ਟੋਕੀਓ ਪੈਰਾਲੰਪਿਕਸ : ਡਿਸਕਸ ਥ੍ਰੋਅ ’ਚ ਵਿਨੋਦ ਕੁਮਾਰ ਤੋਂ ਤਮਗ਼ੇ ਦੀ ਉਮੀਦ
Monday, Aug 23, 2021 - 11:55 AM (IST)
ਟੋਕੀਓ- ਭਾਰਤ ਦੇ ਵਿਨੋਦ ਕੁਮਾਰ ਨੂੰ ਐਤਵਾਰ ਨੂੰ ਐਫ-52 ਵਰਗ 'ਚ ਜਗ੍ਹਾ ਮਿਲੀ, ਜਿਸ ਨਾਲ ਮੰਗਲਵਾਰ ਤੋੋਂ ਸ਼ੁਰੂ ਹੋ ਰਹੇ ਟੋਕੀਓ ਪੈਰਾਲੰਪਿਕ ਦੇ ਡਿਸਕ ਥ੍ਰੋ ਮੁਕਾਬਲੇ 'ਚ ਮੈਡਲ ਦੀਆਂ ਉਮੀਦਾਂ ਵੱਧ ਗਈਆਂ ਹਨ। ਜੈਵਲਿਨ ਥ੍ਰੋਅ 'ਚ ਹਾਲਾਂਕਿ ਟੇਕਚੰਦ ਨੂੰ ਐੱਫ-55 ਵਰਗ 'ਚ ਰੱਖਿਆ ਗਿਆ ਹੈ ਜਦੋਂ ਕਿ ਉਹ ਪਹਿਲਾਂ ਐੱਫ-54 ਵਰਗ 'ਚ ਹਿੱਸਾ ਲੈਂਦੇ ਰਹੇ ਹਨ। ਪੈਰਾ ਐਥਲੈਟਿਕਸ ਦੇ ਪ੍ਰਧਾਨ ਸਤਿਆਨਾਰਾਇਣ ਇਸ ਤੋਂ ਖ਼ੁਸ਼ ਦਿਸੇ ਤੇ ਉਨ੍ਹਾਂ ਕਿਹਾ ਕਿ ਵਿਨੋਦ ਦਾ ਕਲਾਸੀਫਿਕੇਸ਼ਨ ਉਮੀਦ ਮੁਤਾਬਕ ਰਿਹਾ। ਉਨ੍ਹਾਂ ਕਿਹਾ, 'ਵਿਨੋਦ ਕੁਮਾਰ ਨੂੰ ਦੁਬਾਰਾ ਉਨ੍ਹਾਂ ਦੇ ਵਰਗ 'ਚ ਕੁਆਲੀਫਾਈ ਕਰਨਾ ਚੰਗੀ ਖ਼ਬਰ ਹੈ। ਭਾਰਤ ਦੀ ਇਸ ਵਰਗ 'ਚ ਮੈਡਲ ਜਿੱਤਣ ਦੀ ਸੰਭਾਵਨਾ ਚੰਗੀ ਹੈ।
ਦੂਸਰੇ ਪਾਸੇ ਟੇਕਚੰਦ ਨੂੰ ਇਕ ਵਰਗ ਉਪਰ ਰੱਖਿਆ ਗਿਆ ਹੈ ਤੇ ਇਸ ਲਈ ਉਨ੍ਹਾਂ ਲਈ ਮੁਕਾਬਲਾ ਸਖ਼ਤ ਹੋਵੇਗਾ ਪਰ ਸਾਨੂੰ ਯਕੀਨ ਹੈ ਕਿ ਉਹ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਗੇ।' ਪੈਰਾ ਐਥਲੀਟ 'ਚ ਉਨ੍ਹਾਂ ਦੇ ਦਿਵਿਆਂਗ ਹੋਣ ਦੀ ਹੱਦ ਤੇ ਕਿਸਮ ਦੇ ਆਧਾਰ 'ਤੇ ਕਲਾਸੀਫਾਈ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਤਹਿਤ ਬਰਾਬਰ ਅਸਮਰੱਥਾ ਵਾਲੇ ਖਿਡਾਰੀ ਇਕ-ਦੂਜੇ ਖ਼ਿਲਾਫ਼ ਮੁਕਾਬਲਾ ਪੇਸ਼ ਕਰਦੇ ਹਨ। ਪੈਰਾ ਐਥਲੈਟਿਕਸ 'ਚ ਮੁਕਾਬਲੇਬਾਜ਼ਾਂ ਨੂੰ ਟੀ (ਟ੍ਰੈਕ, ਮੈਰਾਥਨ ਤੇ ਜੰਪ ਮੁਕਾਬਲੇ) ਤੇ ਐੱਫ (ਫੋਲਡ ਮੁਕਾਬਲੇ) ਵਰਗ 'ਚ ਵੰਡਿਆ ਜਾਂਦਾ ਹੈ ਤੇ ਇਸ ਦੇ ਨਾਲ ਗਿਣਤੀ ਹੁੰਦੀ ਹੈ।