ਅੰਡਰ-19 ਵਿਸ਼ਵ ਕੱਪ ਸੈਮੀਫਾਈਨਲ ''ਚ ਭਿੜ ਚੁੱਕੇ ਨੇ ਵਿਰਾਟ ਤੇ ਵਿਲੀਅਮਸਨ

Sunday, Jul 07, 2019 - 06:38 PM (IST)

ਅੰਡਰ-19 ਵਿਸ਼ਵ ਕੱਪ ਸੈਮੀਫਾਈਨਲ ''ਚ ਭਿੜ ਚੁੱਕੇ ਨੇ ਵਿਰਾਟ ਤੇ ਵਿਲੀਅਮਸਨ

ਮਾਨਚੈਸਟਰ— ਆਈ. ਸੀ. ਸੀ. ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਭਿੜਨ ਜਾ ਰਹੇ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਹੁਣ ਤੋਂ 11 ਸਾਲ ਪਹਿਲਾਂ 2008 ਵਿਚ ਅੰਡਰ-19 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਭਿੜ ਚੁੱਕੇ ਹਨ। ਵਿਰਾਟ ਤੇ ਵਿਲੀਅਮਸਨ ਅੰਡਰ-19 ਵਿਸ਼ਵ ਕੱਪ ਵਿਚ ਆਪਣੀਆਂ-ਆਪਣੀਆਂ ਟੀਮਾਂ ਦੇ ਕਪਤਾਨ ਸਨ ਤੇ ਇਹ ਬਹੁਤ ਹੀ ਦਿਲਚਸਪ ਹੈ ਕਿ ਦੁਨੀਆ ਦੇ ਇਹ ਦੋ ਸਰਵਸ੍ਰੇਸਠ ਬੱਲੇਬਾਜ਼ ਹੁਣ ਆਈ. ਸੀ. ਸੀ. ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਵੀ ਆਪਣੀਆਂ-ਆਪਣੀਆਂ ਟੀਮਾਂ ਦੇ ਕਪਤਾਨ ਹਨ। ਵਿਰਾਟ ਦੀ ਕਪਤਾਨੀ ਵਿਚ ਭਾਰਤੀ ਅੰਡਰ-19 ਟੀਮ ਵਿਚ ਨਿਊਜ਼ੀਲੈਂਡ ਨੂੰ 9 ਗੇਂਦਾਂ ਬਾਕੀ ਰਹਿੰਦਿਆਂ ਡਕਵਰਥ ਲੂਈਸ ਨਿਯਮ ਤਹਿਤ 3 ਵਿਕਟਾਂ ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਸੀ ਤੇ ਫਿਰ ਖਿਤਾਬ 'ਤੇ ਵੀ ਕਬਜ਼ਾ ਕੀਤਾ ਸੀ।

PunjabKesari

ਮਲੇਸ਼ੀਆ ਦੇ ਕੁਆਲਾਲੰਪੁਰ ਵਿਚ ਖੇਡੇ ਗਏ ਇਸ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਨੇ 50 ਓਵਰਾਂ ਵਿਚ 8 ਵਿਕਟਾਂ 'ਤੇ 205 ਦੌੜਾਂ ਬਣਾਈਆਂ ਸਨ। ਨਿਊਜ਼ੀਲੈਂਡ ਦੀ ਪਾਰੀ ਵਿਚ ਕਪਤਾਨ ਵਿਲੀਅਮਸਨ ਨੇ 80 ਗੇਂਦਾਂ ਵਿਚ 3 ਚੌਕਿਆਂ ਦੀ ਮਦਦ ਨਾਲ 37 ਦੌੜਾਂ ਦੀ ਪਾਰੀ ਖੇਡੀ ਸੀ। ਇਹ ਵੀ ਦਿਲਚਸਪ ਹੈ ਕਿ ਵਿਲੀਅਮਸਨ ਨੂੰ ਵਿਰਾਟ ਨੇ ਆਪਣੀ ਗੇਂਦਬਾਜ਼ੀ 'ਤੇ ਸਟੰਪ ਕਰਾਇਆ ਸੀ। ਵਿਰਾਟ ਨੇ ਇਸ ਮੈਚ ਵਿਚ 7 ਓਵਰਾਂ ਦੀ ਗੇਂਦਬਾਜ਼ੀ ਵਿਚ 27 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਸਨ। ਭਾਰਤ ਨੂੰ ਡਕਵਰਥ ਲੂਈਸ ਨਿਯਮ ਦੇ ਤਹਿਤ 43 ਓਵਰਾਂ ਵਿਚ 191 ਦੌੜਾਂ ਦਾ ਟੀਚਾ ਮਿਲਿਆ ਸੀ ਤੇ ਭਾਰਤ ਨੇ 41.3 ਓਵਰਾਂ ਵਿਚ 7 ਵਿਕਟਾਂ 'ਤੇ 191 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਸੀ। ਵਿਰਾਟ ਨੇ 53 ਗੇਂਦਾਂ 'ਤੇ 5 ਚੌਕਿਆਂ ਦੀ ਮਦਦ ਨਾਲ 43 ਦੌੜਾਂ ਦੀ ਪਾਰੀ ਖੇਡੀ। ਵਿਰਾਟ ਦਾ ਕੈਚ ਵਿਲੀਅਮਸਨ ਨੇ ਹੀ ਫੜਿਆ ਸੀ। ਵਿਰਾਟ ਨੂੰ ਉਸਦੇ ਆਲਰਾਊਂਡਰ ਪ੍ਰਦਰਸ਼ਨ ਲਈ ਪਲੇਅਰ ਆਫ ਦਿ ਮੈਚ ਦਾ ਐਵਾਰਡ ਮਿਲਿਆ ਸੀ। ਵਿਰਾਟ ਤੇ ਵਿਲੀਅਮਸਨ 11 ਸਾਲ ਬਾਅਦ ਆਈ. ਸੀ. ਸੀ. ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਆਹਮੋ-ਸਾਹਮਣੇ ਹੋਣ ਜਾ ਰਹੇ ਹਨ ਤੇ ਦੋਵੇਂ ਹੀ ਖਿਡਾਰੀਆਂ 'ਤੇ ਆਪਣੀ-ਆਪਣੀ ਟੀਮ ਨੂੰ ਫਾਈਨਲ ਵਿਚ ਲਿਜਾਣ ਦੀ ਜ਼ਿੰਮੇਵਾਰੀ ਰਹੇਗੀ।

PunjabKesari

ਇਸ ਵਿਸ਼ਵ ਕੱਪ ਵਿਚ ਵਿਲੀਅਮਸਨ ਨੇ ਹੁਣ ਤਕ 8 ਮੈਚਾਂ ਵਿਚ 481 ਦੌੜਾਂ ਤੇ ਵਿਰਾਟ ਨੇ 8 ਮੈਚਾਂ ਵਿਚ 442 ਦੌੜਾਂ ਬਣਾਈਆਂ ਹਨ। ਵਿਲੀਅਮਸਨ ਦੋ ਸੈਂਕੜ ਤੇ ਇਕ ਅਰਧ ਸੈਂਕੜਾ ਲਾ ਚੁੱਕਾ ਹੈ ਤੇ ਵਿਰਾਟ ਦੇ ਬੱਲੇ ਤੋਂ ਪੰਜ ਅਰਧ ਸੈਂਕੜੇ ਨਿਕਲੇ ਹਨ। ਵਿਲੀਅਮਸਨ ਨੇ ਆਪਣਾ ਵਨ ਡੇ ਡੈਬਿਊ ਭਾਰਤ ਵਿਰੁੱਧ ਦਾਂਬੁਲਾ ਵਿਚ 10 ਅਗਸਤ 2010 ਨੂੰ ਕੀਤਾ ਸੀ ਜਦਕਿ ਵਿਰਾਟ ਨੇ ਆਪਣਾ ਵਨ ਡੇ ਡੈਬਿਊ 18 ਅਗਸਤ 2008 ਨੂੰ ਸ਼੍ਰੀਲੰਕਾ ਵਿਰੁੱਧ ਕੀਤਾ ਸੀ। ਵਿਰਾਟ ਨੇ ਆਪਣੇ ਕਰੀਅਰ ਵਿਚ ਨਿਊਜ਼ੀਲੈਂਡ ਵਿਰੁੱਧ 22 ਮੈਚਾਂ ਵਿਚ 1302 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿਚ 5 ਸੈਂਕੜੇ ਤੇ 7 ਅਰਧ ਸੈਂਕੜੇ ਸ਼ਾਮਲ ਹਨ। ਵਿਲੀਅਮਸਨ ਨੇ ਭਾਰਤ ਵਿਰੁੱਧ 23 ਮੈਚਾਂ ਵਿਚ 895 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿਚੋਂ 1 ਸੈਂਕੜਾ ਤੇ 7 ਅਰਧ ਸੈਂਕੜੇ ਸ਼ਾਮਲ ਹਨ।

PunjabKesari


Related News