ਯਕੀਨੀ ਤੌਰ 'ਤੇ ਸਾਨੂੰ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ। ਭਾਰਤੀ ਕਪਤਾਨ ਨੇ ਹਾਲਾਂਕਿ ਸਾਫ ਕੀਤਾ ਹੈ ਕਿ ਮੈਲਬੋਰਨ ਟੈਸਟ 'ਤੇ ਉਨ੍ਹਾਂ ਦੀ ਐਡੀਲੇਡ ਟੈਸਟ ਵਿਚ ਜਿੱਤ ਜਾਂ ਪਰਥ ਟੈਸਟ ਵਿਚ ਹਾਰ ਦਾ ਕੋਈ ਅਸਰ ਨਹੀਂ ਪਵੇਗਾ। ਇਕ ਟੀਮ ਦੇ ਰੂਪ ਵਿਚ ਮੈਨੂੰ ਨਹੀਂ ਲਗਦਾ ਕਿ 2-0 ਨਾਲ ਅੱਗੇ ਹੋਣਾਂ, 0-2 ਨਾਲ ਪਛੜਨ ਜਾਂ 1-1 ਨਾਲ ਬਰਾਬਰ ਹੋਣ ਦਾ ਇਸ 'ਤੇ ਕੋਈ ਅਸਰ ਪੈਂਦਾ ਹੈ ਕਿ ਅਗਲੇ ਟੈਸਟ ਵਿਚ ਕੀ ਹੋਣਾ ਹੈ।''
ਨਾਥਨ ਲਿਓਨ ਨੇ ਹੁਣ ਤੱਕ 2 ਟੈਸਟਾਂ ਵਿਚ 16 ਵਿਕਟ ਹਾਸਲ ਕਰ ਕੇ ਭਾਰਤੀ ਬੱਲੇਬਾਜ਼ਾਂ ਨੂੰ ਕਾਫੀ ਪਰੇਸ਼ਾਨ ਕੀਤਾ ਹੈ ਅਤੇ ਕੋਹਲੀ ਨੇ ਇਸ ਆਫ ਸਪਿਨਰ ਦੀ ਰੱਜ ਕੇ ਸ਼ਲਾਘਾ ਕੀਤੀ। ਕੋਹਲੀ ਨੇ ਕਿਹਾ, ''ਲਿਓਨ ਕਾਫੀ ਚੰਗੇ ਗੇਂਦਬਾਜ਼ ਹਨ। ਉਹ ਲਗਾਤਾਰ ਚੰਗੇ ਖੇਤਰ ਵਿਚ ਗੇਂਦਬਾਜ਼ੀ ਕਰਦੇ ਹਨ। ਇਸ ਤਰ੍ਹਾਂ ਦੇ ਗੇਂਦਬਾਜ਼ ਖਿਲਾਫ ਸਾਡੇ ਕੋਲ ਯੋਜਨਾ ਹੋਣੀ ਚਾਹੀਦੀ ਹੈ। ਜੇਕਰ ਲਿਓਨ ਨੂੰ ਲੰਬੇ ਸਮੇਂ ਤੱਕ ਇਕ ਹੀ ਜਗ੍ਹਾ 'ਤੇ ਗੇਂਦਬਾਜ਼ੀ ਕਰਨ ਦਿੱਤੀ ਜਾਵੇ ਤਾਂ ਉਹ ਖਤਰਨਾਕ ਹੋ ਸਕਦਾ ਹੈ। ਲਿਓਨ ਦਾ ਪ੍ਰਦਰਸ਼ਨ ਇਸ ਲਈ ਵੀ ਖਾਸ ਹੈ ਕਿਉਂਕਿ ਉਸ ਨੇ ਜ਼ਿਆਦਾਤਰ ਮੈਚ ਆਸਟਰੇਲੀਆ 'ਚ ਹੀ ਖੇਡੇ ਹਨ। ਕੋਹਲੀ ਨੇ ਕਿਹਾ, ''ਜੇਕਰ ਕੋਈ ਸਪਿਨਰ ਆਸਟਰੇਲੀਆ 'ਚ ਅਜਿਹੀ ਗੇਂਦਬਾਜ਼ੀ ਕਰਦਾ ਹੈ ਤਾਂ ਇਹ ਬਹੁਤ ਵੱਡੀ ਚੀਜ਼ ਹੈ। ਅਸੀਂ ਇਸ ਨੂੰ ਚੁਣੌਤੀ ਦੇ ਰੂਪ 'ਚ ਲੈ ਰਹੇ ਹਾਂ ਅਤੇ ਯਕੀਨੀ ਤੌਰ 'ਤੇ ਅਸੀਂ ਉਸ ਖਿਲਾਫ ਆਪਣੇ ਪ੍ਰਦਰਸ਼ਨ 'ਚ ਸੁਧਾਰ ਕਰਨਾ ਚਾਹੁੰਦੇ ਹਾਂ। ਅਸੀਂ ਅਭਿਆਸ ਦੌਰਾਨ ਮਿਹਨਤ ਕੀਤੀ ਹੈ ਅਤੇ ਹੁਣ ਇਹ ਦੇਖਣਾ ਹੋਵੇਗਾ ਕਿ ਮੈਦਾਨ 'ਤੇ ਇਸ ਨੂੰ ਕੌਣ ਲਾਗੂ ਕਰਦਾ ਹੈ। ਪਿਛਲੀ ਵਾਰ ਜਦੋਂ ਭਾਰਤ ਐੱਮ. ਸੀ. ਜੀ. 'ਤੇ ਖੇਡਿਆ ਸੀ ਤਾਂ ਉਹ ਟੈਸਟ ਡਰਾਅ 'ਤੇ ਖਤਮ ਹੋਇਆ ਸੀ। ਕੋਹਲੀ ਅਤੇ ਅਜਿੰਕਯ ਰਹਾਨੇ ਨੇ ਉਸ ਮੈਚ ਵਿਚ ਸੈਂਕੜਾ ਲਾਇਆ ਸੀ।''
ਕੋਹਲੀ ਨੇ ਕਿਹਾ, ''ਪਿਛਲੀ ਵਾਰ ਕਿਸੇ ਟੀਮ ਦੇ ਪੱਖ ਵਿਚ ਨਤੀਜਾ ਨਹੀਂ ਆਉਣ ਵਿਚ ਪਿਚ ਦੀ ਵੱਡੀ ਭੂਮਿਕਾ ਸੀ ਪਰ ਹੁਣ ਵਾਲੀ ਪਿੱਚ 'ਤੇ ਪਿਛਲੀ ਵਾਰ ਨਾਲੋ ਵੱਧ ਘਾਹ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਪਿੱਚ 'ਤੇ ਹਮੇਸ਼ਾ ਨਤੀਜਾ ਮਿਲਦਾ ਹੈ। ਪਿੱਚ 'ਤੇ ਪੰਜੇ ਦਿਨ ਗੇਂਦਬਾਜ਼ਾਂ ਲਈ ਮਦਦਗਾਰ ਸਾਬਤ ਹੋ ਸਕਦੀ ਹੈ। ਕੋਹਲੀ ਆਸਟਰੇਲੀਆ ਵਿਚ ਦੂਜੀ ਵਾਰ ਬਾਕਸਿੰਗ ਟੈਸਟ ਖੇਡ ਰਹੇ ਹਨ। ਉਨ੍ਹਾਂ ਕਿਹਾ, ''ਇਹ ਬਿਹਤਰੀਨ ਹੈ। ਬੇਸ਼ਕ ਪਹਿਲਾ ਦਿਨ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਅਤੇ ਸਾਨੂੰ ਕਾਫੀ ਲੋਕਾਂ ਨੇ ਆਉਣ ਦੀ ਉਮੀਦ ਕਰ ਰਹੇ ਹਾਂ, ਸ਼ਾਇਦ 80000 ਤੋਂ ਵੱਧ। ਮੈਂ ਪਹਿਲਾਂ ਵੀ 2 ਵਾਰ ਇਸ ਨੂੰ 2 ਵਾਰ ਮਹਿਸੂਸ ਕਰ ਚੁੱਕਾ ਹਾਂ।''