ਵਿਰਾਟ ਅਤੇ ਰੋਹਿਤ ਦੀ ਕਪਤਾਨੀ ਦਿਵਾਉਂਦੀ ਹੈ ਸੁਨੀਲ ਅਤੇ ਕਪਿਲ ਦੀ ਯਾਦ: ਰਵੀ ਸ਼ਾਸਤਰੀ
Monday, Dec 27, 2021 - 04:36 PM (IST)
ਬੈਂਗਲੁਰੂ (ਵਾਰਤਾ)- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਹੈ ਕਿ ਵਿਰਾਟ ਕੋਹਲੀ ਦੀ ਕਪਤਾਨੀ ਨੇ ਉਨ੍ਹਾਂ ਨੂੰ ਕਪਿਲ ਦੇਵ ਦੇ ਕਾਰਜਕਾਲ ਦੀ ਯਾਦ ਦਿਵਾ ਦਿੱਤੀ ਹੈ, ਜਦਕਿ ਰੋਹਿਤ ਸ਼ਰਮਾ ਦੀ ਕਪਤਾਨੀ ਕਾਫ਼ੀ ਹੱਦ ਤੱਕ ਸੁਨੀਲ ਗਾਵਸਕਰ ਵਰਗੀ ਹੈ। ਸਾਬਕਾ ਮੁੱਖ ਕੋਚ ਨੇ ਸੋਮਵਾਰ ਨੂੰ ਕਿਹਾ, 'ਜਦੋਂ ਤੁਸੀਂ ਦੋਵਾਂ ਨੂੰ ਦੇਖੋਗੇ ਅਤੇ ਉਨ੍ਹਾਂ ਦੀ ਕਪਤਾਨੀ ਦੀ ਤੁਲਨਾ ਕਰੋਗੇ ਤਾਂ ਤੁਹਾਨੂੰ ਸੁਨੀਲ ਅਤੇ ਕਪਿਲ ਦੀ ਯਾਦ ਆਵੇਗੀ। ਵਿਰਾਟ ਕਪਿਲ ਦੀ ਤਰ੍ਹਾਂ ਅਨੁਭਵੀ, ਸੁਭਾਵਿਕ ਅਤੇ ਮਨ ਦੀ ਭਾਵਨਾ ਲਈ ਜਾਣਿਆ ਜਾਂਦਾ ਹੈ, ਜਦੋਂ ਕਿ ਰੋਹਿਤ ਗਾਵਸਕਰ ਵਾਂਗ ਕੈਲਕਿਉਲੇਟੇਡ, ਬਹੁਤ ਹੁਨਰਮੰਦ, ਬਹੁਤ ਸ਼ਾਂਤ ਅਤੇ ਰਚਨਾਤਮਕ ਹੈ।'
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਵਿਰਾਟ ਦੀ ਜਗ੍ਹਾ ਰੋਹਿਤ ਨੂੰ ਵਾਈਟ-ਬਾਲ ਕ੍ਰਿਕਟ 'ਚ ਭਾਰਤ ਦਾ ਫੁੱਲ ਟਾਈਮ ਕਪਤਾਨ ਬਣਾਏ ਜਾਣ ਤੋਂ ਬਾਅਦ ਬਹਿਸ ਛਿੜ ਗਈ ਹੈ, ਜਿਸ 'ਚ ਕ੍ਰਿਕਟ ਦੇ ਮਹਾਨ ਖਿਡਾਰੀ ਵੀ ਵੰਡੇ ਹੋਏ ਹਨ। ਵਿਰਾਟ ਨੇ ਹਾਲ ਹੀ ਵਿਚ ਸਮਾਪਤ ਹੋਏ ਆਈ.ਸੀ.ਸੀ. ਟੀ-20 ਵਿਸ਼ਵ ਕੱਪ 2021 ਤੋਂ ਬਾਅਦ ਟੀ-20 ਕਪਤਾਨੀ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਚੋਣਕਾਰਾਂ ਨੇ ਵਾਈਟ-ਬਾਲ ਫਾਰਮੈਟ ਲਈ ਇਕ ਹੀ ਕਪਤਾਨ ਰੱਖਣ ਦੇ ਵਿਚਾਰ ਨਾਲ ਰੋਹਿਤ ਸ਼ਰਮਾ ਨੂੰ ਟੀ-20 ਅਤੇ ਵਨਡੇ ਵਿਚ ਕਪਤਾਨ ਨਿਯੁਕਤ ਕੀਤਾ।