ਗਲੋਬਲ ਕੁਸ਼ਤੀ ਸੰਸਥਾ ਨੇ ਬਜਰੰਗ ਨੂੰ ਕੀਤਾ ਮੁਅੱਤਲ, ਡੋਪ ਟੈਸਟ ਤੋਂ ਇਨਕਾਰ ਕਰਨ 'ਤੇ ਹੋਈ ਕਾਰਵਾਈ
Thursday, May 09, 2024 - 09:31 PM (IST)
ਨਵੀਂ ਦਿੱਲੀ- ਕੁਸ਼ਤੀ ਦੀ ਗਲੋਬਲ ਗਵਰਨਿੰਗ ਬਾਡੀ ਯੂ. ਡਬਲਯੂ. ਡਬਲਯੂ. ਨੇ ਡੋਪ ਟੈਸਟ ਕਰਵਾਉਣ ਤੋਂ ਇਨਕਾਰ ਕਰਨ ’ਤੇ ਰਾਸ਼ਟਰੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਦੇ ਫੈਸਲੇ ਤੋਂ ਬਾਅਦ ਬਜਰੰਗ ਪੂਨੀਆ ਨੂੰ ਸਾਲ ਦੇ ਅੰਤ ਤੱਕ ਸਸਪੈਂਡ ਕਰ ਦਿੱਤਾ ਹੈ। ਹਾਲਾਂਕਿ ਇਸ ਹੈਰਾਨੀਜਨਕ ਫੈਸਲੇ ’ਚ ਨਾਡਾ ਦੇ ਫੈਸਲੇ ਤੋਂ ਜਾਣੂ ਹੋਣ ਦੇ ਬਾਵਜੂਦ ਭਾਰਤੀ ਖੇਡ ਅਥਾਰਟੀ (ਸਾਈ) ਨੇ ਬਜਰੰਗ ਦੀ ਵਿਦੇਸ਼ ’ਚ ਸਿਖਲਾਈ ਲਈ ਲਗਭਗ 9 ਲੱਖ ਰੁਪਏ ਦੀ ਰਕਮ ਮਨਜ਼ੂਰ ਕੀਤੀ।
ਦੇਸ਼ ਦੇ ਸਭ ਤੋਂ ਸਫਲ ਪਹਿਲਵਾਨਾਂ ’ਚੋਂ ਇਕ ਬਜਰੰਗ ਨੂੰ ਨਾਡਾ ਨੇ 23 ਅਪ੍ਰੈਲ ਨੂੰ ਮੁਅੱਤਲ ਕਰ ਦਿੱਤਾ ਸੀ। ਉਨ੍ਹਾਂ ਨੂੰ ਪਹਿਲਾਂ 18 ਅਪ੍ਰੈਲ ਨੂੰ ਰਹਿਣ ਦੇ ਨਿਯਮਾਂ ਦੀ ਉਲੰਘਣਾ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਬਜਰੰਗ ਨੇ ਆਪਣੇ ਬਚਾਅ ’ਚ ਕਿਹਾ ਸੀ ਕਿ ਉਸ ਨੇ ਟੈਸਟ ਲਈ ਸੈਂਪਲ ਦੇਣ ਤੋਂ ਕਦੇ ਨਾਂਹ ਨਹੀਂ ਕੀਤੀ ਪਰ ਸਿਰਫ ਡੋਪ ਕੰਟਰੋਲ ਅਫਸਰ ਨੂੰ ਸੈਂਪਲ ਲੈਣ ਲਈ ਲਿਆਂਦੀ ਗਈ ‘ਐਕਸਪਾਇਰਡ ਕਿੱਟ’ ਬਾਰੇ ਵਿਸਥਾਰ ਨਾਲ ਦੱਸਣ ਲਈ ਕਿਹਾ ਸੀ। ਬਜਰੰਗ ਨੇ ਦੱਸਿਆ ਕਿ ਉਸ ਨੂੰ ਮੁਅੱਤਲੀ ਬਾਰੇ ਯੂ. ਡਬਲਯੂ. ਡਬਲਯੂ. ਤੋਂ ਕੋਈ ਸੂਚਨਾ ਨਹੀਂ ਮਿਲੀ ਹੈ ਪਰ ਗਲੋਬਲ ਗਵਰਨਿੰਗ ਬਾਡੀ ਨੇ ਆਪਣੀ ਅੰਦਰੂਨੀ ਪ੍ਰਣਾਲੀ ਨੂੰ ਅਪਡੇਟ ਕਰਦੇ ਹੋਏ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਉਹ ਮੁਅੱਤਲ ਹੈ।
ਬਜਰੰਗ ਦੇ ਨਵੇਂ ਪਰਿਚੈ ਅਨੁਸਾਰ,‘ਉਕਤ ਕਾਰਨ ਕਰ ਕੇ 31 ਦਸੰਬਰ 2024 ਤੱਕ ਮੁਅੱਤਲ ਕੀਤਾ ਗਿਆ ਹੈ,‘ਕਥਿਤ ਏ. ਡੀ. ਆਰ. ਵੀ. (ਐਂਟੀ-ਡੋਪਿੰਗ ਨਿਯਮ ਦੀ ਉਲੰਘਣਾ) ਲਈ ਨਾਡਾ ਭਾਰਤ ਵਲੋਂ ਅਸਥਾਈ ਤੌਰ ’ਤੇ ਮੁਅੱਤਲ।’
ਮਜ਼ੇਦਾਰ ਗੱਲ ਇਹ ਹੈ ਕਿ ਮਿਸ਼ਨ ਓਲੰਪਿਕ ਸੈੱਲ (ਐੱਮ. ਓ. ਸੀ.) ਨੂੰ 25 ਅਪ੍ਰੈਲ ਨੂੰ ਉਸ ਦੀ ਮੀਟਿੰਗ ’ਚ ਸੂਚਿਤ ਕੀਤਾ ਗਿਆ ਸੀ ਕਿ ਬਜਰੰਗ ਨੂੰ ਰੂਸ ਦੇ ਦਾਗੇਸਤਾਨ ’ਚ 28 ਮਈ ਤੋਂ ਸਿਖਲਾਈ ਦੇਣ ਦੇ ਪ੍ਰਸਤਾਵ ਲਈ ਉਡਾਣ ਦੇ ਕਿਰਾਏ (ਅਸਲ) ਤੋਂ ਇਲਾਵਾ 8 ਲੱਖ 82 ਹਜ਼ਾਰ ਰੁਪਏ ਮਨਜ਼ੂਰ ਕੀਤੇ ਗਏ ਹਨ। ਐੱਮ. ਓ. ਸੀ. ਦੀ ਮੀਟਿੰਗ ਦੀ ਜਾਣਕਾਰੀ ਅਨੁਸਾਰ ਬਜਰੰਗ ਦਾ ਸ਼ੁਰੂਆਤੀ ਪ੍ਰਸਤਾਵ 24 ਅਪ੍ਰੈਲ ਤੋਂ 35 ਦਿਨਾਂ ਦੀ ਸਿਖਲਾਈ ਲਈ ਸੀ ਪਰ ਰਿਹਾਇਸ਼ ਦੇ ਨਿਯਮ ’ਚ ਅਸਫਲਤਾ ਕਾਰਨ ਵਿਵਾਦਪੂਰਨ ਯਾਤਰਾ ਦੀਆਂ ਤਰੀਕਾਂ ਨੂੰ ਦੇਖਦੇ ਹੋਏ ਉਸ ਨੇ ਆਪਣੀ ਯਾਤਰਾ 24 ਅਪ੍ਰੈਲ, 2024 ਤੋਂ 28 ਮਈ, 2024 ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ। ਪ੍ਰਸਤਾਵ ’ਚ ਉਸ ਦੇ ਕੋਚ ਕਾਜ਼ੀ ਕਿਰਨ ਮੁਸਤਫਾ ਹਸਨ ਅਤੇ ਉਸਦੇ ਸਿਖਲਾਈ ਸਾਥੀ ਜਿਤੇਂਦਰ ਦੀ ਯਾਤਰਾ ਵੀ ਸ਼ਾਮਲ ਸੀ। ਸਾਈ ਦੇ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ ਅਤੇ ਟਾਪਸ (ਟਾਰਗੇਟ ਓਲੰਪਿਕ ਪੋਡੀਅਮ ਸਕੀਮ) ਦੇ ਸੀ. ਈ. ਓ. ਕਰਨਲ ਰਾਕੇਸ਼ ਯਾਦਵ ਨੇ ਉਨ੍ਹਾਂ ਦੀ ਸਿਖਲਾਈ ਨੂੰ ਮਨਜ਼ੂਰੀ ਦੇਣ ਦੇ ਫੈਸਲੇ ਬਾਰੇ ਕੋਈ ਜਵਾਬ ਨਹੀਂ ਦਿੱਤਾ।
ਬਜਰੰਗ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਪ੍ਰਸਤਾਵ ਨੂੰ ਮਨਜ਼ੂਰੀ ਲਈ ਸਾਈ ਨੂੰ ਭੇਜਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਵਕੀਲ ਨਾਡਾ ਨੂੰ ਜਵਾਬ ਦੇਵੇਗਾ। ਉਸ ਨੇ ਕਿਹਾ,“ਮੈਂ ਹੈਰਾਨ ਹਾਂ ਕਿ ਸਾਈ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੈਂ ਅਸਲ ’ਚ ਆਪਣੀ ਯੋਜਨਾ ਰੱਦ ਕਰ ਦਿੱਤੀ ਹੈ। ਹੁਣ ਮੈਂ ਟ੍ਰੇਨਿੰਗ ਲਈ ਕਿਤੇ ਨਹੀਂ ਜਾ ਰਿਹਾ। ਇਸੇ ਐੱਮ. ਓ. ਸੀ. ਮੀਟਿੰਗ ’ਚ ਔਰਤਾਂ ਦੇ 57 ਕਿਲੋ ਵਰਗ ’ਚ ਚੁਣੌਤੀ ਦੇਣ ਵਾਲੀ ਸਰਿਤਾ ਮੋਰ ਨੂੰ 5 ਮਈ ਤੋਂ ਆਪਣੇ ਪਤੀ ਅਤੇ ਕੋਚ ਰਾਹੁਲ ਮਾਨ ਨਾਲ ਅਮਰੀਕਾ ’ਚ ਸਿਖਲਾਈ ਲਈ 5 ਲੱਖ 96 ਹਜ਼ਾਰ ਰੁਪਏ ਮਨਜ਼ੂਰ ਕੀਤੇ ਗਏ। ਔਰਤਾਂ ਦੇ 57 ਕਿਲੋਗ੍ਰਾਮ ਵਰਗ ’ਚ ਪੈਰਿਸ ਓਲੰਪਿਕ ਕੋਟਾ ਜਿੱਤਣ ਵਾਲੀ ਅੰਸ਼ੂ ਮਲਿਕ ਨੂੰ ਜਾਪਾਨ ’ਚ ਆਪਣੇ ਪਿਤਾ ਅਤੇ ਕੋਚ ਧਰਮਵੀਰ ਮਲਿਕ ਨਾਲ ਸਿਖਲਾਈ ਦੇਣ ਲਈ 14 ਲੱਖ 67 ਹਜ਼ਾਰ ਰੁਪਏ ਮਨਜ਼ੂਰ ਕੀਤੇ ਗਏ। ਜੇਕਰ ਭਾਰਤੀ ਕੁਸ਼ਤੀ ਮਹਾਸੰਘ ਅੰਤਿਮ ਚੋਣ ਮੁਕਾਬਲਾ ਆਯੋਜਿਤ ਕਰਨ ਦਾ ਫੈਸਲਾ ਕਰਦਾ ਹੈ ਤਾਂ ਸਰਿਤਾ ਨੂੰ ਕੋਟਾ ਜੇਤੂ ਅੰਸ਼ੂ ਨੂੰ ਚੁਣੌਤੀ ਦੇਣ ਲਈ ਟਰਾਇਲ ਜਿੱਤਣਾ ਪਵੇਗਾ।