ਵੇਦਾ ਕ੍ਰਿਸ਼ਨਾਮੂਰਤੀ ਨੇ ਸਮਰਥਨ ਲਈ BCCI ਅਤੇ ਜੈ ਸ਼ਾਹ ਦਾ ਕੀਤਾ ਧੰਨਵਾਦ

Tuesday, May 18, 2021 - 06:30 PM (IST)

ਵੇਦਾ ਕ੍ਰਿਸ਼ਨਾਮੂਰਤੀ ਨੇ ਸਮਰਥਨ ਲਈ BCCI ਅਤੇ ਜੈ ਸ਼ਾਹ ਦਾ ਕੀਤਾ ਧੰਨਵਾਦ

ਸਪੋਰਟਸ ਡੈਸਕ : ਵੇਦਾ ਕ੍ਰਿਸ਼ਨਾਮੂਰਤੀ ਨੇ ਆਪਣੀ ਮਾਂ ਤੇ ਭੈਣ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਸਾਥ ਦੇਣ ਲਈ ਮੰਗਲਵਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੇ ਉਸ ਦੇ ਸਕੱਤਰ ਜੈ ਸ਼ਾਹ ਦਾ ਧੰਨਵਾਦ ਕੀਤਾ। ਇਸ ਤੋਂ ਕੁਝ ਦਿਨ ਪਹਿਲਾਂ ਆਸਟਰੇਲੀਆ ਦੀ ਸਾਬਕਾ ਕਪਤਾਨ ਲਿਸਾ ਸਥਾਲੇਕਰ ਨੇ ਵੇਦਾ ਨਾਲ ਸੰਪਰਕ ਕਰਨ ਲਈ ਬੀ. ਸੀ. ਸੀ. ਆਈ. ਦੀ ਆਲੋਚਨਾ ਕੀਤੀ ਸੀ । ਇਸੇ ਮਹੀਨੇ ਮਿਡਲ ਆਰਡਰ ਦੀ ਇਸ ਬੱਲੇਬਾਜ਼ ਦੀ ਭੈਣ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ, ਜਦਕਿ ਉਸ ਤੋਂ 2 ਹਫ਼ਤੇ ਪਹਿਲਾਂ ਪਿਛਲੇ ਮਹੀਨੇ ਉਨ੍ਹਾਂ ਨੇ ਆਪਣੀ ਮਾਂ ਨੂੰ ਇਸ ਜਾਨਲੇਵਾ ਵਾਇਰਸ ਕਾਰਨ ਗੁਆ ਦਿੱਤਾ ਸੀ। ਵੇਦਾ ਨੇ ਇਸ ਮੁਸ਼ਕਿਲ ਸਮੇਂ ’ਚ ਉਨ੍ਹਾਂ ਦਾ ਸਾਥ ਦੇਣ ਲਈ ਟਵਿਟਰ ਰਾਹੀਂ ਬੀ. ਸੀ. ਸੀ. ਆਈ. ਦਾ ਧੰਨਵਾਦ ਕੀਤਾ। ਵੇਦਾ ਨੇ ਟਵੀਟ ਕੀਤਾ, ‘‘ਪਿਛਲਾ ਮਹੀਨਾ ਮੇਰੇ ਤੇ ਮੇਰੇ ਪਰਿਵਾਰ ਲਈ ਬਹੁਤ ਮੁਸ਼ਕਿਲ ਰਿਹਾ। ਮੈਂ ਕੁਝ ਦਿਨ ਪਹਿਲਾਂ ਮੇਰੇ ਸੰਪਰਕ ਕਰਨ ਲਈ ਬੀ. ਸੀ. ਸੀ. ਆਈ. ਤੇ ਜੈ ਸ਼ਾਹ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਉਨ੍ਹਾਂ ਨੇ ਇਸ ਮੁਸ਼ਕਿਲ ਸਮੇਂ ’ਚ ਮੇਰਾ ਸਾਥ ਦਿੱਤਾ। ਤੁਹਾਡੇ ਬਹੁਤ-ਬਹੁਤ ਧੰਨਵਾਦ।’’

ਬੋਰਡ ਨੇ ਅਗਲੇ ਮਹੀਨੇ ਹੋਣ ਵਾਲੇ ਬ੍ਰਿਟੇਨ ਦੌਰੇ ਲਈ ਪਿਛਲੇ ਹਫਤੇ ਭਾਰਤੀ ਟੈਸਟ ਤੇ ਇਕ ਦਿਨਾ ਅੰਤਰਰਾਸ਼ਟਰੀ ਟੀਮ ਐਲਾਨੀ ਸੀ ਤੇ ਉਮੀਦ ਮੁਤਾਬਕ ਵੇਦਾ ਨੂੰ ਉਸ ’ਚ ਥਾਂ ਨਹੀਂ ਮਿਲੀ ਸੀ। ਆਸਟਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਲਿਸਾ ਨੇ ਹਾਲਾਂਕਿ ਦਾਅਵਾ ਕੀਤਾ ਸੀ ਕਿ ਬੀ. ਸੀ. ਸੀ. ਆਈ. ਨੇ ਨਾ ਤਾਂ ਵੇਦਾ ਹਾਲ ਪੁੱਛਿਆ ਤੇ ਨਾ ਹੀ ਇਸ ਭਾਰਤੀ ਕ੍ਰਿਕਟਰ ਨੂੰ ਇੰਗਲੈਂਡ ਦੇ ਆਗਾਮੀ ਦੌਰੇ ’ਤੇ ਉਨ੍ਹਾਂ ਦੇ ਨਾਂ ’ਤੇ ਵਿਚਾਰ ਨਾ ਕਰਨ ਬਾਰੇ ਦੱਸਿਆ। ਲਿਸਾ ਨੇ ਕਿਹਾ ਸੀ ਕਿ ਆਗਾਮੀ ਸੀਰੀਜ਼ ਲਈ ਵੇਦਾ ਦੀ ਚੋਣ ਨਾ ਕਰਨਾ ਸ਼ਾਇਦ ਉਨ੍ਹਾਂ ਦੇ ਨਜ਼ਰੀਏ ਤੋਂ ਸਹੀ ਹੋਵੇ, ਮੈਂ ਸਭ ਤੋਂ ਜ਼ਿਆਦਾ ਇਸ ਗੱਲ ’ਤੇ ਨਾਰਾਜ਼ ਹਾਂ ਕਿ ਕਰਾਰਸ਼ੁਦਾ ਖਿਡਾਰੀ ਹੋਣ ਦੇ ਬਾਵਜੂਦ ਉਸ ਨੂੰ ਬੀ. ਸੀ. ਸੀ. ਆਈ. ਤੋਂ ਕੋਈ ਜਾਣਕਾਰੀ ਨਹੀਂ ਮਿਲੀ। ਇਹ ਵੀ ਨਹੀਂ ਪੁੱਛਿਆ ਗਿਆ ਕਿ ਉਹ ਇਸ ਨਾਲ ਕਿਵੇਂ ਨਜਿੱਠ ਰਹੀ ਹੈ। ਆਈ. ਸੀ. ਸੀ. ਹਾਲ ਆਫ ਫੇਮ ’ਚ ਸ਼ਾਮਿਲ ਇਸ ਖਿਡਾਰੀ ਨੇ ਕਿਹਾ ਕਿ ਇਕ ਸੱਚਾ ਸੰਘ ਖੇਡ ਨੂੰ ਖੇਡਣ ਵਾਲੇ ਆਪਣੇ ਖਿਡਾਰੀਆਂ ਦੀ ਬਹੁਤ ਫਿਕਰ ਕਰਦਾ ਹੈ....ਕਿਸੇ ਵੀ ਕੀਮਤ ’ਤੇ ਸਿਰਫ ਖੇਡ ’ਤੇ ਧਿਆਨ ਨਹੀਂ ਦਿੰਦਾ। ਇਸ ਲਈ ਨਿਰਾਸ਼ ਹਾਂ।


author

Manoj

Content Editor

Related News