ਵੀਨਸ ਦੀ ਅਜ਼ਾਰੇਂਕਾ ''ਤੇ ਰੋਮਾਂਚਕ ਜਿੱਤ
Tuesday, Jan 01, 2019 - 05:19 PM (IST)

ਆਕਲੈਂਡ— ਵੀਨਸ ਵਿਲੀਅਮਸ ਨੇ ਡਬਲਿਊ.ਟੀ.ਏ. ਆਕਲੈਂਡ ਕਲਾਸਿਕ 'ਚ ਮੰਗਲਵਾਰ ਨੂੰ ਇੱਥੇ ਵਿਕਟੋਰੀਆ ਅਜ਼ਾਰੇਂਕਾ 'ਤੇ ਤਿੰਨ ਸੈੱਟ ਤੱਕ ਰੋਮਾਂਚਕ ਮੁਕਾਬਲੇ 'ਚ ਜਿੱਤ ਦਰਜ ਕਰਕੇ ਪੇਸ਼ੇਵਰ ਟੈਨਿਸ ਖਿਡਾਰਨ ਦੇ ਤੌਰ 'ਤੇ ਆਪਣੇ 25ਵੇਂ ਸਾਲ ਦਾ ਸ਼ਾਨਦਾਰ ਆਗਾਜ਼ ਕੀਤਾ। ਅਠੱਤੀ ਵਰ੍ਹਿਆਂ ਦੀ ਵੀਨਸ ਨੇ ਆਪਣੇ ਤੋਂ 9 ਸਾਲ ਛੋਟੀ ਅਜ਼ਾਰੇਂਕਾ ਨੂੰ ਦੋ ਘੰਟੇ ਦਸ ਮਿੰਟ ਤਕ ਚਲੇ ਮੈਰਾਥਨ ਮੁਕਾਬਲੇ 'ਚ 6-3, 1-6, 6-3 ਨਾਲ ਹਰਾਇਆ।
ਮੌਜੂਦਾ ਚੈਂਪੀਅਨ ਜੂਲੀਆ ਗਾਰਗੇਸ ਨੇ ਆਪਣੇ ਖਿਤਾਬ ਦੇ ਬਚਾਅ ਦੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਜਰਮਨੀ ਦੀ ਦੂਜਾ ਦਰਜਾ ਪ੍ਰਾਪਤ ਖਿਡਾਰਨ ਨੇ ਸਵੀਡਨ ਦੀ ਯੋਹਾਨਾ ਲਾਰਸਨ 'ਤੇ 6-0, 6-4 ਨਾਲ ਜਿੱਤ ਦਰਜ ਕੀਤੀ। ਚੈੱਕ ਗਣਰਾਜ ਦੀ ਪੰਜਵਾਂ ਦਰਜਾ ਪ੍ਰਾਪਤ ਬਾਰਬੋਰਾ ਸਟ੍ਰੀਕੋਵਾ ਨੂੰ ਅਮਰੀਕਾ ਦੀ ਟਾਊਨਸੇਂਡ 'ਤੇ 6-2,6-7 (5/7), 6-3 ਨਾਲ ਜਿੱਤ ਦਰਜ ਕਰਨ ਲਈ ਤਿੰਨ ਸੈੱਟ ਤਕ ਜੂਝਣਾ ਪਿਆ। ਵਾਨ ਵਾਈਟਬੈਂਕ ਗਿੱਟੇ ਦੀ ਸੱਟ ਕਾਰਨ ਨੀਦਰਲੈਂਡ ਦੀ ਕੁਆਲੀਫਾਇਰ ਬਿਬਿਆਨੇ ਸਕੂਫਸ ਦੇ ਖਿਲਾਫ ਮੈਚ ਤੋਂ ਹੱਟ ਗਈ।