ਸਿੰਗਲਜ਼ ’ਚ ਲਗਾਤਾਰ 10ਵੀਂ ਹਾਰ ਦੇ ਬਾਵਜੂਦ ਫ੍ਰੈਂਚ ਓਪਨ ’ਚ ਖੇਡਣਾ ਚਾਹੁੰਦੀ ਹੈ ਵੀਨਸ
Thursday, Apr 23, 2026 - 10:33 AM (IST)
ਮੈਡ੍ਰਿਡ- ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰਨ ਵੀਨਸ ਵਿਲੀਅਮਸ ਮਹਿਲਾ ਸਿੰਗਲਜ਼ ’ਚ ਲਗਾਤਾਰ 10ਵਾਂ ਮੈਚ ਹਾਰਨ ਦੇ ਬਾਵਜੂਦ ਅਗਲੇ ਮਹੀਨੇ ਹੋਣ ਵਾਲੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ’ਚ ਖੇਡਣਾ ਚਾਹੁੰਦੀ ਹੈ। ਇਹ 45 ਸਾਲਾ ਖਿਡਾਰਨ ਮੈਡ੍ਰਿਡ ਓਪਨ ’ਚ ਸਪੇਨ ਦੀ 20 ਸਾਲਾ ਖਿਡਾਰਨ ਕੈਟਲਿਨ ਕਵੇਡੋ ਹੱਥੋਂ 6-2, 6-4 ਨਾਲ ਹਾਰ ਗਈ।
7 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਵੀਨਸ ਨੇ ਬਾਅਦ ’ਚ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਲੰਬੇ ਸਮੇਂ ਤੋਂ ਕਲੇਅ ਕੋਰਟ ’ਤੇ ਨਹੀਂ ਖੇਡੀ ਸੀ ਤੇ ਮੈਂ ਇਸ ’ਚ ਖੇਡਣ ਦਾ ਤਜਰਬਾ ਕਰਨਾ ਚਾਹੁੰਦੀ ਸੀ।’’
ਉਸ ਨੇ ਕਿਹਾ, ‘‘ਬਦਕਿਸਮਤੀ ਨਾਲ ਮੈਂ ਇਟਾਲੀਅਨ ਓਪਨ ’ਚ ਨਹੀਂ ਖੇਡ ਸਕਾਂਗੀ ਕਿਉਂਕਿ ਮੇਰੀਆਂ ਕੁਝ ਵਚਨਬੱਧਤਾਵਾਂ ਹਨ। ਮੇਰਾ ਪਤੀ ਇਟਾਲੀਅਨ ਹੈ, ਇਸ ਲਈ ਸਾਨੂੰ ਵੀ ਦੁੱਖ ਹੈ ਕਿ ਅਸੀਂ ਉੱਥੇ ਨਹੀਂ ਜਾ ਸਕਦੇ ਪਰ (ਫ੍ਰੈਂਚ ਓਪਨ ਦੀ ਤਿਆਰੀ ਲਈ) ਅਸੀਂ ਕਲੇਅ ਕੋਰਟ ’ਤੇ ਖੇਡਣਾ ਜਾਰੀ ਰੱਖਣਾ ਚਾਹਾਂਗੇ।’’
ਵੀਨਸ ਨੇ 5 ਸਾਲਾਂ ਤੋਂ ਮੈਡ੍ਰਿਡ ’ਚ ਕੋਈ ਮੈਚ ਨਹੀਂ ਖੇਡਿਆ ਸੀ। ਕਲੇਅ ਕੋਰਟ ’ਤੇ ਉਸ ਦਾ ਆਖਰੀ ਟੂਰਨਾਮੈਂਟ 2021 ਫ੍ਰੈਂਚ ਓਪਨ ਸੀ, ਜਿੱਥੇ ਉਹ ਆਪਣੇ ਪਹਿਲੇ ਮੈਚ ’ਚ ਹੀ ਏਕਾਤੇਰਿਨਾ ਅਲੈਗਜ਼ੈਂਡਰੋਵਾ ਹੱਥੋਂ ਹਾਰ ਗਈ ਸੀ। ਉਸ ਨੇ ਕਿਹਾ, ‘‘ਮੈਂ ਮਿਆਮੀ ਓਪਨ ਦੇ ਕੁਝ ਹਫਤਿਆਂ ਬਾਅਦ ਕਲੇਅ ਕੋਰਟ ’ਤੇ ਅਭਿਆਸ ਸ਼ੁਰੂ ਕਰ ਦਿੱਤਾ ਸੀ। ਮੈਂ ਕਈ ਸਾਲ ਤੋਂ ਕਲੇਅ ਕੋਰਟ ’ਤੇ ਨਹੀਂ ਖੇਡੀ ਹਾਂ ਪਰ ਮੈਨੂੰ ਕਲੇਅ ਕੋਰਟ ਪਸੰਦ ਹੈ, ਇਹ ਮਜ਼ੇਦਾਰ ਹੈ।’’
