CWC 2019 : ਹਮਲਾਵਰ ਤਰੀਕੇ ਨਾਲ ਅਪੀਲ ਕਰਨ ਲਈ ਕੋਹਲੀ ''ਤੇ ਲੱਗਾ ਜੁਰਮਾਨਾ
Sunday, Jun 23, 2019 - 03:45 PM (IST)

ਸਾਊਥੰਪਟਨ— ਭਾਰਤੀ ਕਪਤਾਨ ਵਿਰਾਟ ਕੋਹਲੀ 'ਤੇ ਸ਼ਨੀਵਾਰ ਨੂੰ ਇੱਥੇ ਅਫਗਾਨਿਸਤਾਨ ਖਿਲਾਫ ਵਰਲਡ ਕੱਪ ਦੇ ਮੈਚ ਦੇ ਦੌਰਾਨ ਹਮਲਾਵਰ ਅਪੀਲ ਕਰਨ ਲਈ ਉਸ ਦੀ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ ਗਿਆ। ਆਈ.ਸੀ.ਸੀ. ਦੇ ਬਿਆਨ ਮੁਤਾਬਕ, ''ਕੋਹਲੀ ਨੂੰ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਦੀ ਆਈ.ਸੀ.ਸੀ. ਦੇ ਜ਼ਾਬਤੇ ਦੀ ਧਾਰਾ 2.1 ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ ਗਿਆ ਹੈ ਜੋ ਇਕ ਕੌਮਾਂਤਰੀ ਮੈਚ 'ਚ ਬਹੁਤ ਜ਼ਿਆਦਾ ਅਪੀਲ ਨਾਲ ਸਬੰਧਤ ਹੈ।''
ਸ਼ਨੀਵਾਰ ਨੂੰ ਮੈਚ ਦੇ ਦੌਰਾਨ ਇਹ ਘਟਨਾ ਅਫਗਾਨਿਸਤਾਨ ਦੀ ਪਾਰੀ ਦੇ 29ਵੇਂ ਓਵਰ 'ਚ ਹੋਈ ਜਦੋਂ ਕੋਹਲੀ ਅਲੀਮ ਵੱਲ ਵਧੇ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਗੇਂਦ 'ਤੇ ਰਹਿਮਤ ਸ਼ਾਹ ਦੇ ਐੱਲ.ਬੀ.ਡਬਲਿਊ. ਆਊਟ ਕਰਨ ਦੀ ਅਪੀਲ ਕੀਤੀ ਗਈ ਸੀ। ਇਹ ਆਈ.ਸੀ.ਸੀ. ਦੇ ਜ਼ਾਬਤੇ ਦੇ ਲੈਵਲ ਇਕ ਦੀ ਉਲੰਘਣਾ ਹੈ ਜਿਸ 'ਚ ਘੱਟੋ-ਘੱਟ ਸਜ਼ਾ ਅਧਿਕਾਰੀ ਦੀ ਫਿੱਟਕਾਰ ਹੁੰਦੀ ਹੈ ਅਤੇ ਵੱਧ ਤੋਂ ਵੱਧ ਸਜ਼ਾ ਖਿਡਾਰੀ ਦੀ ਮੈਚ ਫੀਸ ਤੋਂ 50 ਫੀਸਦੀ ਕਟੌਤੀ, ਇਕ ਜਾਂ ਦੋ ਡਿਮੈਰਿਟ ਅੰਕ ਹੁੰਦੇ ਹਨ। ਕੋਹਲੀ ਨੇ ਦੋਸ਼ ਕਬੂਲ ਕਰਕੇ ਇਸ ਜੁਰਮਾਨੇ ਨੂੰ ਵੀ ਸਵੀਕਾਰ ਕਰ ਲਿਆ ਹੈ। ਇਸ ਦੇ ਨਾਲ ਹੀ ਕੋਹਲੀ ਦੇ ਅਨੁਸ਼ਾਸਨਾਤਮਕ ਰਿਕਾਰਡ 'ਚ ਇਕ ਡਿਮੈਰਿਟ ਅੰਕ ਜੁੜ ਗਿਆ ਹੈ ਜੋ ਸਤੰਬਰ 2016 'ਚ ਸੋਧੇ ਹੋਏ ਜ਼ਾਬਤੇ ਦੇ ਬਾਅਦ ਉਨ੍ਹਾਂ ਦਾ ਦੂਜਾ ਅਪਰਾਧ ਹੈ।