ਰੋਹਿਤ ਸ਼ਰਮਾ ਦੀ ਸਾਦਗੀ ਦੇ ਦਿੱਗਜ ਬਾਲੀਵੁੱਡ ਅਦਾਕਾਰ ਹੋਏ ਕਾਇਲ; ''ਕੂਲ ਡਿਊਡ'' ਅਵਤਾਰ ਨੇ ਜਿੱਤਿਆ ਸਭ ਦਾ ਦਿਲ
Wednesday, Jan 28, 2026 - 10:23 AM (IST)
ਮੁੰਬਈ - ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਖਿਡਾਰੀ ਰੋਹਿਤ ਸ਼ਰਮਾ ਆਪਣੀ ਸ਼ਾਨਦਾਰ ਬੱਲੇਬਾਜ਼ੀ ਲਈ ਤਾਂ ਜਾਣੇ ਹੀ ਜਾਂਦੇ ਹਨ, ਪਰ ਹਾਲ ਹੀ 'ਚ ਉਨ੍ਹਾਂ ਦੀ ਨਿੱਜੀ ਸ਼ਖਸੀਅਤ ਦਾ ਇਕ ਅਜਿਹਾ ਪਹਿਲੂ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਪ੍ਰਭਾਵਿਤ ਕੀਤਾ ਹੈ। ਇਕ ਸ਼ੂਟਿੰਗ ਦੌਰਾਨ ਹੋਈ ਦਿਲਚਸਪ ਘਟਨਾ ਦਾ ਜ਼ਿਕਰ ਕਰਦਿਆਂ ਦਿੱਗਜ ਬਾਲੀਵੁੱਡ ਅਦਾਕਾਰ ਨੇ ਦੱਸਿਆ ਕਿ ਕਿਵੇਂ ਉਹ ਗਲਤੀ ਨਾਲ ਰੋਹਿਤ ਸ਼ਰਮਾ ਦੀ ਵੈਨਿਟੀ ਵੈਨ 'ਚ ਦਾਖਲ ਹੋ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਉਹ ਬਾਲੀਵੁੱਡ ਅਦਾਕਾਰ ਕੋਈ ਹੋਰ ਨਹੀਂ ਸਗੋਂ ਅਨੁਪਮ ਖੇਰ ਹਨ।
ਸੂਤਰਾਂ ਅਨੁਸਾਰ, ਜਦੋਂ ਅਨੂਪਮ ਖੇਰ ਗਲਤੀ ਨਾਲ ਵੈਨਿਟੀ ਵੈਨ 'ਚ ਗਏ ਤਾਂ ਉੱਥੇ ਰੋਹਿਤ ਸ਼ਰਮਾ ਆਪਣੀ aਪਤਨੀ ਰਿਤਿਕਾ ਨਾਲ ਮੌਜੂਦ ਸਨ। ਉਸ ਨੇ ਰੋਹਿਤ ਦੀ ਤਾਰੀਫ਼ ਕਰਦਿਆਂ ਕਿਹਾ ਕਿ ਰੋਹਿਤ ਸਿਰਫ਼ ਇਕ ਮਹਾਨ ਖਿਡਾਰੀ ਹੀ ਨਹੀਂ, ਸਗੋਂ ਇਕ ਬਹੁਤ ਹੀ ਸਾਊ ਅਤੇ ਅਸਲੀ ਇਨਸਾਨ ਹਨ। ਉਨ੍ਹਾਂ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਦਿਖਾਵਾ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਖਾਸ ਖਿਤਾਬ ਜਾਂ ਅਹੁਦੇ ਦੇ ਭੁੱਖੇ ਹਨ।
ਸ਼ਾਂਤ ਸੁਭਾਅ ਅਤੇ ਖੁਸ਼ਮਿਜ਼ਾਜ ਸ਼ਖਸੀਅਤ
ਰੋਹਿਤ ਸ਼ਰਮਾ ਦੇ ਸੁਭਾਅ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਹ ਬਹੁਤ ਹੀ ਸ਼ਾਂਤ ਰਹਿੰਦੇ ਹਨ ਅਤੇ ਬੜੀ ਆਸਾਨੀ ਨਾਲ ਹੱਸਦੇ ਹਨ। ਉਹ ਆਪਣੇ ਆਲੇ-ਦੁਆਲੇ ਕੋਈ ਬਣਾਵਟੀ ਪ੍ਰਭਾਵ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਅਤੇ ਮੀਡੀਆ ਜਾਂ ਪਾਪਰਾਜ਼ੀ ਦੇ ਸਾਹਮਣੇ ਵੀ ਆਪਣੀ ਅਸਲੀ ਸ਼ਖਸੀਅਤ ਨੂੰ ਨਹੀਂ ਬਦਲਦੇ। ਉਹ ਹਰ ਹਾਲ 'ਚ 'ਆਪਣੇ ਆਪ' 'ਚ ਰਹਿਣਾ ਪਸੰਦ ਕਰਦੇ ਹਨ, ਜੋ ਕਿ ਇਕ 'ਕੂਲ ਡਿਊਡ' ਦੀ ਸਭ ਤੋਂ ਵੱਡੀ ਖੂਬੀ ਹੈ।
ਰੋਹਿਤ ਅਤੇ ਰਿਤਿਕਾ ਲਈ ਦੁਆਵਾਂ
ਰੋਹਿਤ ਵੱਲੋਂ ਦਿਖਾਈ ਗਈ ਨਿੱਘ ਅਤੇ ਪ੍ਰਸ਼ੰਸਾ ਲਈ ਧੰਨਵਾਦ ਕਰਦਿਆਂ, ਉਸ ਅਦਾਕਾਰ ਨੇ ਰੋਹਿਤ ਅਤੇ ਉਨ੍ਹਾਂ ਦੀ ਪਤਨੀ ਰਿਤਿਕਾ ਦੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਲਈ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ। ਰੋਹਿਤ ਦੀ ਇਸ ਸਾਦਗੀ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਮੈਦਾਨ ਦੇ ਅੰਦਰ ਅਤੇ ਬਾਹਰ ਕਿਉਂ ਸਭ ਦੇ ਚਹੇਤੇ ਹਨ।
