ਜੋਕੋਵਿਚ ਸੱਟ ਕਾਰਨ ਮੈਡ੍ਰਿਡ ਓਪਨ ਤੋਂ ਹਟਿਆ
Saturday, Apr 18, 2026 - 11:22 AM (IST)
ਮੈਡ੍ਰਿਡ- ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਨੋਵਾਕ ਜੋਕੋਵਿਚ ਨੇ ਲੰਬੇ ਸਮੇਂ ਤੋਂ ਚਲੀ ਆ ਰਹੀ ਸੱਟ ਕਾਰਨ ਮੈਡ੍ਰਿਡ ਓਪਨ ਤੋਂ ਨਾਂ ਵਾਪਸ ਲੈ ਲਿਆ ਹੈ। ਜੋਕੋਵਿਚ ਨੇ ਇੰਡੀਅਨ ਵੇਲਸ ’ਚ ਆਯੋਜਿਤ ਬੀ. ਐੱਨ. ਪੀ. ਪਰੀਬਸ ਓਪਨ ਤੋਂ ਬਾਅਦ ਕੋਈ ਪ੍ਰਤੀਯੋਗਿਤਾ ਨਹੀਂ ਖੇਡੀ ਹੈ। ਉਹ ਸੱਜੇ ਮੋਢੇ ਦੀ ਸੱਟ ਕਾਰਨ ਮਿਆਮੀ ਓਪਨ ਤੋਂ ਬਾਹਰ ਰਿਹਾ ਸੀ ਅਤੇ ਮੋਂਟੇ ਕਾਰਲੋ ਮਾਸਟਰਜ਼ ’ਚ ਵੀ ਹਿੱਸਾ ਨਹੀਂ ਲਿਆ।
ਜੋਕੋਵਿਚ ਨੇ ਸ਼ੁੱਕਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਿਖਿਆ, ‘‘ਬਦਕਿਸਮਤੀ ਨਾਲ, ਮੈਂ ਇਸ ਸਾਲ ਮੈਡ੍ਰਿਡ ਓਪਨ ’ਚ ਹਿੱਸਾ ਨਹੀਂ ਲੈ ਸਕਾਂਗਾ। ਮੈਂ ਜਲਦ ਵਾਪਸੀ ਲਈ ਆਪਣੀ ਰਿਕਵਰੀ ਜਾਰੀ ਰੱਖ ਰਿਹਾ ਹਾਂ। ਹਸਤਾ ਪ੍ਰੋਂਤੋ (ਜਲਦ ਹੀ ਫਿਰ ਮਿਲਾਂਗੇ)।’’
ਜੋਕੋਵਿਚ ਮੈਡ੍ਰਿਡ ’ਚ 3 ਵਾਰ ਦਾ ਚੈਂਪੀਅਨ ਰਹਿ ਚੁੱਕਾ ਹੈ। ਟੂਰਨਾਮੈਂਟ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ, ‘‘ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਜਲਦ ਹੀ ਇਥੇ ਵਾਪਸੀ ਕਰੋਗੇ, ਤਾਂ ਜੋ ਅਸੀਂ ਕਾਜਾ ਮਾਗਿਕਾ (ਮੈਡ੍ਰਿਡ ਓਪਨ ਦੀ ਮੇਜ਼ਬਾਨੀ ਕਰਨ ਵਾਲੇ ਸਟੇਡੀਅਮ) ’ਚ ਇਕ ਵਾਰ ਫਿਰ ਤੁਹਾਡੀ ਖੇਡ ਦਾ ਆਨੰਦ ਲੈ ਸਕੀਏ। ਜਿਵੇਂ ਕਿ ਅਸੀਂ ਪਹਿਲਾਂ ਕਈ ਵਾਰ ਕੀਤਾ ਹੈ।’’
