ਵਿਰਾਟ ਦੀ ਗੈਰ-ਮੌਜੂਦਗੀ ਵਿਚ ਇੰਗਲੈਂਡ ਕੋਲ ਟੈਸਟ ਲੜੀ ਜਿੱਤਣ ਦਾ ਸੁਨਹਿਰੀ ਮੌਕਾ : ਸਟੂਅਰਟ ਬ੍ਰਾਡ
Monday, Feb 12, 2024 - 07:05 PM (IST)
ਕੇਪਟਾਊਨ, (ਭਾਸ਼ਾ)– ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਦਾ ਟੈਸਟ ਲੜੀ ਵਿਚ ਨਾ ਹੋਣਾ ਇਸ ਲੜੀ ਤੇ ਖੇਡ ਲਈ ਚੰਗਾ ਨਹੀਂ ਹੈ ਪਰ ਉਸਦੀ ਗੈਰ-ਮੌਜੂਦਗੀ ਵਿਚ ਇੰਗਲੈਂਡ ਕੋਲ ਭਾਰਤ ਨੂੰ ਹਰਾਉਣ ਦਾ ਸੁਨਹਿਰੀ ਮੌਕਾ ਹੈ। ਵਿਰਾਟ ਨਿੱਜੀ ਕਾਰਨਾਂ ਕਾਰਨ ਲੜੀ ਵਿਚੋਂ ਬਾਹਰ ਹੈ ਜਦਕਿ ਭਾਰਤ ਨੇ ਦੂਜਾ ਟੈਸਟ ਜਿੱਤ ਕੇ 5 ਮੈਚਾਂ ਦੀ ਲੜੀ ਵਿਚ 1-1 ਨਾਲ ਬਰਾਬਰੀ ਕਰ ਲਈ ਹੈ।
ਬ੍ਰਾਡ ਨੇ ਇੱਥੇ ਕਿਹਾ,‘‘ਵਿਰਾਟ ਕਿਸੇ ਵੀ ਮੁਕਾਬਲੇ ਨੂੰ ਆਪਣੇ ਜਨੂਨ, ਹਮਲਾਵਰਤਾ ਤੇ ਬਿਹਤਰੀਨ ਖੇਡ ਨਾਲ ਸ਼ਾਨਦਾਰ ਬਣਾ ਦਿੰਦਾ ਹੈ। ਦਰਸ਼ਕ ਉਸਦੀ ਖੇਡ ਦੇਖਣ ਲਈ ਉਤਾਵਲੇ ਰਹਿੰਦੇ ਹਨ ਪਰ ਨਿੱਜੀ ਮਸਲੇ ਹਮੇਸ਼ਾ ਕ੍ਰਿਕਟ ਨਾਲ ਜੁੜੇ ਮਸਲਿਆਂ ਤੋਂ ਵੱਡੇ ਹੁੰਦੇ ਹਨ।’’ ਉਸ ਦਾ ਮੰਨਣਾ ਹੈ ਕਿ ਵਿਰਾਟ ਦੀ ਗੈਰ-ਮੌਜੂਦਗੀ ਨੌਜਵਾਨ ਖਿਡਾਰੀਆਂ ਲਈ ਆਪਣੀ ਉਪਯੋਗਿਤਾ ਸਾਬਤ ਕਰਨ ਦਾ ਸੁਨਹਿਰੀ ਮੌਕਾ ਹੋਵੇਗਾ।
ਇੰਗਲੈਂਡ ਲਈ 167 ਟੈਸਟਾਂ ਵਿਚ 604 ਵਿਕਟਾਂ ਲੈ ਚੁੱਕੇ ਇਸ ਗੇਂਦਬਾਜ਼ ਨੇ ਕਿਹਾ,‘‘ਜਦੋਂ ਮਹਾਨ ਖਿਡਾਰੀ ਨਹੀਂ ਖੇਡਦੇ ਤਾਂ ਨੌਜਵਾਨਾਂ ਲਈ ਵੀ ਇਹ ਖੁਦ ਨੂੰ ਸਾਬਤ ਕਰਨ ਦਾ ਸੁਨਹਿਰੀ ਮੌਕਾ ਹੁੰਦਾ ਹੈ। ਅਸੀਂ ਪਿਛਲੇ ਟੈਸਟ ਵਿਚ ਦੇਖਿਆ ਸੀ ਕਿ ਯਸ਼ਸਵੀ ਜਾਇਸਵਾਲ ਨੇ ਕਿਵੇਂ ਦੋਹਰਾ ਸੈਂਕੜਾ ਲਾਇਆ। ਅਗਲੇ ਤਿੰਨ ਮੈਚਾਂ ਵਿਚ ਕਈ ਹੋਰ ਖਿਡਾਰੀ ਭਾਰਤ ਲਈ ਚਮਕੇਗਾ ਤੇ ਹੋ ਸਕਦਾ ਹੈ ਕਿ ਉਹ ਇਸ ਯੋਗ ਹੋ ਜਾਵੇ ਕਿ ਜਦੋਂ ਵਿਰਾਟ ਖੇਡ ਨੂੰ ਅਲਵਿਦਾ ਕਹੇ ਤਾਂ ਉਸਦੀ ਜਗ੍ਹਾ ਲੈ ਸਕੇ।’’ ਬ੍ਰਾਡ ਦਾ ਮੰਨਣਾ ਹੈ ਕਿ ਭਾਰਤ ਤੇ ਇੰਗਲੈਂਡ ਵਿਚਾਲੇ ਇਹ ਸਭ ਤੋਂ ਮੁਕਾਬਲੇਬਾਜ਼ੀ ਲੜੀਆਂ ਵਿਚੋਂ ਇਕ ਹੈ ਤੇ ਅਗਲੇ ਤਿੰਨ ਟੈਸਟਾਂ ਵਿਚ ਇੰਗਲੈਂਡ ਕੋਲ ਜਿੱਤ ਦਾ ਚੰਗਾ ਮੌਕਾ ਹੈ।